ਅਡਾਨੀ ਨੂੰ ਕੰਮ ਦਿਵਾਉਣ ਲਈ ਵਿਦੇਸ਼ੀ ਦੌਰੇ ਕਰ ਰਹੇ ਨੇ ਪੀਐੱਮ ਮੋਦੀ : ਧਾਲੀਵਾਲ ਆਪਣੇ ਦੋਸਤ ਅਡਾਨੀ ਨੂੰ ਧੰਦਾ ਦਿਵਾਉਣ ਲਈ ਵਿਦੇਸ਼ੀ ਦੌਰੇ ਕਰ ਰਹੇ ਹਨ ਪ੍ਰਧਾਨ ਮੰਤਰੀ ਮੋਦੀ: ਧਾਲੀਵਾਲ
Publish Date: Wed, 02 Sep 2026 09:27 PM (IST)
Updated Date: Thu, 03 Sep 2026 04:07 AM (IST)
ਕੈਪਸ਼ਨ-02ਪੀਐਚਜੀ23 ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ। ਵਿਜੇ ਸੋਨੀ, ਪੰਜਾਬੀ ਜਾਗਰਣ ਫਗਵਾੜਾ : ਸਾਬਕਾ ਆਈਏਐੱਸ ਅਧਿਕਾਰੀ ਤੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਹਾਲੀਆ ਵਿਦੇਸ਼ ਦੌਰਿਆਂ ਦਾ ਪੈਟਰਨ ਇਹ ਸਵਾਲ ਖੜ੍ਹਾ ਕਰਦਾ ਹੈ ਕਿ ਕੀ ਸਰਕਾਰੀ ਕੂਟਨੀਤੀ ਦਾ ਲਾਭ ਚੁਣਿੰਦੇ ਉਦਯੋਗਪਤੀਆਂ ਤੱਕ ਹੀ ਸੀਮਤ ਹੋ ਗਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਜਿਨ੍ਹਾਂ ਦੇਸ਼ਾਂ ਦਾ ਦੌਰਾ ਕਰਦੇ ਹਨ, ਉਸ ਤੋਂ ਬਾਅਦ ਉਹਨਾਂ ਹੀ ਦੇਸ਼ਾਂ ਵਿੱਚ ਅਡਾਨੀ ਗਰੁੱਪ ਨੂੰ ਵੱਡੇ ਨਿਵੇਸ਼ ਜਾਂ ਬੁਨਿਆਦੀ ਢਾਂਚੇ ਦੀਆਂ ਯੋਜਨਾਵਾਂ ਵਿੱਚ ਮੌਕੇ ਮਿਲਦੇ ਨਜ਼ਰ ਆਉਂਦੇ ਹਨ। ਉਨ੍ਹਾਂ ਕਿਹਾ ਕਿ ਇਹ ਮਹਿਜ਼ ਇਤਫ਼ਾਕ ਨਹੀਂ, ਸਗੋਂ ਇੱਕ ਅਜਿਹਾ ਪੈਟਰਨ ਹੈ ਜਿਸ ਬਾਰੇ ਦੇਸ਼ ਨੂੰ ਜਵਾਬ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਇਨ੍ਹਾਂ ਪ੍ਰੋਜੈਕਟਾਂ ਅਤੇ ਵਿਦੇਸ਼ ਦੌਰਿਆਂ ਨਾਲ ਜੁੜੇ ਨਿਵੇਸ਼ ਸਮਝੌਤਿਆਂ ਦਾ ਪੂਰਾ ਵੇਰਵਾ ਜਨਤਕ ਕਰੇ। ਧਾਲੀਵਾਲ ਨੇ ਕਿਹਾ ਕਿ ਉਜ਼ਬੇਕਿਸਤਾਨ ਇਸ ਦਾ ਤਾਜ਼ਾ ਉਦਾਹਰਨ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਰਤ ਅਤੇ ਉਜ਼ਬੇਕਿਸਤਾਨ ਵਿਚਕਾਰ ਵਧ ਰਹੇ ਰਣਨੀਤਕ ਸੰਬੰਧਾਂ ਦੇ ਦਰਮਿਆਨ ਅਡਾਨੀ ਗਰੁੱਪ ਦੇ ਊਰਜਾ, ਖਣਨ, ਬੁਨਿਆਦੀ ਢਾਂਚੇ ਅਤੇ ਰੀਅਲ ਐਸਟੇਟ ਖੇਤਰਾਂ ਵਿੱਚ ਵੱਡੇ ਨਿਵੇਸ਼ ਪ੍ਰਸਤਾਵਾਂ ਤੇ ਚਰਚਾ ਹੋਈ ਹੈ। ਜਨਤਕ ਤੌਰ ਤੇ ਉਪਲਬਧ ਜਾਣਕਾਰੀ ਅਨੁਸਾਰ, ਉਜ਼ਬੇਕਿਸਤਾਨ ਸਰਕਾਰ ਅਤੇ ਅਡਾਨੀ ਗਰੁੱਪ ਦੇ ਅਧਿਕਾਰੀਆਂ ਵਿਚਕਾਰ ਇਨ੍ਹਾਂ ਖੇਤਰਾਂ ਵਿੱਚ ਸਹਿਯੋਗ ਵਧਾਉਣ ਸਬੰਧੀ ਮੀਟਿੰਗਾਂ ਵੀ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੀਲੰਕਾ ਵਿੱਚ ਵੀ ਇਹੋ ਜਿਹੀ ਤਸਵੀਰ ਵੇਖਣ ਨੂੰ ਮਿਲੀ। ਭਾਰਤ-ਸ਼੍ਰੀਲੰਕਾ ਸੰਬੰਧ ਮਜ਼ਬੂਤ ਹੋਣ ਤੋਂ ਬਾਅਦ ਕੋਲੰਬੋ ਵੈਸਟ ਇੰਟਰਨੈਸ਼ਨਲ ਟਰਮੀਨਲ ਵਰਗੇ ਰਣਨੀਤਕ ਬੰਦਰਗਾਹ ਪ੍ਰੋਜੈਕਟ ਵਿੱਚ ਅਡਾਨੀ ਗਰੁੱਪ ਮੁੱਖ ਭਾਗੀਦਾਰ ਬਣ ਗਿਆ। ਇਹ ਲਗਭਗ 800 ਮਿਲੀਅਨ ਡਾਲਰ ਦਾ ਪ੍ਰੋਜੈਕਟ ਹੈ, ਜਿਸ ਨੂੰ 35 ਸਾਲਾਂ ਦੇ ਬੀਓਟੀ ਮਾਡਲ ਤਹਿਤ ਵਿਕਸਿਤ ਕੀਤਾ ਜਾ ਰਿਹਾ ਹੈ। ਧਾਲੀਵਾਲ ਨੇ ਇਜ਼ਰਾਈਲ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਰਤ-ਇਜ਼ਰਾਈਲ ਸੰਬੰਧਾਂ ਦੇ ਮਜ਼ਬੂਤ ਹੋਣ ਦੇ ਦੌਰਾਨ ਅਡਾਨੀ ਗਰੁੱਪ ਨੇ ਹਾਈਫਾ ਪੋਰਟ ਦਾ ਅਧਿਗ੍ਰਹਿਣ ਕੀਤਾ, ਜੋ ਦੇਸ਼ ਦੇ ਸਭ ਤੋਂ ਮਹੱਤਵਪੂਰਨ ਬੰਦਰਗਾਹਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਅਤੇ ਖੇਤਰੀ ਵਪਾਰ ਲਈ ਬੇਹੱਦ ਰਣਨੀਤਕ ਮਹੱਤਵ ਰੱਖਦਾ ਹੈ। ਉਨ੍ਹਾਂ ਕਿਹਾ ਕਿ ਤਨਜ਼ਾਨੀਆ ’ਚ ਵੀ ਅਡਾਨੀ ਪੋਰਟਸ ਨੇ ਦਾਰ-ਏਸ-ਸਲਾਮ ਬੰਦਰਗਾਹ ਦੇ ਕੰਟੇਨਰ ਟਰਮੀਨਲ-2 ਦਾ ਸੰਚਾਲਨ ਆਪਣੇ ਹੱਥ ’ਚ ਲਿਆ, ਜਿਸ ਨੂੰ ਪੂਰਬੀ ਅਫ਼ਰੀਕਾ ਦੇ ਸਭ ਤੋਂ ਮਹੱਤਵਪੂਰਨ ਲਾਜਿਸਟਿਕਸ ਕੇਂਦਰਾਂ ਵਿੱਚ ਗਿਣਿਆ ਜਾਂਦਾ ਹੈ।