ਚਿਕਨ ਕਾਰਨਰ ਦੇ ਬਾਹਰ ਨਾਜਾਇਜ਼ ਪਾਰਕਿੰਗ ਤੇ ਜਾਮ ਤੋਂ ਜਨਤਾ ਪਰੇਸ਼ਾਨ ਨੀਟਾ ਚਿਕਨ ਕਾਰਨਰ ਦੇ ਬਾਹਰ ਨਾਜਾਇਜ਼ ਪਾਰਕਿੰਗ ਅਤੇ ਜਾਮ ਤੋਂ ਜਨਤਾ ਪਰੇਸ਼ਾਨ
Publish Date: Wed, 25 Nov 2026 08:57 PM (IST)
Updated Date: Thu, 26 Nov 2026 04:11 AM (IST)
ਕੈਪਸ਼ਨ-25ਪੀਐਚਜੀ18 ਚਿਕਨ ਕਾਰਨ ਨਜਦੀਕ ਲਗੇ ਜਾਮ ਦੀ ਤਸਵੀਰ। ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਜਲੰਧਰ-ਲੁਧਿਆਣਾ ਹਾਈਵੇ ਨਾਲ ਲੱਗਦੀ ਗੁਰੂ ਹਰਗੋਬਿੰਦ ਨਗਰ ਦੀ ਲਿੰਕ ਸੜਕ ਤੇ ਸਥਿਤ ਚਿਕਨ ਕਾਰਨਰ ਦੇ ਬਾਹਰ ਸ਼ਾਮ ਢਲਦਿਆਂ ਹੀ ਲੱਗਣ ਵਾਲੇ ਭਾਰੀ ਟ੍ਰੈਫਿਕ ਜਾਮ ਨੇ ਆਮ ਲੋਕਾਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ। ਸੜਕ ਤੇ ਬੇਤਰਤੀਬ ਖੜ੍ਹੀਆਂ ਗੱਡੀਆਂ ਤੇ ਦੇਰ ਸ਼ਾਮ ਤੱਕ ਚੱਲਣ ਵਾਲੀਆਂ ਕਥਿਤ ਮਹਿਫਲਾਂ ਕਾਰਨ ਰੋਜ਼ਾਨਾ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਸਥਾਨਕ ਪ੍ਰਸ਼ਾਸਨ ਤੇ ਟ੍ਰੈਫਿਕ ਪੁਲਿਸ ਸਭ ਕੁਝ ਜਾਣਦੇ ਹੋਏ ਵੀ ਅਣਜਾਣ ਬਣੀ ਹੋਈ ਹੈ। ਸੜਕ ਨੂੰ ਹੀ ਬਣਾ ਦਿੱਤਾ ਅਸਥਾਈ ਅੱਡਾ ਅਤੇ ਪਾਰਕਿੰਗ ਸ਼ਾਮ ਹੁੰਦਿਆਂ ਹੀ ਇਸ ਲਿੰਕ ਸੜਕ ਤੇ ਸੈਂਕੜਿਆਂ ਦੀ ਗਿਣਤੀ ’ਚ ਗੱਡੀਆਂ ਸੜਕ ਦੇ ਵਿਚਕਾਰ ਖੜ੍ਹੀਆਂ ਕਰ ਦਿੱਤੀਆਂ ਜਾਂਦੀਆਂ ਹਨ। ਸਥਾਨਕ ਲੋਕਾਂ ਤੇ ਰਾਹਗੀਰਾਂ ਦਾ ਦੋਸ਼ ਹੈ ਕਿ ਇੱਥੇ ਦੁਕਾਨ ਦੇ ਬਾਹਰ ਖੜ੍ਹੀਆਂ ਗੱਡੀਆਂ ’ਚ ਬੈਠ ਕੇ ਲੋਕ ਦੇਰ ਰਾਤ ਤੱਕ ਮਹਿਫਲਾਂ ਸਜਾਉਂਦੇ ਹਨ ਅਤੇ ਉਨ੍ਹਾਂ ਨੂੰ ਗੱਡੀਆਂ ਦੇ ਅੰਦਰ ਹੀ ਖਾਣ-ਪੀਣ ਦਾ ਸਾਮਾਨ ਮੁਹੱਈਆ ਕਰਵਾਇਆ ਜਾਂਦਾ ਹੈ। ਸੜਕ ’ਤੇ ਇਸ ਤਰ੍ਹਾਂ ਦੀ ਨਾਜਾਇਜ਼ ਪਾਰਕਿੰਗ ਅਤੇ ਸ਼ੱਕੀ ਗਤੀਵਿਧੀਆਂ ਕਾਰਨ ਰਸਤਾ ਬੇਹੱਦ ਤੰਗ ਹੋ ਜਾਂਦਾ ਹੈ, ਜਿਸ ਨਾਲ ਦੋਪਹੀਆ ਵਾਹਨਾਂ ਤੇ ਕਾਰਾਂ ਦੀਆਂ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ। ਪਹਿਲਾਂ ਵੀ ਉੱਠ ਚੁੱਕਾ ਹੈ ਮੁੱਦਾ, ਪਰ ਕਾਰਵਾਈ ਜ਼ੀਰੋ ਜ਼ਿਕਰਯੋਗ ਹੈ ਕਿ ਇਸ ਲਿੰਕ ਸੜਕ ਤੇ ਨਾਜਾਇਜ਼ ਕਬਜ਼ਿਆਂ, ਗਲਤ ਪਾਰਕਿੰਗ ਅਤੇ ਨਿਯਮਾਂ ਦੀ ਉਲੰਘਣਾ ਨੂੰ ਲੈ ਕੇ ਪਹਿਲਾਂ ਵੀ ਖ਼ਬਰਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਅਤੇ ਆਰਟੀਆਈ ਰਾਹੀਂ ਵੀ ਨਗਰ ਨਿਗਮ ਤੇ ਟ੍ਰੈਫਿਕ ਪੁਲਿਸ ਦੀ ਕਾਰਜਪ੍ਰਣਾਲੀ ਤੇ ਸਵਾਲ ਉਠਾਏ ਜਾ ਚੁੱਕੇ ਹਨ। ਇਸ ਦੇ ਬਾਵਜੂਦ ਨਾ ਤਾਂ ਨਗਰ ਨਿਗਮ ਨੇ ਸੜਕ ਤੋਂ ਨਾਜਾਇਜ਼ ਕਬਜ਼ੇ ਹਟਵਾਏ ਹਨ ਅਤੇ ਨਾ ਹੀ ਟ੍ਰੈਫਿਕ ਪੁਲਿਸ ਨੇ ਸੜਕ ਘੇਰ ਕੇ ਖੜ੍ਹੇ ਹੋਣ ਵਾਲੇ ਵਾਹਨ ਚਾਲਕਾਂ ਖ਼ਿਲਾਫ਼ ਕੋਈ ਠੋਸ ਕਾਰਵਾਈ ਕੀਤੀ ਹੈ। ਰਾਹਗੀਰਾਂ ’ਚ ਪਾਇਆ ਜਾ ਰਿਹੈ ਰੋਸ ਇਲਾਕਾ ਵਾਸੀਆਂ ਤੇ ਰੋਜ਼ਾਨਾ ਇਸ ਰਸਤੇ ਤੋਂ ਲੰਘਣ ਵਾਲੇ ਰਾਹਗੀਰਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੀ ਇਸੇ ਲਾਪਰਵਾਹੀ ਕਾਰਨ ਸ਼ਾਮ ਵੇਲੇ ਇੱਥੋਂ ਨਿਕਲਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਆਪਣੀ ਕੁੰਭਕਰਨੀ ਨੀਂਦ ਤੋਂ ਜਾਗੇ ਅਤੇ ਇਸ ਲਿੰਕ ਸੜਕ ਨੂੰ ਨਾਜਾਇਜ਼ ਪਾਰਕਿੰਗ ਤੇ ਜਾਮ ਤੋਂ ਮੁਕਤ ਕਰਵਾ ਕੇ ਆਮ ਜਨਤਾ ਨੂੰ ਰਾਹਤ ਦੇਵੇ।