ਫਗਵਾੜਾ ਸਬ-ਡਵੀਜਨ ’ਚ ਅਣਐਲਾਨੇ ਬਿਜਲੀ ਕੱਟਾਂ ਨੂੰ ਲੈ ਕੇ ਜਨਤਾ ਪਰੇਸ਼ਾਨ : ਚੰਦੀ, ਖੁਰਾਣਾ ਫਗਵਾੜਾ ਸਬ-ਡਵੀਜਨ ’ਚ ਅਣਐਲਾਨੇ ਬਿਜਲੀ ਕੱਟਾਂ ਨੂੰ ਲੈ ਕੇ ਜਨਤਾ ਹੋ ਰਹੀ ਪਰੇਸ਼ਾਨ -ਚੰਦੀ,ਖੁਰਾਣਾ
Publish Date: Wed, 02 Sep 2026 08:42 PM (IST)
Updated Date: Thu, 03 Sep 2026 04:04 AM (IST)
ਕੈਪਸ਼ਨ-02ਪੀਐਚਜੀ16,02ਪੀਐਚਜੀ17 ਫਗਵਾੜਾ ਵਿਖੇ ਬਿਜਲੀ ਕੱਟਾਂ ਦੇ ਵਿਰੋਧ ਵਿੱਚ ਐਕਸ.ਈ.ਐਨ. ਹਰਦੀਪ ਕੁਮਾਰ ਨੂੰ ਮੰਗ ਪੱਤਰ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਆਗੂ, ਵਰਕਰ ਅਤੇ ਸਮਰਥਕ। * ਇਲਾਕਾ ਵਾਸੀਆਂ ਤੇ ਅਕਾਲੀ ਆਗੂਆਂ ਵੱਲੋਂ ਐੱਸਡੀਐੱਮ ਫਗਵਾੜਾ ਤੇ ਪਾਵਰਕਾਮ ਦੇ ਐਕਸੀਅਨ ਹਰਦੀਪ ਕੁਮਾਰ ਨੂੰ ਮੰਗ ਪੱਤਰ ਸੌਂਪਿਆ ਵਿਜੇ ਸੋਨੀ, ਪੰਜਾਬੀ ਜਾਗਰਣ ਫਗਵਾੜਾ : ਸ਼੍ਰੋਮਣੀ ਅਕਾਲੀ ਦਲ ਫਗਵਾੜਾ ਵੱਲੋਂ ਦਿਹਾਤੀ ਹਲਕਾ ਇੰਚਾਰਜ ਸਰਦਾਰ ਰਜਿੰਦਰ ਸਿੰਘ ਚੰਦੀ ਤੇ ਸ਼ਹਿਰੀ ਹਲਕਾ ਇੰਚਾਰਜ ਸਰਦਾਰ ਰਣਜੀਤ ਸਿੰਘ ਖੁਰਾਣਾ ਦੀ ਅਗਵਾਈ ਹੇਠ ਫਗਵਾੜਾ ਸਬ-ਡਵੀਜਨ ਦੇ ਪਿੰਡਾਂ ਅਤੇ ਸ਼ਹਿਰੀ ਇਲਾਕਿਆਂ ਵਿੱਚ ਲੱਗ ਰਹੇ ਅਣਐਲਾਨੇ ਘਰੇਲੂ ਬਿਜਲੀ ਕੱਟਾਂ ਅਤੇ ਕਿਸਾਨਾਂ ਨੂੰ 8 ਘੰਟੇ ਬਿਜਲੀ ਸਪਲਾਈ ਨਾ ਮਿਲਣ ਦੇ ਮਾਮਲੇ ਨੂੰ ਲੈ ਕੇ ਰੋਸ ਪ੍ਰਗਟਾਇਆ ਗਿਆ। ਇਸ ਮੌਕੇ ਇਲਾਕਾ ਨਿਵਾਸੀਆਂ ਅਤੇ ਅਕਾਲੀ ਆਗੂਆਂ ਵੱਲੋਂ ਐਸ.ਡੀ.ਐਮ. ਫਗਵਾੜਾ ਅਤੇ ਪਾਵਰਕਾਮ ਦੇ ਐਕਸ.ਈ.ਐਨ. ਹਰਦੀਪ ਕੁਮਾਰ ਨੂੰ ਮੰਗ ਪੱਤਰ ਦਿੰਦਿਆਂ ਬਿਜਲੀ ਸਪਲਾਈ ਵਿੱਚ ਸੁਧਾਰ ਕਰਨ ਦੀ ਮੰਗ ਕੀਤੀ ਗਈ। ਇਸ ਤੋਂ ਪਹਿਲਾਂ ਅਕਾਲੀ ਆਗੂਆਂ ਨੇ ਗੁਰਦੁਆਰਾ ਸੁਖਚੈਨਆਣਾ ਸਾਹਿਬ ਵਿਖੇ ਮੀਟਿੰਗ ਕਰਕੇ ਅਣਐਲਾਨੇ ਬਿਜਲੀ ਕੱਟਾਂ ਪ੍ਰਤੀ ਡੂੰਘੇ ਰੋਸ ਦਾ ਪ੍ਰਗਟਾਵਾ ਕੀਤਾ। ਦਿਹਾਤੀ ਹਲਕਾ ਇੰਚਾਰਜ ਰਾਜਿੰਦਰ ਸਿੰਘ ਚੰਦੀ ਨੇ ਕਿਹਾ ਕਿ ਕਿਸਾਨਾਂ ਦੀ ਮੁੱਖ ਫਸਲ ਝੋਨਾ ਹੈ ਅਤੇ ਇਸ ਸਮੇਂ ਫਸਲ ਨਿਸਰ ਰਹੀ ਹੈ ਅਤੇ ਝੋਨੋ ਨੂੰ ਪਾਣੀ ਦੀ ਸਖ਼ਤ ਜ਼ਰੂਰਤ ਹੈ। ਪਰ ਪਿਛਲੇ ਕੁਝ ਦਿਨਾਂ ਤੋਂ ਇਲਾਕੇ ਦੇ ਕਿਸਾਨਾਂ ਨੂੰ ਪ੍ਰਤੀ ਦਿਨ ਨਾਮਾਤਰ 3 ਤੋਂ 4 ਘੰਟੇ ਹੀ ਬਿਜਲੀ ਸਪਲਾਈ ਮਿਲ ਰਹੀ ਹੈ। ਇਸ ਕਾਰਨ ਕਿਸਾਨਾਂ ਵੱਲੋਂ ਪੁੱਤਰਾਂ ਵਾਂਗ ਪਾਲੀ ਫਸਲ ਸੁੱਕਣ ਦੀ ਕਗਾਰ ’ਤੇ ਹੈ ਅਤੇ ਫਸਲ ਦੇ ਝਾੜ ਵਿੱਚ ਕਮੀ ਆਉਣ ਦਾ ਖਦਸ਼ਾ ਬਣਿਆ ਹੋਇਆ ਹੈ।ਹਲਕਾ ਇੰਚਾਰਜ ਰਣਜੀਤ ਸਿੰਘ ਖੁਰਾਣਾ (ਕੋਰ ਕਮੇਟੀ ਮੈਂਬਰ ਇੰਡਸਟਰੀ ਅਤੇ ਵਪਾਰ ਵਿੰਗ, ਪੰਜਾਬ) ਨੇ ਕਿਹਾ ਕਿ ਬਿਜਲੀ ਦੇ ਅਣ-ਐਲਾਨੇ ਕੱਟਾਂ ਨਾਲ ਇੰਡਸਟਰੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਅਤੇ ਲੋਡ ਘੱਟ-ਵੱਧ ਹੋਣ ਤੇ ਵਾਰ-ਵਾਰ ਸਪਲਾਈ ਠੱਪ ਹੋਣ ਨਾਲ ਬਿਜਲੀ ਦੇ ਉਪਕਰਣ ਖਰਾਬ ਹੋਣ ਦਾ ਹਰ ਸਮੇਂ ਖਤਰਾ ਬਣਿਆ ਰਹਿੰਦਾ ਹੈ। ਮੀਟਿੰਗ ਉਪਰੰਤ ਅਕਾਲੀ ਆਗੂ ਬੰਗਾ ਰੋਡ ਸਥਿਤ ਐਕਸ.ਈ.ਐਨ. ਦਫਤਰ ਪੁੱਜੇ ਅਤੇ ਪੰਜਾਬ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜੀ ਕਰਦਿਆਂ ਐਕਸ.ਈ.ਐਨ. ਹਰਦੀਪ ਕੁਮਾਰ ਨੂੰ ਮੰਗ ਪੱਤਰ ਦਿੱਤਾ। ਇਸੇ ਤਰ੍ਹਾਂ ਤਹਿਸੀਲ ਫਗਵਾੜਾ ਵਿਖੇ ਐਸ.ਡੀ.ਐਮ. ਡਾ. ਨਵਜੋਤ ਸ਼ਰਮਾ ਦੇ ਨਾਮ ਵੀ ਇੱਕ ਮੰਗ ਪੱਤਰ ਦਿੱਤਾ ਗਿਆ। ਅਕਾਲੀ ਆਗੂਆਂ ਤੋਂ ਇਲਾਵਾ ਆਮ ਲੋਕਾਂ ਵਲੋਂ ਵੀ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਕਾਰਗੁਜ਼ਾਰੀ ਪ੍ਰਤੀ ਰੋਸ ਪ੍ਰਗਟਾਇਆ ਗਿਆ। ਬੁਲਾਰਿਆਂ ਨੇ ਕਿਹਾ ਕਿ ਪਹਿਲਾਂ ਹੀ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਇੰਡਸਟਰੀ ਅਤੇ ਕਿਸਾਨਾਂ ਨੂੰ ਜੇਕਰ ਨੁਕਸਾਨ ਹੁੰਦਾ ਹੈ ਤਾਂ ਉਨ੍ਹਾਂ ’ਤੇ ਹੋਰ ਆਰਥਿਕ ਬੋਝ ਪਵੇਗਾ। ਇਸ ਲਈ ਜਿੱਥੇ ਬਿਜਲੀ ਦੇ ਅਣ-ਐਲਾਨੇ ਕੱਟ ਬੰਦ ਕੀਤੇ ਜਾਣ ਉੱਥੇ ਹੀ ਕਿਸਾਨਾਂ ਨੂੰ ਨਿਰਵਿਘਨ ਅਤੇ ਨਿਰਧਾਰਤ 8 ਘੰਟੇ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਅੱਤ ਦੀ ਗਰਮੀ ਦੇ ਇਸ ਮੌਸਮ ਵਿੱਚ ਲੰਮੇ ਬਿਜਲੀ ਕੱਟਾਂ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਾਲ ਹੀ ਉਹਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਬਿਜਲੀ ਦੀ ਸਮੱਸਿਆ ਦਾ ਤੁਰੰਤ ਹੱਲ ਨਾ ਕੀਤਾ ਗਿਆ ਤਾਂ ਜੋਰਦਾਰ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਸਤਵਿੰਦਰ ਸਿੰਘ ਘੁੰਮਣ,ਗੁਰਦੀਪ ਸਿੰਘ ਖੇੜਾ,ਯੂਥ ਪ੍ਰਧਾਨ ਦਿਹਾਤੀ ਰਣਜੀਤ ਸਿੰਘ ਜੀਤੀ,ਸਤਪਾਲ ਸਿੰਘ ਕਿਸ਼ਨਪੁਰ,ਹਰਦੀਪ ਸਿੰਘ ਦੀਪਾ,ਜੋਗਾ ਸਿੰਘ,ਲਾਲ ਸਿੰਘ ਰਾਣੀ ਪੁਰ,ਸਤਨਾਮ ਸਿੰਘ ਰਾਣੀ ਪੁਰ,ਜਸਬੀਰ ਸਿੰਘ ਬਲਾਕ ਸੰਮਤੀ ਮੈਂਬਰ,ਹਰਵਿੰਦਰ ਸਿੰਘ ਵਾਲੀਆ, ਅਵਤਾਰ ਸਿੰਘ ਭੁੰਗਰਨੀ, ਸਾਬਕਾ ਕੌਂਸਲਰ ਸਰਬਜੀਤ ਕੌਰ, ਝਿਰਮਲ ਸਿੰਘ, ਕੁਲਵਿੰਦਰ ਸਿੰਘ ਕਿੰਦਾ ਸਾਬਕਾ ਕੌਂਸਲਰ, ਬਲਜਿੰਦਰ ਸਿੰਘ ਠੇਕੇਦਾਰ ਸਾਬਕਾ ਕੌਂਸਲਰ, ਸਰਬਜੀਤ ਸਿੰਘ ਕਾਕਾ, ਪਰਮਜੀਤ ਸਿੰਘ ਆਜਾਦ, ਸੁਖਦੀਪ ਸਿੰਘ ਵਾਲੀਆ, ਅਕਾਸ਼ਦੀਪ ਸਿੰਘ ਪਾਹਵਾ, ਅਵਤਾਰ ਸਿੰਘ ਮੰਗੀ, ਸਰੂਪ ਸਿੰਘ ਖਲਵਾੜਾ, ਬਹਾਦਰ ਸਿੰਘ ਸੰਗਤਪੁਰ, ਜਰਨੈਲ ਸਿੰਘ ਜੈਲਾ, ਗੁਰਦੀਪ ਸਿੰਘ, ਨਿਰਮਲ ਸਿੰਘ ਲੱਖਪੁਰ, ਸੁਰਿੰਦਰ ਸਿੰਘ ਜੇ.ਈ., ਬਲਦੇਵ ਸਿੰਘ ਬਬੇਲੀ, ਕੁੰਦਨ ਸਿੰਘ ਬਬੇਲੀ, ਗਿਆਨ ਸਿੰਘ ਦੁੱਗ, ਨਿਰਵੈਰ ਸਿੰਘ ਸੰਨੀ ਵਾਹਦ, ਅਮਰਜੀਤ ਸਿੰਘ ਮਾਣਕ, ਗੁਰਦੀਪ ਸਿੰਘ ਦੀਪੂ, ਜਸਵਿੰਦਰ ਸਿੰਘ ਭਗਤਪੁਰਾ ਆਦਿ ਹਾਜ਼ਰ ਸਨ।