ਸਲਾਨਾ ਨਤੀਜਾ ਐਲਾਨ ਕੇ ਇਨਾਮ ਵੰਡੇ
ਵਿਦਿਆਰਥੀਆਂ ਦਾ ਸਲਾਨਾ ਨਤੀਜਾ ਐਲਾਨਣ ਉਪਰੰਤ ਇਨਾਂਮ ਵੰਡ ਸਮਾਗਮ ਕਰਵਾਇਆ
Publish Date: Sun, 29 Mar 2026 09:06 PM (IST)
Updated Date: Sun, 29 Mar 2026 09:08 PM (IST)

--ਮਿਹਨਤ ਤੇ ਲਗਨ ਨਾਲ ਹੀ ਸਫ਼ਲਤਾ ਨੂੰ ਪ੍ਰਾਪਤ ਕੀਤਾ ਜਾ ਸਕਦਾ : ਜੋਤੀ ਸ਼ਰਮਾ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸੁਆਮੀ ਆਨੰਦ ਗਿਰੀ ਮਹਾਰਾਜ ਮੈਮੋਰੀਅਲ ਸਕੂਲ ਵਿਖੇ ਵਿਦਿਆਰਥੀਆਂ ਦਾ ਸਾਲਾਨਾ ਨਤੀਜਾ ਐਲਾਨਿਆ ਗਿਆ। ਸਮਾਗਮ ਦੀ ਅਰੰਭਤਾ ਮੌਕੇ ਸਕੂਲ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਵਿਨੋਦ ਪੁਰੀ, ਟਰੱਸਟੀ ਜੋਤੀ ਸ਼ਰਮਾ ਨੇ ਵਿਸ਼ੇਸ਼ ਮਹਿਮਾਨ ਤੇ ਭਾਰਤੀ ਜੀਵਨ ਬੀਮਾ ਨਿਗਮ ਦੇ ਚੀਫ਼ ਆਰਗੇਨਾਈਜ਼ਰ ਸੁਖਵਿੰਦਰ ਮੋਹਨ ਸਿੰਘ ਭਾਟੀਆ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਸਕੂਲ ਉਪ ਪ੍ਰਿੰਸੀਪਲ ਮੈਡਮ ਸੰਯੋਗਿਤਾ ਨੇ ਹਾਜ਼ਰ ਮੁੱਖ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਤੇ ਵਿੱਦਿਆ ਦੇ ਖੇਤਰ ਵਿਚ ਸਕੂਲ ਦੁਆਰਾ ਕੀਤੀਆਂ ਗਈਆਂ ਪ੍ਰਾਪਤੀਆ ਸਬੰਧੀ ਸਲਾਨਾ ਰਿਪੋਰਟ ਵੀ ਪੜੀ ਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਆਪਣੇ ਮਾਤਾ-ਪਿਤਾ, ਅਧਿਆਪਕਾਂ ਤੇ ਵੱਡਿਆਂ ਪ੍ਰਤੀ ਸਤਿਕਾਰਤ ਭਾਵਨਾ ਨੂੰ ਹਮੇਸ਼ਾ ਬਣਾਈ ਰੱਖਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਕਿਹਾ ਕਿ ਵਿੱਦਿਆ ਇਕ ਅਜਿਹਾ ਗਹਿਣਾ ਹੈ, ਜਿਸਨੂੰ ਕੋਈ ਵੀ ਵਿਅਕਤੀ ਚੁਰਾ ਨਹੀਂ ਸਕਦਾ, ਸਗੋਂ ਇਕ ਸੁਚੱਜੇ ਤੇ ਸੁਚੇਤ ਨਾਗਰਿਕਤਾ ਦੀ ਪਹਿਚਾਣ ਬਣਦਾ ਹੈ। ਬੱਚਿਆਂ ਨੂੰ ਸੰਬੋਧਨ ਕਰਦਿਆਂ ਵਿਸ਼ੇਸ਼ ਤੇ ਮੁੱਖ ਮਹਿਮਾਨ ਨੇ ਕਿਹਾ ਕਿ ਸੱਚੀ ਮਿਹਨਤ ਤੇ ਲਗਨ ਨਾਲ ਹੀ ਜ਼ਿੰਦਗੀ ਦੀਆਂ ਮੁਸ਼ਕਲਾਂ ਨੂੰ ਹੱਲ ਕੀਤਾ ਜਾ ਸਕਦਾ ਹੈ। ਵਿੱਦਿਆ ਤੇ ਗਿਆਨ ਦੇ ਭੰਡਾਰ ਨਾਲ ਹੀ ਜ਼ਿੰਦਗੀ ਦੀ ਸਾਰਥਕਤਾ ਨੂੰ ਪਾਇਆ ਜਾ ਸਕਦਾ ਹੈ। ਸਾਰੇ ਹੀ ਵਿਦਿਆਰਥੀਆਂ ਨੂੰ ਵੱਡਿਆਂ ਪ੍ਰਤੀ ਸਤਿਕਾਰ ਤੇ ਸਹਿਯੋਗੀ ਭਾਵਨਾ ਵਰਗੀ ਸੋਚ ਨੂੰ ਵਿਕਸਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੁਆਮੀ ਆਨੰਦ ਗਿਰੀ ਜੀ ਮਹਾਰਾਜ ਮੈਮੋਰੀਅਲ ਸਕੂਲ ਸ਼ਹਿਰ ਦਾ ਸਭ ਤੋਂ ਪਹਿਲਾ ਤੇ ਪੁਰਾਣਾ ਸਕੂਲ ਹੈ, ਜੋ ਬਿਨਾਂ ਕਿਸੇ ਦਾਖਲਾ ਫੀਸ ਤੇ ਵਾਧੂ ਬੋਝ ਤੋਂ ਵਿਦਿਆਰਥੀਆਂ ਨੂੰ ਚੰਗੇਰੀ ਤੇ ਮੁਢਲੀ ਵਿੱਦਿਆ ਪ੍ਰਦਾਨ ਕਰ ਰਿਹਾ ਹੈ। ਸਭਿਆਚਾਰਕ ਸਮਾਗਮ ਦੌਰਾਨ ਬੱਚਿਆਂ ਨੇ ਗਿੱਧਾ, ਭੰਗੜਾ ਤੇ ਪੰਜਾਬੀ ਬੋਲੀ ਨੂੰ ਸਮਰਪਿਤ ਕਵਿਤਾਵਾਂ ਵੀ ਸੁਣਾਈਆਂ। ਸਮਾਗਮ ਦੇ ਅੰਤ ਵਿਚ ਮੈਡਮ ਸਿਮਰਨ ਨੇ ਸਮੂਹ ਵਿਦਿਆਰਥੀਆਂ, ਮਾਤਾ-ਪਿਤਾ ਤੇ ਸਟਾਫ ਨੂੰ ਵਧਾਈ ਦਿੰਦਿਆਂ ਸਕੂਲ ਨੂੰ ਹੋਰ ਤਰੱਕੀਆਂ ਵੱਲ ਲਿਜਾਣ ਲਈ ਸਹਿਯੋਗ ਦੀ ਮੰਗ ਕੀਤੀ ਤੇ ਬਿਨਾਂ ਕਿਸੇ ਦਾਖਲਾ ਫੀਸ ਤੋਂ ਵਿਦਿਆਰਥੀਆਂ ਦੇ ਅਗਲੇਰੀ ਜਮਾਤਾਂ ਵਿਚ ਦਾਖ਼ਲੇ ਵੀ ਕੀਤੇ। ਇਸ ਮੌਕੇ ਵੱਖ-ਵੱਖ ਕਲਾਸਾਂ ਵਿਚੋਂ ਚੰਗੇਰੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਗੀਤਾ ਰਾਣੀ, ਸੰਜੋਗਿਤਾ, ਪੂਜਾ ਸ਼ਰਮਾ, ਸਿਮਰਨ, ਪੁਸ਼ਪਾ, ਪੂਨਮ, ਬਲਵਿੰਦਰ ਕੌਰ, ਮਨਪ੍ਰੀਤ ਕੌਰ, ਸਮੇਤ ਸਮੂਹ ਸਟਾਫ ਹਾਜ਼ਰ ਸੀ।