ਪ੍ਰਧਾਨ ਸੰਦੀਪ ਕੌਰ ਚੀਮਾ ਨੇ ਕਰਵਾਇਆ ਸੜਕ ਦਾ ਨਿਰਮਾਣ ਸ਼ੁਰੂ ਪ੍ਰਧਾਨ ਸੰਦੀਪ ਕੌਰ ਚੀਮਾ ਨੇ ਕਰਵਾਇਆ ਸੜਕ ਦਾ ਨਿਰਮਾਣ ਸ਼ੁਰੂ
Publish Date: Sun, 04 Oct 2026 08:18 PM (IST)
Updated Date: Mon, 05 Oct 2026 04:08 AM (IST)
ਦੁਕਾਨਦਾਰਾਂ ਦੀ ਮੰਗ ’ਤੇ ਇੰਟਰਲੋਕ ਟਾਈਲਾਂ ਦੀ ਥਾਂ ਬਣੇਗੀ ਲੁੱਕ ਵਾਲੀ ਸੜਕ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ, ਸੁਲਤਾਨਪੁਰ ਲੋਧੀ : ਸ਼ਹਿਰ ਦੇ ਪ੍ਰਮੁੱਖ ਸਦਰ ਬਜ਼ਾਰ ਨੂੰ ਵੱਡੀ ਵਿਕਾਸ ਸੌਗਾਤ ਦਿੰਦਿਆਂ ਨਗਰ ਕੌਂਸਲ ਦੀ ਪ੍ਰਧਾਨ ਸੰਦੀਪ ਕੌਰ ਚੀਮਾ ਵੱਲੋਂ ਥਾਣਾ ਸੁਲਤਾਨਪੁਰ ਲੋਧੀ ਚੌਂਕ ਤੋਂ ਲੈ ਕੇ ਚੌਂਕ ਚੇਲਿਆਂ ਤੱਕ ਸੜਕ ਨਿਰਮਾਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ। ਲੰਮੇ ਸਮੇਂ ਤੋਂ ਇਸ ਰਸਤੇ ਦੀ ਹਾਲਤ ਨੂੰ ਲੈ ਕੇ ਦੁਕਾਨਦਾਰਾਂ ਅਤੇ ਸ਼ਹਿਰ ਵਾਸੀਆਂ ਵੱਲੋਂ ਕੀਤੀ ਜਾ ਰਹੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਹੁਣ ਇੱਥੇ ਇੰਟਰਲੋਕ ਟਾਈਲਾਂ ਦੀ ਥਾਂ ਲੁੱਕ ਵਾਲੀ ਸੜਕ ਬਣਾਈ ਜਾ ਰਹੀ ਹੈ। ਨਿਰਮਾਣ ਕਾਰਜ ਦੀ ਸ਼ੁਰੂਆਤ ਮੌਕੇ ਨਗਰ ਕੌਂਸਲ ਦੀ ਪ੍ਰਧਾਨ ਸੰਦੀਪ ਕੌਰ ਚੀਮਾ ਨੇ ਕਿਹਾ ਕਿ ਨਗਰ ਕੌਂਸਲ ਦਾ ਮੁੱਖ ਮਕਸਦ ਸ਼ਹਿਰ ਵਾਸੀਆਂ ਦੀਆਂ ਲੋੜਾਂ ਅਨੁਸਾਰ ਵਿਕਾਸ ਕਾਰਜ ਕਰਵਾਉਣਾ ਹੈ। ਉਨ੍ਹਾਂ ਦੱਸਿਆ ਕਿ ਸਦਰ ਬਜ਼ਾਰ ਦੇ ਦੁਕਾਨਦਾਰਾਂ ਵੱਲੋਂ ਮੰਗ ਕੀਤੀ ਗਈ ਸੀ ਕਿ ਇੱਥੇ ਲੱਗੀਆਂ ਇੰਟਰਲੋਕ ਟਾਈਲਾਂ ਨੂੰ ਹਟਾ ਕੇ ਲੁੱਕ ਵਾਲੀ ਸੜਕ ਬਣਾਈ ਜਾਵੇ, ਜਿਸ ਤੋਂ ਬਾਅਦ ਨਗਰ ਕੌਂਸਲ ਵੱਲੋਂ ਇਸ ਕੰਮ ਨੂੰ ਪਹਿਲ ਦੇ ਆਧਾਰ ’ਤੇ ਸ਼ੁਰੂ ਕਰਵਾਇਆ ਗਿਆ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਕੰਮ ਨੂੰ ਜਲਦ ਤੋਂ ਜਲਦ ਮੁਕੰਮਲ ਕਰਕੇ ਲੋਕਾਂ ਨੂੰ ਬਿਹਤਰ ਆਵਾਜਾਈ ਸਹੂਲਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਕਾਸ ਦੇ ਕੰਮ ਕਿਸੇ ਪਾਰਟੀ ਜਾਂ ਵਿਅਕਤੀ ਦੇ ਨਹੀਂ, ਸਗੋਂ ਸਮੁੱਚੇ ਸ਼ਹਿਰ ਵਾਸੀਆਂ ਦੇ ਹੁੰਦੇ ਹਨ ਅਤੇ ਲੋਕਾਂ ਦੀਆਂ ਲੋੜਾਂ ਵਾਲੇ ਕੰਮਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਹੀਂ ਆਉਣੀ ਚਾਹੀਦੀ। ਸੰਦੀਪ ਕੌਰ ਚੀਮਾ ਨੇ ਕਿਹਾ ਕਿ ਸਿਆਸੀ ਖਿੱਚੋਤਾਣ ਤੋਂ ਉੱਪਰ ਉੱਠ ਕੇ ਸ਼ਹਿਰ ਦੇ ਵਿਕਾਸ ਨੂੰ ਪਹਿਲ ਦੇਣੀ ਸਮੇਂ ਦੀ ਲੋੜ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਲੋਕਾਂ ਵੱਲੋਂ ਦਿੱਤੀਆਂ ਮੰਗਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਵੇਗਾ ਅਤੇ ਜਿੱਥੇ ਵੀ ਜ਼ਰੂਰਤ ਹੋਵੇਗੀ, ਉੱਥੇ ਨਗਰ ਕੌਂਸਲ ਵੱਲੋਂ ਵਿਕਾਸ ਕਾਰਜ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਸਦਰ ਬਜ਼ਾਰ ਦੀ ਸੜਕ ਸਮੇਤ ਸ਼ਹਿਰ ਦੇ ਹੋਰ ਇਲਾਕਿਆਂ ਵਿੱਚ ਵੀ ਵਿਕਾਸ ਕਾਰਜਾਂ ਨੂੰ ਲਗਾਤਾਰ ਅੱਗੇ ਵਧਾਇਆ ਜਾ ਰਿਹਾ ਹੈ। ਇਹ ਸਾਰੇ ਕੰਮ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰਵਾਏ ਜਾ ਰਹੇ ਹਨ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਸ਼ੋਕ ਕੁਮਾਰ ਮੋਗਲਾ, ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਨਵਨੀਤ ਸਿੰਘ ਚੀਮਾ, ਕੌਂਸਲਰ ਪਵਨ ਕਨੋਜੀਆ, ਕੌਂਸਲਰ ਕਸ਼ਮੀਰ ਸਿੰਘ,ਸਮੁੰਦਰ ਸਿੰਘ ਢਿੱਲੋਂ, ਅਰਸ਼ਜੋਤ ਸਿੰਘ, ਕਰਨ ਚੌਹਾਨ, ਮਾਧਵ ਗੁਪਤਾ, ਯੂਥ ਕਾਂਗਰਸ ਦੇ ਬਲਾਕ ਪ੍ਰਧਾਨ ਸੰਗਮ ਚੀਮਾ, ਹਰਪ੍ਰੀਤ ਸਿੰਘ ਬਬਲਾ, ਸਨਪ੍ਰੀਤ ਸਿੰਘ, ਪਰਮਜੀਤ ਸਿੰਘ ਆਦਿ ਮੌਜੂਦ ਸਨ।