ਵਿਆਹ ਪੁਰਬ ਨੂੰ ਲੈ ਕੇ ਸ੍ਰੀ ਬੇਰ ਸਾਹਿਬ ਵਿਖੇ ਤਿਆਰੀਆਂ ਜ਼ੋਰਾਂ ’ਤੇ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਲੈ ਕੇ ਸ੍ਰੀ ਬੇਰ ਸਾਹਿਬ ਵਿਖੇ ਤਿਆਰੀਆਂ ਜ਼ੋਰਾਂ ’ਤੇ
Publish Date: Thu, 03 Sep 2026 10:30 PM (IST)
Updated Date: Thu, 03 Sep 2026 10:31 PM (IST)
-16, 17 ਸਤੰਬਰ ਨੂੰ ਸਜਾਇਆ ਜਾਵੇਗਾ ਵਿਸ਼ਾਲ ਬਰਾਤ ਰੂਪੀ ਨਗਰ ਕੀਰਤਨ -ਲੱਖਾਂ ਸੰਗਤਾਂ ਦੇ ਪਹੁੰਚਣ ਦੀ ਉਮੀਦ, ਪ੍ਰਸ਼ਾਸਨ ਨੂੰ ਪੁਖ਼ਤਾ ਪ੍ਰਬੰਧ ਕਰਨ ਦੀ ਅਪੀਲ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸ੍ਰੀ ਗੁਰੂ ਨਾਨਕ ਦੇਵ ਜੀ ਤੇ ਜਗਤ ਮਾਤਾ ਸੁਲੱਖਣੀ ਜੀ ਦੇ ਪਵਿੱਤਰ ਵਿਆਹ ਪੁਰਬ ਨੂੰ ਲੈ ਕੇ ਸੁਲਤਾਨਪੁਰ ਲੋਧੀ ਵਿੱਚ ਧਾਰਮਿਕ ਸਮਾਗਮਾਂ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਇਸ ਸਬੰਧੀ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਜਾਣ ਵਾਲੇ ਸਮਾਗਮਾਂ ਸਬੰਧੀ ਪੋਸਟਰ ਵੀ ਜਾਰੀ ਕੀਤਾ ਗਿਆ। ਮੀਟਿੰਗ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਕੌਰ ਰੂਹੀ ਤੇ ਜਥੇਦਾਰ ਜਰਨੈਲ ਸਿੰਘ ਡੋਗਰਾਵਾਲ ਨੇ ਦੱਸਿਆ ਕਿ 16 ਤੇ 17 ਸਤੰਬਰ ਨੂੰ ਵਿਆਹ ਪੁਰਬ ਦੀ ਯਾਦ ਵਿੱਚ ਵਿਸ਼ਾਲ ਬਰਾਤ ਰੂਪੀ ਨਗਰ ਕੀਰਤਨ ਸਜਾਇਆ ਜਾਵੇਗਾ। ਇਸ ਇਤਿਹਾਸਕ ਮੌਕੇ ’ਤੇ ਵੱਡੀ ਗਿਣਤੀ ਵਿੱਚ ਸੰਗਤ ਦੇ ਸੁਲਤਾਨਪੁਰ ਲੋਧੀ ਪਹੁੰਚਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਮਹੱਤਤਾ ਹੈ ਤੇ ਇਸ ਪਵਿੱਤਰ ਦਿਹਾੜੇ ਮੌਕੇ ਦੇਸ਼-ਵਿਦੇਸ਼ ਤੋਂ ਸੰਗਤ ਸੁਲਤਾਨਪੁਰ ਲੋਧੀ ਵਿਖੇ ਨਤਮਸਤਕ ਹੋਣ ਲਈ ਪਹੁੰਚਦੀ ਹੈ। ਇਸ ਲਈ ਧਾਰਮਿਕ ਸਮਾਗਮਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਪ੍ਰਬੰਧਾਂ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾ ਰਿਹਾ ਹੈ। ਐੱਸਜੀਪੀਸੀ ਮੈਂਬਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਵੀ ਪੁਖ਼ਤਾ ਪ੍ਰਬੰਧ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਵਿਆਹ ਪੁਰਬ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਦੀ ਆਮਦ ਨੂੰ ਦੇਖਦਿਆਂ ਟ੍ਰੈਫਿਕ ਵਿਵਸਥਾ, ਪਾਰਕਿੰਗ, ਸੁਰੱਖਿਆ ਤੇ ਹੋਰ ਬੁਨਿਆਦੀ ਸਹੂਲਤਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਪੁਲਿਸ ਪ੍ਰਸ਼ਾਸਨ ਨੂੰ ਆਵਾਜਾਈ ਨੂੰ ਸੁਚਾਰੂ ਰੱਖਣ ਲਈ ਜ਼ਰੂਰਤ ਅਨੁਸਾਰ ਰੂਟਾਂ ਨੂੰ ਵਨ-ਵੇ ਕਰਨ ਤੇ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕਰਨ ਦੀ ਵੀ ਅਪੀਲ ਕੀਤੀ ਗਈ। ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਹਰ ਸਾਲ ਅਲੌਕਿਕ ਬਰਾਤ ਰੂਪੀ ਨਗਰ ਕੀਰਤਨ ਸਜਾਇਆ ਜਾਂਦਾ ਹੈ। ਇਹ ਨਗਰ ਕੀਰਤਨ ਵੱਖ-ਵੱਖ ਪੜਾਵਾਂ ਵਿੱਚੋਂ ਹੁੰਦਾ ਹੋਇਆ ਬਾਬਾ ਬਕਾਲਾ ਸਾਹਿਬ ਦੇ ਰਸਤੇ ਰਾਤ ਸਮੇਂ ਗੁਰਦੁਆਰਾ ਸਤਿਕਰਤਾਰੀਆ ਸਾਹਿਬ ਵਿਖੇ ਵਿਸ਼ਰਾਮ ਕਰਦਾ ਹੈ। ਵਿਆਹ ਪੁਰਬ ਵਾਲੇ ਦਿਨ ਸਵੇਰੇ 7 ਵਜੇ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਤੋਂ ਨਗਰ ਕੀਰਤਨ ਦੀ ਸ਼ੁਰੂਆਤ ਹੁੰਦੀ ਹੈ, ਜੋ ਬਟਾਲਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਪਹੁੰਚਦਾ ਹੈ। ਇਸ ਮੌਕੇ ਬਾਬਾ ਜਸਪਾਲ ਸਿੰਘ ਨੀਲਾ, ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਭਾਈ ਅਵਤਾਰ ਸਿੰਘ, ਰਾਜਾ ਗੁਰਪ੍ਰੀਤ ਸਿੰਘ, ਜਥੇਦਾਰ ਗੁਰਦਿਆਲ ਸਿੰਘ ਖਾਲਸਾ, ਹੈੱਡ ਗ੍ਰੰਥੀ ਹਜਿੰਦਰ ਸਿੰਘ, ਇੰਦਰਜੀਤ ਸਿੰਘ ਲਾਟੀਆਵਾਲ, ਜਗਜੀਤ ਸਿੰਘ, ਮੈਨੇਜਰ ਕੁਲਵਿੰਦਰ ਸਿੰਘ ਬਾਉਲੀ ਸਾਹਿਬ ਡੱਲਾ, ਮੀਤ ਮੈਨੇਜਰ ਭਾਈ ਗੁਰਪ੍ਰੀਤ ਸਿੰਘ, ਮੀਤ ਮੈਨੇਜਰ ਭਾਈ ਚੈਚਲ ਸਿੰਘ ਆਹਲੀ, ਗੁਰੂ ਤੇਗ ਬਹਾਦਰ ਨੌਜਵਾਨ ਸਭਾ ਦੇ ਪ੍ਰਧਾਨ ਜਸਕਰਨਬੀਰ ਸਿੰਘ ਗੋਲਡੀ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ ।