331 ਲਾਭਪਾਤਰੀਆਂ ਨੂੰ ਪ੍ਰਾਪਰਟੀ ਕਾਰਡ ਵੰਡੇ ਮੇਰਾ ਘਰ ਮੇਰੇ ਨਾਮ (ਸਵਾਮਿਤਵ) ਸਕੀਮ ਤਹਿਤ 331 ਲਾਭਪਾਤਰੀਆਂ ਨੂੰ ਪ੍ਰਾਪਰਟੀ ਕਾਰਡ ਵੰਡੇ
Publish Date: Mon, 23 Nov 2026 07:48 PM (IST)
Updated Date: Mon, 23 Nov 2026 07:52 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਲਾਲ ਲਕੀਰ ਅੰਦਰ ਆਉਂਦੇ ਘਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਸ਼ਕਤ ਬਣਾਉਣ ਦੇ ਉਦੇਸ਼ ਨਾਲ ਇੱਕ ਅਹਿਮ ਪਹਿਲਕਦਮੀ ਤਹਿਤ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਸੋਮਵਾਰ ਨੂੰ ਪਿੰਡ ਖਟੀ ਦੇ 331 ਲਾਭਪਾਤਰੀਆਂ ਨੂੰ ਮੇਰਾ ਘਰ ਮੇਰੇ ਨਾਮ (ਸਵਾਮਿਤਵ) ਸਕੀਮ ਤਹਿਤ ਪ੍ਰਾਪਰਟੀ ਕਾਰਡ ਵੰਡੇ। ਲਾਭਪਾਤਰੀਆਂ ਨੂੰ ਸੰਬੋਧਨ ਕਰਦਿਆਂ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਾਲ ਲਕੀਰ ਅੰਦਰ ਰਹਿਣ ਵਾਲੇ ਲੋਕਾਂ ਨੂੰ ਪ੍ਰਾਪਰਟੀ ਕਾਰਡ ਮੁਹੱਈਆ ਕਰਵਾਉਣ ਤੇ ਉਨ੍ਹਾਂ ਦੇ ਘਰਾਂ ਦੀ ਮਾਲਕੀ ਸਬੰਧੀ ਢੁੱਕਵੇਂ ਦਸਤਾਵੇਜ਼ ਯਕੀਨੀ ਬਣਾਉਣ ਦੇ ਉਦੇਸ਼ ਨਾਲ ਮੇਰਾ ਘਰ ਮੇਰੇ ਨਾਮ (ਸਵਾਮਿਤਵ) ਸਕੀਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਉਨ੍ਹਾਂ ਰਿਹਾਇਸ਼ੀ ਜਾਇਦਾਦਾਂ ਨੂੰ ਕਾਨੂੰਨੀ ਮਾਨਤਾ ਦਿਵਾਉਣ ਵੱਲ ਇੱਕ ਅਹਿਮ ਕਦਮ ਹੈ, ਜਿਨ੍ਹਾਂ ਦੀ ਪਿਛਲੇ ਕਈ ਦਹਾਕਿਆਂ ਤੋਂ ਕੋਈ ਰਸਮੀ ਮਾਲਕੀ ਦਸਤਾਵੇਜ਼ ਮੌਜੂਦ ਨਹੀਂ ਸਨ। ਉਨ੍ਹਾਂ ਕਿਹਾ ਕਿ ਇਸ ਸਕੀਮ ਦਾ ਉਦੇਸ਼ ਲੋਕਾਂ ਨੂੰ ਉਨ੍ਹਾਂ ਦੇ ਰਿਹਾਇਸ਼ੀ ਮਕਾਨਾਂ ਦੇ ਮਾਲਕੀ ਹੱਕਾਂ ਸਬੰਧੀ ਦਸਤਾਵੇਜ਼ ਮੁਹੱਈਆ ਕਰਵਾਉਣਾ ਹੈ, ਜਿਸ ਨਾਲ ਉਹ ਆਪਣੇ ਘਰਾਂ ਦੇ ਕਾਨੂੰਨੀ ਮਾਲਕ ਵਜੋਂ ਆਪਣੀ ਪਛਾਣ ਸਥਾਪਤ ਕਰ ਸਕਣਗੇ। ਉਨ੍ਹਾਂ ਕਿਹਾ ਕਿ ਮਾਲਕੀ ਦੀ ਸੁਰੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਇਹ ਪ੍ਰਾਪਰਟੀ ਕਾਰਡ ਲਾਭਪਾਤਰੀਆਂ ਨੂੰ ਆਪਣੀ ਜਾਇਦਾਦ ਦੀ ਲਾਹੇਵੰਦ ਤੇ ਆਰਥਿਕ ਮੰਤਵਾਂ ਲਈ ਵਰਤੋਂ ਕਰਨ ਦੇ ਯੋਗ ਵੀ ਬਣਾਉਣਗੇ। ਡਾ. ਚੱਬੇਵਾਲ ਨੇ ਦੱਸਿਆ ਕਿ ਜਾਇਦਾਦਾਂ ਦੇ ਕਾਨੂੰਨੀ ਮਾਲਕੀ ਰਿਕਾਰਡ ਤਿਆਰ ਕਰਨ ਲਈ ਇੱਕ ਵਿਵਸਥਿਤ ਪ੍ਰਕਿਰਿਆ ਅਪਣਾਈ ਗਈ ਹੈ। ਇਸ ਤਹਿਤ ਪਿੰਡਾਂ ਦੀ ਡਰੋਨ ਰਾਹੀਂ ਮੈਪਿੰਗ ਕਰਵਾਈ ਗਈ, ਤਾਂ ਜੋ ਲਾਲ ਲਕੀਰ ਅੰਦਰ ਸਥਿਤ ਜਾਇਦਾਦਾਂ ਦੀ ਸਹੀ ਪਛਾਣ ਤੇ ਨਕਸ਼ੇ ਤਿਆਰ ਕੀਤੇ ਜਾ ਸਕਣ। ਡਰੋਨ ਸਰਵੇਖਣ ਰਾਹੀਂ ਤਿਆਰ ਕੀਤੇ ਗਏ ਨਕਸ਼ੇ ਬਾਅਦ ਵਿੱਚ ਪ੍ਰਾਪਤ ਕਰਕੇ ਸਬੰਧਤ ਪਿੰਡਾਂ ਦੇ ਪ੍ਰਮੁੱਖ ਤੇ ਸਾਂਝੀਆਂ ਥਾਵਾਂ ਤੇ ਵੱਡੇ ਫਲੈਕਸ ਬੋਰਡਾਂ ਉੱਤੇ ਪ੍ਰਦਰਸ਼ਿਤ ਕੀਤੇ ਗਏ, ਤਾਂ ਜੋ ਪਿੰਡ ਵਾਸੀ ਆਪਣੀਆਂ ਜਾਇਦਾਦਾਂ ਦੇ ਵੇਰਵਿਆਂ ਦੀ ਜਾਂਚ ਕਰ ਸਕਣ। ਲੋਕ ਸਭਾ ਮੈਂਬਰ ਨੇ ਕਿਹਾ ਕਿ ਲਾਲ ਲਕੀਰ ਅੰਦਰ ਰਹਿਣ ਵਾਲੇ ਲੋਕਾਂ ਨੂੰ ਆਪਣੇ ਘਰਾਂ ਤੇ ਪਲਾਟਾਂ ਦੇ ਢੁੱਕਵੇਂ ਦਸਤਾਵੇਜ਼ ਨਾ ਹੋਣ ਕਾਰਨ ਇਤਿਹਾਸਕ ਤੌਰ ਤੇ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਵਾਮਿਤਵ ਸਕੀਮ ਨੇ ਅਜਿਹੇ ਲੋਕਾਂ ਨੂੰ ਆਪਣੀ ਜਾਇਦਾਦ ਦਾ ਰਸਮੀ ਮਾਲਕੀ ਰਿਕਾਰਡ ਪ੍ਰਾਪਤ ਕਰਨ ਦਾ ਇੱਕ ਅਹਿਮ ਮੌਕਾ ਪ੍ਰਦਾਨ ਕੀਤਾ ਹੈ।