ਸੁਲਤਾਨਪੁਰ ਲੋਧੀ ’ਚ ਸਰਕਾਰ ਖ਼ਿਲਾਫ਼ ਗੂੰਜਿਆ ਰੋਸ ਬੰਦ ਦੌਰਾਨ ਸਿਵਲ ਹਸਪਤਾਲ ’ਚ ਸਰਕਾਰ ਖ਼ਿਲਾਫ਼ ਗੂੰਜਿਆ ਰੋਸ, ਡਾਕਟਰਾਂ ਨੇ ਕੀਤੀ ਜ਼ੋਰਦਾਰ ਨਾਅਰੇਬਾਜ਼ੀ
Publish Date: Thu, 27 Aug 2026 09:30 PM (IST)
Updated Date: Thu, 27 Aug 2026 09:31 PM (IST)
ਸਿਵਲ ਹਸਪਤਾਲ ’ਚ ਡਾਕਟਰਾਂ ਨੇ ਕੀਤੀ ਜ਼ੋਰਦਾਰ ਨਾਅਰੇਬਾਜ਼ੀ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪੰਜਾਬ ਮਹਾਂਬੰਦ ਦੇ ਸੱਦੇ ਦਾ ਅਸਰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿੱਚ ਵੀ ਸਪੱਸ਼ਟ ਤੌਰ ’ਤੇ ਦੇਖਣ ਨੂੰ ਮਿਲਿਆ। ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡਾਕਟਰਾਂ ਤੇ ਹਸਪਤਾਲ ਦੇ ਹੋਰ ਸਟਾਫ਼ ਨੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ। ਮੁਲਾਜ਼ਮਾਂ ਦੇ ਰੋਸ ਕਾਰਨ ਓਪੀਡੀ, ਐਡਮਿਨ, ਲੈਬ, ਐਕਸ-ਰੇ, ਫਾਰਮੇਸੀ ਤੇ ਪੀਪੀ ਯੂਨਿਟ ਸਮੇਤ ਕਈ ਵਿਭਾਗਾਂ ਵਿੱਚ ਕੰਮਕਾਜ ਪ੍ਰਭਾਵਿਤ ਰਿਹਾ, ਜਦਕਿ ਮਰੀਜ਼ਾਂ ਲਈ ਐਮਰਜੈਂਸੀ ਸੇਵਾ ਨਿਰਵਿਘਨ ਜਾਰੀ ਰੱਖੀ ਗਈ। ਰੋਸ ਪ੍ਰਦਰਸ਼ਨ ਦੌਰਾਨ ਮੁਲਾਜ਼ਮਾਂ ਨੇ ਸਰਕਾਰ ਵੱਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਦਾ ਹੱਲ ਨਾ ਕੀਤੇ ਜਾਣ ’ਤੇ ਤਿੱਖਾ ਰੋਸ ਜਤਾਇਆ। ਸੰਬੋਧਨ ਕਰਦੇ ਹੋਏ ਡਾ. ਹਰਪ੍ਰੀਤ ਸਿੰਘ ਤੇ ਡਾ. ਜਸਪ੍ਰੀਤ ਸਿੰਘ ਨੇ ਕਿਹਾ ਕਿ ਮੁਲਾਜ਼ਮ ਲਗਾਤਾਰ ਆਪਣੀਆਂ ਜਾਇਜ਼ ਮੰਗਾਂ ਲਈ ਸਰਕਾਰ ਦੇ ਧਿਆਨ ਵਿੱਚ ਮਾਮਲਾ ਲਿਆ ਰਹੇ ਹਨ, ਪਰ ਵਾਰ-ਵਾਰ ਭਰੋਸੇ ਦੇ ਬਾਵਜੂਦ ਮਸਲਿਆਂ ਦਾ ਢੁੱਕਵਾਂ ਹੱਲ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਹੁਣ ਮੁਲਾਜ਼ਮ ਸਿਰਫ਼ ਭਰੋਸੇ ਦੀ ਬਜਾਏ ਸਰਕਾਰ ਵੱਲੋਂ ਠੋਸ ਫ਼ੈਸਲੇ ਲਏ ਜਾਣ ਦੀ ਉਡੀਕ ਕਰ ਰਹੇ ਹਨ ।ਮੁਲਾਜ਼ਮਾਂ ਨੇ ਕਿਹਾ ਕਿ ਇਨ੍ਹਾਂ ਮਸਲਿਆਂ ਨੂੰ ਲੰਬੇ ਸਮੇਂ ਤੱਕ ਲਟਕਾਉਣ ਨਾਲ ਸਰਕਾਰੀ ਕਰਮਚਾਰੀਆਂ ਵਿੱਚ ਨਿਰਾਸ਼ਾ ਤੇ ਰੋਸ ਵਧ ਰਿਹਾ ਹੈ। ਰੋਸ ਪ੍ਰਦਰਸ਼ਨ ਦੌਰਾਨ ਡਾਕਟਰਾਂ ਤੇ ਸਟਾਫ਼ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸਪੱਸ਼ਟ ਕੀਤਾ ਕਿ ਜੇਕਰ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਤੁਰੰਤ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਡਾ. ਜਸਪ੍ਰੀਤ ਸਿੰਘ, ਡਾ. ਹਰਪ੍ਰੀਤ ਸਿੰਘ, ਡਾ. ਸੁਖਵਿੰਦਰ ਕੌਰ, ਡਾ. ਅਰਪਨ, ਡਾ. ਸੁਪਨੀਤ ਕੌਰ, ਡਾ. ਨਵਨੀਤ ਕੌਰ, ਡਾ. ਅਮਿਤ ਆਨੰਦ, ਡਾ. ਆਸ਼ੀਸ਼, ਨਰਸ ਸੰਦੀਪ ਕੌਰ, ਨਰਸ ਰਵਿੰਦਰ ਕੌਰ, ਐਕਸ-ਰੇ ਟੈਕਨੀਸ਼ੀਅਨ ਮਲਕੀਤ ਸਿੰਘ, ਸੰਜੇ, ਦੀਵਾਨ ਸਿੰਘ, ਸੁਨੀਲ ਕੁਮਾਰ, ਮਨਪ੍ਰੀਤ ਸਿੰਘ, ਬਲਹਾਰ ਸਿੰਘ , ਅਜੀਤ ਪਾਲ ਸਿੰਘ ਬਾਜਵਾ ਤੇ ਸੋਨੀ ਸਮੇਤ ਹਸਪਤਾਲ ਦਾ ਹੋਰ ਸਟਾਫ਼ ਮੌਜੂਦ ਸੀ।