ਸਰਕਾਰੀ ਸਕੂਲ ’ਚ ਮਨਾਇਆ ਪ੍ਰਧਾਨ ਮੰਤਰੀ ਦਾ ਜਨਮ ਦਿਨ ਯੋਗ ਤੇ ਖੇਡ ਗਤੀਵਿਧੀਆਂ ਨਾਲ ਮਨਾਇਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 76ਵਾਂ ਜਨਮ ਦਿਨ
Publish Date: Fri, 18 Sep 2026 07:46 PM (IST)
Updated Date: Fri, 18 Sep 2026 07:47 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 76ਵਾਂ ਜਨਮਦਿਨ ਪਤੰਜਲੀ ਯੋਗ ਪੀਠ, ਭਾਰਤ ਸਵਾਭਿਮਾਨ ਟਰੱਸਟ ਤੇ ਮਹਿਲਾ ਪਤੰਜਲੀ ਯੋਗ ਵੱਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹੁਸ਼ਿਆਰਪੁਰ ਰੋਡ ਫਗਵਾੜਾ ਦੇ ਸਹਿਯੋਗ ਨਾਲ ਬੜੇ ਉਤਸ਼ਾਹ ਤੇ ਉਮੰਗ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਯੋਗ ਕ੍ਰਿਆਵਾਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ, ਉਨ੍ਹਾਂ ਵੱਖ-ਵੱਖ ਆਸਨਾਂ ਤੇ ਯੋਗ ਗਤੀਵਿਧੀਆਂ ਰਾਹੀਂ ਹਾਜ਼ਰੀਨ ਨੂੰ ਪ੍ਰਭਾਵਿਤ ਕੀਤਾ। ਸਮਾਗਮ ਵਿੱਚ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਯੋਗ ਪ੍ਰਦਰਸ਼ਨ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਹੌਸਲਾ-ਅਫਜ਼ਾਈ ਵਜੋਂ ਸਾਈਕਲਾਂ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਬੰਧਕ ਸੰਸਥਾਵਾਂ ਦੇ ਅਹੁਦੇਦਾਰਾਂ, ਮੈਂਬਰਾਂ ਵੱਲੋਂ ਪ੍ਰਧਾਨ ਮੰਤਰੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸਕੂਲ ਸਟਾਫ ਤੇ ਵਿਦਿਆਰਥੀਆਂ ਨੂੰ ਲੱਡੂ ਵੰਡੇ ਗਏ। ਇਸੇ ਦੌਰਾਨ ਬੱਚਿਆਂ ਵਿੱਚ ਮੈਦਾਨੀ ਖੇਡਾਂ ਪ੍ਰਤੀ ਦਿਲਚਸਪੀ ਪੈਦਾ ਕਰਨ ਦੇ ਉਦੇਸ਼ ਨਾਲ ਵਿਜੇ ਸਾਂਪਲਾ ਦੇ ਸਹਿਯੋਗ ਸਦਕਾ ਸਕੂਲ ਨੂੰ ਫੁੱਟਬਾਲ ਤੇ ਬੈਡਮਿੰਟਨ ਦੀਆਂ ਕਿੱਟਾਂ ਵੀ ਭੇਟ ਕੀਤੀਆਂ ਗਈਆਂ। ਵਿਜੇ ਸਾਂਪਲਾ ਨੇ ਪਤੰਜਲੀ ਯੋਗ ਪੀਠ ਦੀ ਸਮੁੱਚੀ ਟੀਮ ਵੱਲੋਂ ਕਰਵਾਏ ਗਏ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਯੋਗ, ਖੇਡਾਂ ਤੇ ਸਿਹਤਮੰਦ ਜੀਵਨ-ਸ਼ੈਲੀ ਨਾਲ ਜੋੜਨ ਵਾਲੀਆਂ ਗਤੀਵਿਧੀਆਂ ਸਮਾਜ ਲਈ ਲਾਹੇਵੰਦ ਹਨ ਤੇ ਇਸ ਤਰ੍ਹਾਂ ਦੇ ਉਪਰਾਲਿਆਂ ਨਾਲ ਬੱਚਿਆਂ ਵਿੱਚ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਅਨੁਸ਼ਾਸਨ ਦੀ ਭਾਵਨਾ ਵੀ ਪੈਦਾ ਹੁੰਦੀ ਹੈ। ਭਾਰਤ ਸਵਾਭਿਮਾਨ ਟਰੱਸਟ ਦੇ ਜ਼ਿਲ੍ਹਾ ਇੰਚਾਰਜ ਦੀਪਕ ਖੋਸਲਾ ਨੇ ਮੁੱਖ ਮਹਿਮਾਨ ਵਿਜੇ ਸਾਂਪਲਾ ਸਮੇਤ ਸਮਾਗਮ ਵਿੱਚ ਪਹੁੰਚੇ ਸਾਰੇ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਸਕੂਲ ਸਟਾਫ ਵੱਲੋਂ ਦਿੱਤੇ ਗਏ ਸਹਿਯੋਗ ਤੇ ਬਿਹਤਰ ਤਾਲਮੇਲ ਲਈ ਵੀ ਧੰਨਵਾਦ ਪ੍ਰਗਟਾਇਆ। ਤਹਿਸੀਲ ਇੰਚਾਰਜ ਪਤੰਜਲੀ ਯੋਗ ਪੀਠ ਨੰਦ ਸੋਨੀ ਨੇ ਕਿਹਾ ਕਿ ਸੰਸਥਾ ਵੱਲੋਂ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਜਾਂਦੇ ਰਹਿਣਗੇ, ਤਾਂ ਜੋ ਬੱਚਿਆਂ ਨੂੰ ਯੋਗ, ਸਰੀਰਕ ਤੰਦਰੁਸਤੀ ਤੇ ਸਿਹਤਮੰਦ ਜੀਵਨ-ਸ਼ੈਲੀ ਵੱਲ ਪ੍ਰੇਰਿਤ ਕੀਤਾ ਜਾ ਸਕੇ। ਸਕੂਲ ਦੀ ਮੁੱਖ ਅਧਿਆਪਕਾ ਨੀਤੂ ਪਾਲ ਸਮੇਤ ਸਟਾਫ਼ ਮੈਂਬਰ ਮੋਨਿਕਾ ਦੁੱਗਲ, ਕਮਲਜੀਤ ਕੌਰ, ਸ਼ੈਲੀ ਅਤੇ ਕਮਲ ਕੁਮਾਰ ਨੇ ਸੰਸਥਾਵਾਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਪ੍ਰਗਟ ਕੀਤਾ। ਇਸ ਮੌਕੇ ਅਸ਼ੋਕ ਸ਼ਰਮਾ ਤਹਿਸੀਲ ਇੰਚਾਰਜ ਭਾਰਤ ਸਵਾਭਿਮਾਨ ਟਰੱਸਟ, ਰਾਧਾ ਸਰੀਨ ਜ਼ਿਲ੍ਹਾ ਮੀਡੀਆ ਇੰਚਾਰਜ ਪਤੰਜਲੀ ਯੋਗ ਪੀਠ, ਤੇਜਸਵੀ ਭਾਰਦਵਾਜ, ਆਸ਼ੂ ਸਾਂਪਲਾ, ਭਾਰਤੀ ਸ਼ਰਮਾ, ਰਮਨ ਨਹਿਰਾ, ਅਮਿਤ ਪੁਰੀ, ਰਜਿੰਦਰ ਕਰਵਲ, ਸੁਰਿੰਦਰ ਸ਼ਿੰਗਾਰੀ, ਵਿਨੋਦ ਸ਼ਰਮਾ, ਸ਼ਰਨਜੀਤ ਕੌਰ, ਨੀਰਜਾ ਚੱਢਾ, ਚੇਤਨ ਮਾਇਆ, ਯੋਗਾ ਟਰੇਨਰ ਸਰਬਜੀਤ ਸੈਣੀ, ਚੰਚਲ ਸੇਠ, ਸਲੋਨੀ ਮਿੱਤਲ ਤੇ ਨੀਰਜਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।