ਸ਼ੋਭਾ ਯਾਤਰਾ ਦੀਆਂ ਤਿਆਰੀਆਂ ਜਾਰੀ : ਖੋਸਲਾ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਜੋਰ-ਸ਼ੋਰ ਨਾਲ ਜਾਰੀ : ਅਰੁਣ ਖੋਸਲਾ
Publish Date: Thu, 27 Aug 2026 07:32 PM (IST)
Updated Date: Thu, 27 Aug 2026 07:34 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸ਼੍ਰੀ ਰਾਧਾ ਕ੍ਰਿਸ਼ਨ ਸੇਵਾ ਸੰਮਤੀ ਦੀ ਇਕ ਮੀਟਿੰਗ ਸ਼੍ਰੀ ਗੀਤਾ ਭਵਨ ਮੰਦਰ ਕਟੈਹਰਾ ਚੌਂਕ ਫਗਵਾੜਾ ਵਿਖੇ ਕਮੇਟੀ ਪ੍ਰਧਾਨ ਅਰੁਣ ਖੋਸਲਾ ਸਾਬਕਾ ਮੇਅਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ 2 ਸਤੰਬਰ ਨੂੰ ਸਜਾਈ ਜਾ ਰਹੀ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਉਪਰੰਤ ਜਾਣਕਾਰੀ ਦਿੰਦਿਆਂ ਪ੍ਰਧਾਨ ਅਰੁਣ ਖੋਸਲਾ ਨੇ ਦੱਸਿਆ ਕਿ ਸ਼ੋਭਾ ਯਾਤਰਾ ਦਾ ਸ਼ੁੱਭ ਆਰੰਭ 2 ਸਤੰਬਰ ਦਿਨ ਬੁੱਧਵਾਰ ਨੂੰ ਬਾਅਦ ਦੁਪਿਹਰ 3 ਵਜੇ ਹਰ ਸਾਲ ਦੀ ਤਰ੍ਹਾਂ ਮੋਨੀ ਬਾਬਾ ਮੰਦਿਰ, ਪੁਰਾਣੀ ਦਾਣਾ ਮੰਡੀ ਤੋਂ ਰਸਮੀ ਪੂਜਾ ਅਰਚਨਾ ਉਪਰੰਤ ਹੋਵੇਗਾਤ ਜੋ ਗੁਰੂ ਹਰਗੋਬਿੰਦ ਨਗਰ, ਮੰਡੀ ਰੋਡ, ਗੁੜ ਮੰਡੀ ਰੋਡ, ਗਾਂਧੀ ਚੌਕ, ਬੰਸਾਵਾਲਾ ਬਾਜ਼ਾਰ, ਗਊਸ਼ਾਲਾ ਰੋਡ, ਸਰਾਏ ਰੋਡ ਤੋਂ ਹੁੰਦੀ ਹੋਈ ਵਾਪਸ ਮੌਨੀ ਬਾਬਾ ਮੰਦਰ ਵਿਖੇ ਆਰਤੀ ਦੇ ਨਾਲ ਸਮਾਪਤ ਹੋਵੇਗੀ। ਅਰੁਣ ਖੋਸਲਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਯਾਤਰਾ ਵਿੱਚ ਬੈਂਡ, ਢੋਲ, ਨਗਾੜਿਆਂ ਤੋਂ ਇਲਾਵਾ ਫਗਵਾੜਾ, ਕੁਰੂਕਸ਼ੇਤਰ, ਰਾਜਪੁਰਾ, ਜਲੰਧਰ, ਲੁਧਿਆਣਾ, ਹੁਸ਼ਿਆਰਪੁਰ, ਮੁਕੇਰੀਆਂ ਤੋਂ ਪਹੁੰਚ ਰਹੀਆਂ ਸ਼੍ਰੀ ਕ੍ਰਿਸ਼ਨ ਜੀ ਦੇ ਜੀਵਨ ਨਾਲ ਸਬੰਧਤ ਸੁੰਦਰ ਝਾਕੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਬਣਨਗੀਆਂ, ਜਿਸ ਤੋਂ ਬਾਅਦ 4 ਸਤੰਬਰ ਦਿਨ ਸ਼ੁੱਕਰਵਾਰ ਨੂੰ ਜਨਮ ਅਸ਼ਟਮੀ ਉਤਸਵ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਮੰਦਰਾਂ ਨੂੰ ਸੁੰਦਰ ਲਾਈਟਾਂ ਨਾਲ ਸਜਾਇਆ ਜਾਵੇਗਾ। ਮੰਦਰਾਂ ਵਿੱਚ ਵੀ ਸੁੰਦਰ ਝਾਕੀਆਂ ਸਜਾਈਆਂ ਜਾਣਗੀਆਂ। ਇਸ ਦੌਰਾਨ ਸ਼੍ਰੀ ਕ੍ਰਿਸ਼ਨ ਭਗਤ ਤੇ ਸੰਮਤੀ ਦੇ ਸੇਵਾਦਾਰ ਸ਼ਿਵ ਕਨੌਜੀਆ ਨੇ ਸਮੂਹ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਹਰ ਸਾਲ ਦੀ ਤਰ੍ਹਾਂ ਸ਼ੋਭਾ ਯਾਤਰਾ ਦਾ ਸਵਾਗਤ ਸੁੰਦਰ ਸਵਾਗਤੀ ਗੇਟਾਂ ਤੇ ਲੰਗਰਾਂ ਦੇ ਨਾਲ ਪੂਰੀ ਸ਼ਰਧਾ ਸਹਿਤ ਕਰਦੇ ਹੋਏ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਕ੍ਰਿਪਾ ਦੇ ਭਾਗੀ ਬਣਨ। ਇਸ ਮੌਕੇ ਵਿਨੋਦ ਸੂਦ, ਰਮਨ ਨਹਿਰਾ, ਅਨਿਲ ਸ਼ਰਮਾ, ਗੁਰਦੀਪ ਸਿੰਘ ਕੰਗ, ਰਜਨੀਸ਼ ਪਸਰੀਚਾ, ਅਮਿਤ ਵਰਮਾ, ਰਾਜਨ ਵਧਾਵਨ, ਲਾਡੀ ਖੋਸਲਾ, ਕਨਵ ਸੂਦ, ਹੈੱਪੀ ਬਰੋਕਰ, ਈਸ਼ੂ ਵਧਾਵਨ, ਯਸ਼ੂ ਖੋਸਲਾ ਆਦਿ ਹਾਜ਼ਰ ਸਨ।