100ਵੇਂ ਰਾਸ਼ਨ ਵੰਡ ਸਮਾਗਮ ਦੀਆਂ ਤਿਆਰੀਆਂ ਜਾਰੀ : ਲਾਇਨ ਕੰਗ ਫਗਵਾੜਾ ‘ਚ 100ਵੇਂ ਰਾਸ਼ਨ ਵੰਡ ਤੇ ਸਲਾਨਾ ਸਨਮਾਨ ਸਮਾਗਮ ਦੀਆਂ ਤਿਆਰੀਆਂ ਜਾਰੀ - ਲਾਇਨ ਗੁਰਦੀਪ ਸਿੰਘ ਕੰਗ
Publish Date: Sun, 13 Sep 2026 08:37 PM (IST)
Updated Date: Sun, 13 Sep 2026 08:41 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਲਾਇਨਜ਼ ਕਲੱਬ ਫਗਵਾੜਾ ਪ੍ਰਾਈਡ ਤੇ ਬਾਬਾ ਬਾਲਕ ਨਾਥ ਸੇਵਾ ਸੁਸਾਇਟੀ ਵੱਲੋਂ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਲਈ ਆਯੋਜਿਤ ਕੀਤੇ ਜਾ ਰਹੇ ਮਹੀਨਾਵਾਰ ਰਾਸ਼ਨ ਵੰਡ ਤੇ ਸਲਾਨਾ ਸਨਮਾਨ ਸਮਾਗਮਾਂ ਦੀ ਲੜੀ ਹੁਣ ਆਪਣੇ 100ਵੇਂ ਪੜਾਅ ’ਤੇ ਪਹੁੰਚ ਗਈ ਹੈ। ਇਸ ਸਬੰਧੀ 20 ਸਤੰਬਰ ਨੂੰ 100ਵਾਂ ਰਾਸ਼ਨ ਵੰਡ ਤੇ ਸਨਮਾਨ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਸ਼ਾਮਲ ਹੋਣ ਲਈ ਕਲੱਬ ਦੇ ਚਾਰਟਰ ਪ੍ਰਧਾਨ ਤੇ ਡਿਸਟ੍ਰਿਕਟ ਚੇਅਰਮੈਨ (321-ਡੀ) ਲਾਇਨ ਗੁਰਦੀਪ ਸਿੰਘ ਕੰਗ (ਐੱਮਜੇਐੱਫ) ਵਲੋਂ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੂੰ ਸੱਦਾ ਪੱਤਰ ਦਿੱਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਲਾਇਨ ਕੰਗ ਨੇ ਦੱਸਿਆ ਕਿ ਸਮਾਗਮ ਦਾ ਸ਼ਾਨਦਾਰ ਆਯੋਜਨ 20 ਸਤੰਬਰ ਦਿਨ ਐਤਵਾਰ ਨੂੰ ਹੋਟਲ ਗਰੈਂਡ ਅੰਬੇਸਡਰ ਰੇਲਵੇ ਰੋਡ ਫਗਵਾੜਾ ਵਿਖੇ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਮਾਗਮ ਦੀਆਂ ਤਿਆਰੀਆਂ ਤੇ ਸੱਦਾ ਪੱਤਰ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਲਦੀ ਹੀ ਤਿਆਰੀਆਂ ਦੀ ਸਮੀਖਿਆ ਸਬੰਧੀ ਮੀਟਿੰਗ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 100ਵਾਂ ਰਾਸ਼ਨ ਵੰਡ ਸਮਾਗਮ ਸਿਰਫ਼ ਇੱਕ ਗਿਣਤੀ ਪੂਰੀ ਹੋਣ ਦਾ ਮੌਕਾ ਨਹੀਂ, ਸਗੋਂ ਲੋੜਵੰਦਾਂ ਦੀ ਸੇਵਾ ਪ੍ਰਤੀ ਸਮਰਪਣ, ਨਿਰੰਤਰਤਾ ਤੇ ਸਮਾਜਿਕ ਜ਼ਿੰਮੇਵਾਰੀ ਦੀ ਇੱਕ ਲੰਬੀ ਯਾਤਰਾ ਦਾ ਪ੍ਰਤੀਕ ਹੈ। ਲਾਇਨਜ਼ ਕਲੱਬ ਫਗਵਾੜਾ ਪ੍ਰਾਈਡ ਤੇ ਬਾਬਾ ਬਾਲਕ ਨਾਥ ਸੇਵਾ ਸੁਸਾਇਟੀ ਵੱਲੋਂ ਮਨੁੱਖਤਾ ਦੀ ਸੇਵਾ ਦੇ ਇਸ ਕਾਰਜ ਨੂੰ ਭਵਿੱਖ ਵਿੱਚ ਵੀ ਪੂਰੀ ਤਨਦੇਹੀ ਨਾਲ ਜਾਰੀ ਰੱਖਿਆ ਜਾਵੇਗਾ। ਲਾਇਨ ਕੰਗ ਨੇ ਕਿਹਾ ਕਿ ਸੇਵਾ ਦੇ ਕਾਰਜਾਂ ਵਿੱਚ ਸਮਾਜ ਦੇ ਹੋਰ ਲੋਕਾਂ ਨੂੰ ਵੀ ਜੋੜਨਾ ਸਮੇਂ ਦੀ ਲੋੜ ਹੈ, ਤਾਂ ਜੋ ਕੋਈ ਵੀ ਲੋੜਵੰਦ ਪਰਿਵਾਰ ਆਪਣੇ-ਆਪ ਨੂੰ ਇਕੱਲਾ ਮਹਿਸੂਸ ਨਾ ਕਰੇ। ਉਨ੍ਹਾਂ 100ਵੇਂ ਸਮਾਗਮ ਨੂੰ ਸਫਲ ਬਣਾਉਣ ਲਈ ਮਿਹਨਤ ਕਰ ਰਹੇ ਸਮੂਹ ਸਹਿਯੋਗੀਆਂ ਤੇ ਸੇਵਾਦਾਰਾਂ ਦਾ ਧੰਨਵਾਦ ਵੀ ਕੀਤਾ। ਜ਼ਿਕਰਯੋਗ ਹੈ ਕਿ ਲਾਇਨ ਗੁਰਦੀਪ ਸਿੰਘ ਕੰਗ ਵੱਲੋਂ ਲਾਇਨਜ਼ ਕਲੱਬ ਫਗਵਾੜਾ ਪ੍ਰਾਈਡ ਰਾਹੀਂ ਸਮਾਜ ਸੇਵਾ ਦੇ ਵੱਖ-ਵੱਖ ਕਾਰਜਾਂ ਨੂੰ ਲਗਾਤਾਰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਡਿਸਟ੍ਰਿਕਟ 321-ਡੀ ਦੇ ਚੇਅਰਮੈਨ (ਯੂਥ) ਵਜੋਂ ਵੀ ਉਹ ਨੌਜਵਾਨਾਂ ਨੂੰ ਸੇਵਾ ਕਾਰਜਾਂ ਲਈ ਪ੍ਰੇਰਿਤ ਕਰਨ ਦੇ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਸਮਾਜ ਸੇਵਾ ਨਾਲ ਜੋੜਨ ਲਈ ਸਰਗਰਮ ਭੂਮਿਕਾ ਨਿਭਾ ਰਹੇ ਹਨ। ਇਸ ਮੌਕੇ ਆਲ ਇੰਡੀਆ ਐਂਟੀ ਕੁਰੱਪਸ਼ਨ ਫੋਰਮ ਦੇ ਜ਼ਿਲ੍ਹਾ ਪ੍ਰਧਾਨ ਚੰਦਰਸ਼ੇਖਰ ਖੁੱਲਰ, ਲਾਇਨ ਸਤਵਿੰਦਰ ਸਿੰਘ ਭਮਰਾ, ਲਾਇਨ ਰੋਹਿਤ ਚੋਪੜਾ, ਸਤਪਾਲ ਕੋਛੜ ਤੇ ਅਜੇ ਕੋਛੜ ਸਮੇਤ ਹੋਰ ਕਲੱਬ ਮੈਂਬਰ ਤੇ ਪਤਵੰਤੇ ਵੀ ਹਾਜ਼ਰ ਸਨ।