ਪੀਟੀਯੂ ਦੇ 21ਵੇਂ ਉਪ-ਕੁਲਪਤੀ ਬਣੇ ਪ੍ਰੋ. ਅਰਵਿੰਦ ਕੇ ਬੰਸਲ ਆਈ.ਕੇ. ਗੁਜਰਾਲ ਪੰਜਾਬ ਟੈਕਨਿਕਲ ਯੂਨੀਵਰਸਿਟੀ ਦੇ 21ਵੇਂ ਉਪ-ਕੁਲਪਤੀ ਵਜੋਂ ਪ੍ਰੋ. ਅਰਵਿੰਦ ਕੇ. ਬੰਸਲ ਨੇ ਚਾਰਜ ਸੰਭਾਲਿਆ
Publish Date: Fri, 28 Aug 2026 09:01 PM (IST)
Updated Date: Fri, 28 Aug 2026 09:04 PM (IST)
-ਪ੍ਰੋ. ਬਾਂਸਲ ਨੇ ਅਹੁਦਾ ਸੰਭਾਲਿਆ -ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਪ੍ਰੋ. ਅਰਵਿੰਦ ਕੇ ਬੰਸਲ ਨੇ ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈਕੇਜੀ ਪੀਟੀਯੂ) ਦੇ 21ਵੇਂ ਉਪ-ਕੁਲਪਤੀ ਵਜੋਂ ਯੂਨੀਵਰਸਿਟੀ ਦੇ ਮੋਹਾਲੀ ਕੈਂਪਸ ਵਿੱਚ ਅਧਿਕਾਰਕ ਤੌਰ ‘ਤੇ 25 ਅਗਸਤ 2026 ਨੂੰ ਚਾਰਜ ਸੰਭਾਲ ਲਿਆ ਹੈ। ਚਾਰਜ ਸੰਭਾਲਣ ਤੋਂ ਬਾਅਦ, ਪ੍ਰੋ. ਬੰਸਲ ਨੇ ਸ਼ੁੱਕਰਵਾਰ ਨੂੰ ਪਹਿਲੀ ਵਾਰ ਜਲੰਧਰ-ਕਪੂਰਥਲਾ ਹਾਈਵੇ ‘ਤੇ ਸਥਿਤ ਯੂਨੀਵਰਸਿਟੀ ਦੇ ਮੁੱਖ ਕੈਂਪਸ ਵਿਖੇ ਜ਼ਿੰਮੇਵਾਰੀ ਸੰਭਾਲੀ। ਪ੍ਰੋ. ਬੰਸਲ ਨੇ ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀਆਂ ਨਾਲ ਆਪਣੀ ਪਹਿਲੀ ਮੁਲਾਕਾਤ ਕੀਤੀ ਤੇ ਵੱਖ-ਵੱਖ ਵਿਭਾਗਾਂ ਦੇ ਕੰਮਕਾਜ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਨੇ ਅਕਾਦਮਿਕ ਤੇ ਪ੍ਰਸ਼ਾਸਕੀ ਪ੍ਰਕਿਰਿਆਵਾਂ ਵਿੱਚ ਕੁਸ਼ਲਤਾ, ਪਾਰਦਰਸ਼ਤਾ ਤੇ ਨਵੀਨਤਾ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਰਜਿਸਟਰਾਰ ਡਾ. ਨਵਦੀਪਕ ਸੰਧੂ ਨਾਲ ਮੀਟਿੰਗ ਦੌਰਾਨ ਉਪ-ਕੁਲਪਤੀ ਵੱਲੋਂ ਵੱਖ-ਵੱਖ ਵਿਭਾਗਾਂ ਦੇ ਪਹਿਲ ਦੇ ਆਧਾਰ ’ਤੇ ਕਰਨ ਵਾਲੇ ਕੰਮਾਂ ਦੀ ਸਮੀਖਿਆ ਕੀਤੀ ਤੇ ਯੂਨੀਵਰਸਿਟੀ ਦੇ ਅਕਾਦਮਿਕ ਤੇ ਰਿਸਰਚ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਰਣਨੀਤੀਆਂ ‘ਤੇ ਵਿਚਾਰ-ਵਟਾਂਦਰਾ ਕੀਤਾ। ਪ੍ਰੋ. ਬੰਸਲ ਨੇ ਆਪਣੀ ਅਕਾਦਮਿਕ ਦ੍ਰਿਸ਼ਟੀ ਸਾਂਝੀ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਨੂੰ ਤਕਨੀਕੀ ਸਿੱਖਿਆ ਦਾ ਵਿਸ਼ਵ ਪੱਧਰੀ ਕੇਂਦਰ ਬਣਾਇਆ ਜਾਵੇਗਾ, ਜਿਸ ਵਿੱਚ ਇੰਟਰਡਿਸਪਲਿਨਰੀ (ਅੰਤਰ-ਅਕਾਦਮਿਕ ਵਿਸ਼ੇ) ਸਿੱਖਿਆ ਤੇ ਗਲੋਬਲ ਮਿਆਰਾਂ ‘ਤੇ ਖਾਸ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਨੇ ਪ੍ਰਮੁੱਖ ਸੰਸਥਾਵਾਂ ਤੇ ਉਦਯੋਗਿਕ ਭਾਗੀਦਾਰਾਂ ਨਾਲ ਰਿਸਰਚ ਸਹਿਯੋਗ ਨੂੰ ਵਧਾਉਣ ਦੀ ਲੋੜ ‘ਤੇ ਜ਼ੋਰ ਦਿੱਤਾ, ਤਾਂ ਜੋ ਨਵੀਨਤਾ ਤੇ ਗਿਆਨ ਦੇ ਅਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਪ੍ਰੋ. ਬੰਸਲ ਨੇ ਵਿਦਿਆਰਥੀ ਪਹਿਲਾ ਦੇ ਮਹੱਤਵ ‘ਤੇ ਵੀ ਜ਼ੋਰ ਦਿੱਤਾ ਤੇ ਅਜਿਹੇ ਪ੍ਰੋਗਰਾਮਾਂ ਨੂੰ ਉਤਸ਼ਾਹਿਤ ਕਰਨ ਦੀ ਗੱਲ ਕੀਤੀ ਜੋ ਹੁਨਰ ਵਿਕਾਸ, ਉਦਯਮਤਾ ਤੇ ਸਮੁੱਚੇ ਵਿਕਾਸ ਨੂੰ ਪ੍ਰੋਤਸਾਹਿਤ ਕਰਨ। ਯੂਨੀਵਰਸਿਟੀ ਦੇ ਫੈਕਲਟੀ, ਅਧਿਕਾਰੀਆਂ ਤੇ ਸਟਾਫ਼ ਨੇ ਪ੍ਰੋ. ਬੰਸਲ ਦੀ ਸਰਗਰਮ ਭਾਗੀਦਾਰੀ ਦਾ ਸਵਾਗਤ ਕੀਤਾ ਤੇ ਵਿਸ਼ਵਾਸ ਜਤਾਇਆ ਕਿ ਉਨ੍ਹਾਂ ਦੀ ਅਗਵਾਈ ਹੇਠ ਆਈਕੇਜੀ ਪੀਟੀਯੂ ਨਵੀਂ ਊਰਜਾ ਤੇ ਦਿਸ਼ਾ ਪ੍ਰਾਪਤ ਕਰੇਗੀ।