ਤਰੱਕੀਆਂ ਤਰਕਸੰਗਤ ਢੰਗ ਨਾਲ ਕੀਤੀਆਂ ਜਾਣ : ਡੀਟੀਐੱਫ ਈ.ਟੀ.ਟੀ. ਤੋਂ ਐੱਚ.ਟੀ., ਸੀ.ਐੱਚ.ਟੀ. ਅਤੇ ਬੀ.ਪੀ.ਈ.ਓ. ਦੀਆਂ ਤਰੱਕੀਆਂ ਤਰਕਸੰਗਤ ਢੰਗ ਨਾਲ ਕੀਤੀਆਂ ਜਾਣ : ਡੀ.ਟੀ.ਐੱਫ.
Publish Date: Thu, 26 Nov 2026 08:13 PM (IST)
Updated Date: Thu, 26 Nov 2026 08:16 PM (IST)
-ਈਟੀਟੀ ਤੋਂ ਐੱਚਟੀ, ਸੀਐੱਚਟੀ ਤੇ ਬੀਪੀਈਓ ਦੀਆਂ ਤਰੱਕੀਆਂ ਬਾਰੇ ਕੀਤਾ ਸਵਾਲ -ਡੀਟੀਐੱਫ ਦਾ ਵਫ਼ਦ ਡੀਈਓ ਪ੍ਰਾਇਮਰੀ ਕਪੂਰਥਲਾ ਨੂੰ ਮਿਲਿਆ ਮੱਲ੍ਹੀ\ਦੀਪਕ, ਪੰਜਾਬੀ ਜਾਗਰਣ ਕਪੂਰਥਲਾ : ਸਿੱਖਿਆ ਵਿਭਾਗ ਵਿੱਚ ਤਰੱਕੀਆਂ, ਮਿਡ-ਡੇ-ਮੀਲ ਦੀ ਕੁਕਿੰਗ ਕਾਸਟ ਦੇ ਬਿੱਲਾਂ ਤੇ ਅਧਿਆਪਕਾਂ ਦੇ ਹੋਰ ਭਖਦੇ ਮਸਲਿਆਂ ਨੂੰ ਲੈ ਕੇ ਡੈਮੋਕਰੇਟਿਕ ਟੀਚਰਜ਼ ਫਰੰਟ (ਡੀਟੀਐੱਫ) ਕਪੂਰਥਲਾ ਦਾ ਇੱਕ ਵਫ਼ਦ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਅੱਲੂਵਾਲ ਦੀ ਅਗਵਾਈ ਵਿੱਚ ਮਮਤਾ ਬਜਾਜ ਜ਼ਿਲ੍ਹਾ ਸਿੱਖਿਆ ਅਫ਼ਸਰ ਕਪੂਰਥਲਾ ਨੂੰ ਮਿਲਿਆ। ਵਫ਼ਦ ਦੇ ਆਗੂਆਂ ਜ਼ਿਲ੍ਹਾ ਸਿੱਖਿਆ ਅਫਸਰ ਦੇ ਧਿਆਨ ਵਿੱਚ ਲਿਆਂਦਾ ਕਿ ਕਪੂਰਥਲਾ ਜ਼ਿਲ੍ਹਾ ਤਰੱਕੀਆਂ ਦੇ ਮਾਮਲੇ ਵਿੱਚ ਕਾਫੀ ਪੱਛੜਿਆ ਰਿਹਾ ਹੈ। ਆਗੂਆਂ ਕਿਹਾ ਕਿ ਈਟੀਟੀ ਤੋਂ ਹੈੱਡ ਟੀਚਰ, ਹੈੱਡ ਟੀਚਰ ਤੋਂ ਸੈਂਟਰ ਹੈੱਡ ਟੀਚਰ ਤੇ ਸੈਂਟਰ ਹੈੱਡ ਟੀਚਰ ਤੋਂ ਬੀਪੀਈਓ ਦੀਆਂ ਤਰੱਕੀਆਂ ਪਾਰਦਰਸ਼ੀ ਤੇ ਤਰਕਸੰਗਤ ਢੰਗ ਨਾਲ ਕੀਤੀਆਂ ਜਾਣ ਤਾਂ ਜੋ ਤਰੱਕੀ ਦੇ ਯੋਗ ਕਰਮਚਾਰੀਆਂ ਨੂੰ ਲਾਭ ਮਿਲ ਸਕੇ ਤੇ ਸਕੂਲ ਮੁਖੀਆਂ ਦੀਆਂ ਖਾਲੀ ਪੋਸਟਾਂ ਭਰੀਆਂ ਜਾ ਸਕਣ। ਆਗੂਆਂ ਇਹ ਵੀ ਦੱਸਿਆ ਕਿ ਸਾਲ 1993-1998 ਵਿੱਚ ਬਤੌਰ ਈਟੀਟੀ ਭਰਤੀ ਹੋਏ ਕਰਮਚਾਰੀ ਸਤੰਬਰ-2016 ਵਿੱਚ ਹੈੱਡ ਟੀਚਰ ਬਣੇ ਤੇ ਸਤੰਬਰ-2020 ਵਿੱਚ ਸੈਂਟਰ ਹੈੱਡ ਟੀਚਰ ਬਣੇ, ਹੁਣ ਜੋ ਤਰੱਕੀਆ ਹੋ ਰਹੀਆਂ ਹਨ ਉਨ੍ਹਾਂ ਵਿੱਚ ਸਿਰਫ 25 ਪ੍ਰਤੀਸ਼ਤ ਸਿੱਧੀ ਭਰਤੀ ਰਾਹੀਂ ਬਣੇ ਸੀਐੱਚਟੀ ਹੀ ਬੀਪੀਈਓ ਪ੍ਰਮੋਟ ਹੋ ਰਹੇ ਹਨ ਜੋ ਕਿ 30-32 ਸਾਲ ਸੇਵਾ ਕਰਨ ਵਾਲੇ ਅਧਿਆਪਕਾਂ ਜੋ ਤਰੱਕੀ ਰਾਹੀਂ ਸੀਐੱਚਟੀ ਬਣੇ, ਨਾਲ ਬੇ-ਇਨਸਾਫੀ ਹੈ। ਆਗੂਆਂ ਮੰਗ ਕੀਤੀ ਕਿ 90% ਬੀਪੀਈਓ ਪ੍ਰਮੋਸ਼ਨ ਕੋਟਾ ਵਿੱਚੋਂ ਤੁਰੰਤ ਪ੍ਰਭਾਵ ਨਾਲ 25% ਸਿੱਧੀ ਭਰਤੀ ਰਾਹੀਂ ਬਣੇ ਸੀਐੱਚਟੀ (ਅਗਸਤ-2019 ਬੈਚ) ਤੇ 75% ਕੋਟਾ ਤਰੱਕੀ ਰਾਹੀਂ ਬਣੇ ਸੀਐੱਚਟੀ ਵਿੱਚੋਂ ਤਰੱਕੀ ਦੇ ਯੋਗ ਕਰਮਚਾਰੀਆਂ ਦੇ ਕੇਸਾਂ ਨੂੰ ਵਿਚਾਰ ਕੇ ਤਰੱਕੀਆਂ ਕੀਤੀਆ ਜਾਣ। ਆਗੂਆਂ ਇਸ ਸਬੰਧੀ ਸਿੱਖਿਆ ਮੰਤਰੀ ਦੇ ਇੱਕ ਪੱਤਰ ਤੇ 1977 ਦੇ ਕੋਰਟ ਦੇ ਇੱਕ ਫੈਸਲੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਵੰਡ ਨਾਲ ਦੋਹਾਂ ਧਿਰਾਂ ਨਾਲ ਇਨਸਾਫ ਹੋਵੇਗਾ ਤੇ ਕਿਸੇ ਨੂੰ ਕੋਈ ਇਤਰਾਜ਼ ਵੀ ਨਹੀਂ ਹੋਵੇਗਾ। ਆਗੂਆਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੇਵਲ ਪਹਿਲ ਦੇ ਆਧਾਰ ’ਤੇ ਸਿੱਧੀ ਭਰਤੀ ਰਾਹੀਂ ਬਣੇ ਸੀਐੱਚਟੀ ਦੇ ਕੇਸਾਂ ਨੂੰ ਹੀ ਬੀਪੀਈਓ, ਤਰੱਕੀਆਂ ਲਈ ਵਿਚਾਰਿਆ ਜਾਂਦਾ ਹੈ ਤਾਂ ਵਿਭਾਗ ਵਿੱਚ ਲੰਬਾ ਸਮਾਂ ਸੇਵਾ ਕਰਕੇ ਤਰੱਕੀ ਰਾਹੀਂ ਬਣੇ ਸੀਐੱਚਟੀ ਨਾਲ ਬਹੁਤ ਬੇਇਨਸਾਫੀ ਹੋਵੇਗੀ ਤੇ ਜਥੇਬੰਦੀ ਇਸ ਲਈ ਸੰਘਰਸ਼ ਕਰਨ ਲਈ ਤਜ਼ਬੂਰ ਹੋਵੇਗੀ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਇਸ ਸਬੰਧੀ ਵਿਭਾਗ ਵੱਲੋਂ ਜੋ ਵੀ ਦਿਸ਼ਾ-ਨਿਰਦੇਸ਼ ਜਾਰੀ ਹੋਣਗੇ ਉਸ ਅਨੁਸਾਰ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ ਤੇ ਤਰੱਕੀਆਂ ਤਰਕਸੰਗਤ ਤਰੀਕੇ ਨਾਲ ਹੀ ਹੋਣਗੀਆਂ। ਵਫਦ ਵਿੱਚ ਤਜਿੰਦਰ ਸਿੰਘ ਜਨਰਲ ਸਕੱਤਰ, ਜੈਮਲ ਸਿੰਘ ਸੀਨੀਅਰ ਮੀਤ ਪ੍ਰਧਾਨ, ਬਲਵੀਰ ਸਿੰਘ ਸੈਂਟਰ ਹੈੱਚ ਟੀਚਰ ਢਪੱਈ, ਮਲਕੀਤ ਸਿੰਘ ਬਲਾਕ ਪ੍ਰਧਾਨ ਕਪੂਰਥਲਾ-3, ਅਵਤਾਰ ਸਿੰਘ, ਸੁਰਿੰਦਰਪਾਲ ਸਿੰਘ ਆਦਿ ਤੋਂ ਇਲਾਵਾ ਡੀਟੀਐੱਫ ਦੇ ਜ਼ਿਲ੍ਹਾ ਆਗੂ ਹਾਜ਼ਰ ਸਨ।