ਪ੍ਰੋ. ਅਮਰੀਕ ਸਿੰਘ ਦੀ ਇੰਗਲੈਂਡ ਪ੍ਰੋ ਕੱਬਡੀ ਲੀਗ ਲਈ ਹੋਈ ਚੋਣ ਪ੍ਰੋਫੈਸਰ ਅਮਰੀਕ ਸਿੰਘ ਦੀ ਇੰਗਲੈਂਡ ਪ੍ਰੋ ਕੱਬਡੀ ਲੀਗ ਲਈ ਹੋਈ ਚੋਣ
Publish Date: Fri, 18 Sep 2026 09:12 PM (IST)
Updated Date: Fri, 18 Sep 2026 09:14 PM (IST)
ਰੌਸ਼ਨ ਖੈੜਾ, ਪੰਜਾਬੀ ਜਾਗਰਣ ਕਪੂਰਥਲਾ : ਇੰਗਲੈਂਡ ਕਬੱਡੀ ਫੈੱਡਰੇਸ਼ਨ ਵੱਲੋਂ ਜਿਹੜੀ 10 ਅਕਤੂਬਰ 2026 ਤੋਂ ਮੇਜਰ ਪ੍ਰੋ ਕਬੱਡੀ ਲੀਗ ਕਰਵਾਈ ਜਾ ਰਹੀ ਹੈ, ਵਿੱਚ ਲਾਇਲਪੁਰ ਖਾਲਸਾ ਕਾਲਜ ਕਪੂਰਥਲਾ ਤੋਂ ਸਰੀਰਕ ਸਿੱਖਿਆ ਤੇ ਖੇਡਾਂ ਵਿਸ਼ੇ ਦੇ ਪ੍ਰੋਫੈਸਰ ਡਾ. ਅਮਰੀਕ ਸਿੰਘ ਨੂੰ ਟੈਕਨੀਕਲ ਆਫੀਸ਼ਿਅਲ ਵਜੋਂ ਚੁਣਿਆ ਗਿਆ ਹੈ। ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਦਾਸ ਨੇ ਦੱਸਿਆ ਕਿ ਕਬੱਡੀ ਨੈਸ਼ਨਲ ਸਟਾਈਲ ਦੀ ਇਸ ਪ੍ਰੋ ਲੀਗ ਵਿੱਚ ਅੱਠ ਦੇਸ਼ਾਂ ਦੀਆਂ ਟੀਮਾਂ ਪਹੁੰਚ ਰਹੀਆਂ ਹਨ ਜਦਕਿ ਵਿਸ਼ਵ ਕਬੱਡੀ ਫੈੱਡਰੇਸ਼ਨ ਨਾਲ ਦੁਨੀਆਂ ਦੇ ਚਾਲੀ ਦੇਸ਼ਾਂ ਨੂੰ ਮਾਨਤਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਬੱਡੀ ਨੈਸ਼ਨਲ ਸਟਾਇਲ ਪਹਿਲਾਂ ਏਸ਼ੀਆਡ ਪੱਧਰ ਉੱਤੇ ਹੀ ਖੇਡੀ ਜਾਂਦੀ ਸੀ, ਹੁਣ ਇਸ ਮਾਣਮੱਤੀ ਖੇਡ ਨੂੰ ਕਾਮਨਵੈਲਥ ਖੇਡਾਂ ਵਿਚ ਮਾਨਤਾ ਮਿਲ ਗਈ ਹੈ। ਪ੍ਰੋਫੈਸਰ ਅਮਰੀਕ ਸਿੰਘ ਦੀ ਇਸ ਚੋਣ ਦੇ ਪ੍ਰਤੀਕਰਮ ਵਿੱਚ ਲਾਇਲਪੁਰ ਖਾਲਸਾ ਕਾਲਜ ਕਪੂਰਥਲਾ ਦੀ ਪ੍ਰਬੰਧਕੀ ਕਮੇਟੀ ਤੇ ਪ੍ਰਿੰਸੀਪਲ ਡਾ. ਹਰਬੰਸ ਸਿੰਘ ਢਿੱਲੋਂ ਨੇ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਪ੍ਰੋ. ਅਮਰੀਕ ਸਿੰਘ ਜਿੱਥੇ ਕਬੱਡੀ ਨੈਸ਼ਨਲ ਸਟਾਈਲ ਨੂੰ ਸਮਰਪਿਤ ਹੋਣ ਕਰਕੇ ਕੌਮਾਂਤਰੀ ਪੱਧਰ ਦੇ ਵਿਸ਼ਵ ਕੱਪਾਂ ਵਿਚ ਬਤੌਰ ਆਫੀਸ਼ਿਅਲ ਵੱਖ-ਵੱਖ ਸਮਿਆਂ ’ਚ ਕਈ ਦੇਸ਼ਾਂ ਵਿਚ ਸੇਵਾਵਾਂ ਦੇ ਚੁੱਕੇ ਹਨ, ਉੱਥੇ ਉਨਾਂ ਦੀ ਕੋਚਿੰਗ ਸਦਕਾ ਸੈਂਕੜੇ ਖਿਡਾਰੀ ਕੌਮੀ ਤੇ ਕੌਮਾਤਰੀ ਪੱਧਰ ਉੱਤੇ ਖੇਡ ਚੁੱਕੇ ਹਨ। ਪ੍ਰੋਫੈਸਰ ਅਮਰੀਕ ਸਿੰਘ ਨੂੰ ਵਧਾਈ ਦਿੰਦੇ ਹੋਏ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਗੁਰਲਾਲ ਸਿੰਘ ਘਨੌਰ, ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਜਸਵਿੰਦਰ ਪਾਲ ਸਟੇਟ ਐਵਾਰਡੀ, ਕੌਮਾਂਤਰੀ ਹਾਕੀ ਖਿਡਾਰੀ ਰਿਪੁਦਮਨ ਕੁਮਾਰ ਸਿੰਘ, ਪੰਜਾਬੀ ਜਗਤ ਕਨੇਡਾ ਦੇ ਪ੍ਰਧਾਨ ਅਜਾਇਬ ਸਿੰਘ ਚੱਠਾ ਨੇ ਕਿਹਾ ਕਿ ਪਿਛਲੇ ਮਹੀਨੇ ਹੀ ਕੈਨੇਡਾ ਵਿਖੇ ਹੋਈ ਪੰਜਾਬੀ ਵਿਸ਼ਵ ਕਾਨਫਰੰਸ ਵਿੱਚ ਇਨ੍ਹਾਂ ਵੱਲੋਂ ਪੰਜਾਬੀ ਭਾਈਚਾਰੇ ਦੀਆਂ ਵਿਰਾਸਤੀ ਤੰਦਾਂ ਨੂੰ ਮਜ਼ਬੂਤ ਕਰਨ ਲਈ ਦਿੱਤਾ ਸੁਨੇਹਾ ਚਰਚਿਤ ਰਿਹਾ, ਉਥੇ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਸਰਕਲ ਸਟਾਈਲ ਦੇ ਅਸਤ ਹੋ ਰਹੇ ਸੂਰਜ ਨੂੰ ਮੱਗਦਾ ਰੱਖਣ ਲਈ ਜੋ ਹਾਅ ਦਾ ਨਾਅਰਾ ਮਾਰਿਆ ਗਿਆ, ਉਹ ਵੀ ਦੁਨੀਆਂ ਦੇ ਕਬੱਡੀ ਪ੍ਰਮੋਟਰਾਂ ਨੂੰ ਆਪਣਾ ਮੂਲ ਪਛਾਣ ਦਾ ਵੱਡਾ ਸੁਨੇਹਾ ਹੈ।