ਫਲੂ ਹੋਣ 'ਤੇ ਸਮੇਂ ਸਿਰ ਡਾਕਟਰੀ ਸਲਾਹ ਲਵੋ : ਡਾ. ਪਰਾਸ਼ਰ ਸਾਵਧਾਨੀ ਹੀ ਬਚਾਅ ਫਲੂ ਦੇ ਲੱਛਣ ਹੋਣ 'ਤੇ ਸਮੇਂ ਸਿਰ ਡਾਕਟਰੀ ਸਲਾਹ ਲਵੋ : ਡਾਕਟਰ ਪਰਾਸ਼ਰ
Publish Date: Thu, 27 Aug 2026 06:59 PM (IST)
Updated Date: Thu, 27 Aug 2026 07:01 PM (IST)
--ਸਵਾਈਨ ਫਲੂ ਤੋਂ ਬਚਾਅ ਲਈ ਸਿਹਤ ਵਿਭਾਗ ਕਪੂਰਥਲਾ ਵੱਲੋਂ ਐਡਵਾਈਜ਼ਰੀ ਜਾਰੀ ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : ਮੌਸਮ ਵਿੱਚ ਤਬਦੀਲੀ ਦੇ ਮੱਦੇਨਜ਼ਰ ਸਵਾਈਨ ਫਲੂ ਤੋਂ ਬਚਾਅ ਲਈ ਸਿਹਤ ਵਿਭਾਗ ਕਪੂਰਥਲਾ ਵੱਲੋਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ। ਸਿਵਲ ਸਰਜਨ ਕਪੂਰਥਲਾ ਡਾ. ਰਾਜੀਵ ਪਰਾਸ਼ਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਫਲੂ ਦੇ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ ਤੇ ਲੱਛਣ ਦਿਖਾਈ ਦੇਣ ਤੇ ਸਮੇਂ ਸਿਰ ਡਾਕਟਰੀ ਸਲਾਹ ਲਈ ਜਾਵੇ। ਉਨ੍ਹਾਂ ਦੱਸਿਆ ਕਿ ਸਵਾਈਨ ਫਲੂ ਦੇ ਮੁੱਖ ਲੱਛਣਾਂ ਵਿੱਚ ਬੁਖਾਰ, ਖੰਘ, ਗਲੇ ਵਿੱਚ ਦਰਦ, ਨੱਕ ਵਗਣਾ ਜਾਂ ਬੰਦ ਹੋਣਾ, ਸਿਰ ਦਰਦ, ਸਰੀਰ ਵਿੱਚ ਦਰਦ ਤੇ ਥਕਾਵਟ ਆਦਿ ਸ਼ਾਮਲ ਹੋ ਸਕਦੇ ਹਨ। ਕੁਝ ਮਰੀਜ਼ਾਂ ਵਿੱਚ ਸਾਹ ਲੈਣ ਵਿੱਚ ਤਕਲੀਫ਼ ਵਰਗੇ ਗੰਭੀਰ ਲੱਛਣ ਵੀ ਹੋ ਸਕਦੇ ਹਨ । ਡਾ. ਰਾਜੀਵ ਪਰਾਸ਼ਰ ਨੇ ਕਿਹਾ ਕਿ ਬਚਾਅ ਲਈ ਖੰਘਦੇ ਜਾਂ ਛਿੱਕਦੇ ਸਮੇਂ ਮੂੰਹ ਤੇ ਨੱਕ ਨੂੰ ਰੁਮਾਲ/ਟਿਸ਼ੂ ਨਾਲ ਢੱਕੋ, ਵਾਰ-ਵਾਰ ਹੱਥ ਸਾਬਣ ਨਾਲ ਧੋਵੋ, ਭੀੜ ਵਾਲੀਆਂ ਥਾਵਾਂ ਤੇ ਜਾਣ ਤੋਂ ਬਚੋ ਤੇ ਬਿਮਾਰ ਵਿਅਕਤੀ ਦੇ ਨਜ਼ਦੀਕੀ ਸੰਪਰਕ ਤੋਂ ਪਰਹੇਜ਼ ਕਰੋ। ਲੱਛਣ ਹੋਣ ਦੀ ਸਥਿਤੀ ਵਿੱਚ ਆਪਣੇ-ਆਪ ਦਵਾਈ ਲੈਣ ਦੀ ਬਜਾਏ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਸਿਵਲ ਸਰਜਨ ਡਾਕਟਰ ਪਰਾਸ਼ਰ ਨੇ ਕਿਹਾ ਕਿ ਸਾਵਧਾਨੀ ਹੀ ਬਚਾਅ ਹੈ ਫਲੂ ਦੇ ਲੱਛਣ ਹੋਣ ਤੇ ਸਮੇਂ ਸਿਰ ਡਾਕਟਰੀ ਸਲਾਹ ਲਵੋ ਤੇ ਦੂਜਿਆਂ ਨੂੰ ਸੰਕਰਮਣ ਤੋਂ ਬਚਾਉਣ ਲਈ ਜ਼ਿੰਮੇਵਾਰੀ ਨਾਲ ਵਿਵਹਾਰ ਕਰੋ। ਉਨ੍ਹਾਂ ਨੇ ਖਾਸ ਤੌਰ ਤੇ ਬੱਚਿਆਂ, ਬਜ਼ੁਰਗਾਂ, ਗਰਭਵਤੀ ਮਹਿਲਾਵਾਂ ਤੇ ਪਹਿਲਾਂ ਤੋਂ ਕਿਸੇ ਬਿਮਾਰੀ ਤੋਂ ਪੀੜਤ ਵਿਅਕਤੀਆਂ ਨੂੰ ਵਧੇਰੇ ਸਾਵਧਾਨੀ ਵਰਤਣ ਦੀ ਅਪੀਲ ਕੀਤੀ। ਸਿਵਲ ਸਰਜਨ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਫਲੂ ਵਰਗੀਆਂ ਸਾਹ ਦੀਆਂ ਬਿਮਾਰੀਆਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਤੇ ਲੋਕਾਂ ਨੂੰ ਘਬਰਾਉਣ ਦੀ ਬਜਾਏ ਸਾਵਧਾਨੀਆਂ ਦੀ ਪਾਲਣਾ ਕਰਨੀ ਚਾਹੀਦੀ ਹੈ।