ਨਿਰੰਕਾਰੀ ਸੰਤ ਸਮਾਗਮ ਦੀਆਂ ਤਿਆਰੀਆਂ ਅੰਤਿਮ ਪੜਾਅ ’ਤੇ ਜਾਗ੍ਰਿਤੀ ਦੀ ਜੋਤ ਵਿੱਚ ਨਿਰੰਕਾਰੀ ਸੰਤ ਸਮਾਗਮ ਦੀਆਂ ਤਿਆਰੀਆਂ ਅੰਤਿਮ ਪੜਾਅ ’ਤੇ
Publish Date: Sun, 18 Oct 2026 09:46 PM (IST)
Updated Date: Sun, 18 Oct 2026 09:48 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਜਿੱਥੇ ਬ੍ਰਹਮ ਗਿਆਨ ਰਾਹੀਂ ਚੇਤਨਾ ਜਾਗ੍ਰਿਤ ਹੁੰਦੀ ਹੈ, ਪ੍ਰੇਮ ਨਾਲ ਹਿਰਦਾ ਰੌਸ਼ਨ ਹੁੰਦਾ ਹੈ ਤੇ ਸੇਵਾ ਜੀਵਨ ਦਾ ਸੰਕਲਪ ਬਣ ਜਾਂਦੀ ਹੈ, ਉੱਥੇ ਸੰਤ ਸਮਾਗਮ ਆਤਮਿਕ ਜਾਗ੍ਰਿਤੀ ਦਾ ਅਜਿਹਾ ਪਾਵਨ ਉਤਸਵ ਬਣ ਜਾਂਦਾ ਹੈ, ਜੋ ਮਨੁੱਖ ਨੂੰ ਆਪਣੇ ਅੰਦਰ ਝਾਤੀ ਮਾਰਨ ਅਤੇ ਪਰਮਾਤਮਾ ਨਾਲ ਜੁੜਨ ਦੀ ਪ੍ਰੇਰਣਾ ਦਿੰਦਾ ਹੈ। ਸੰਤ ਨਿਰੰਕਾਰੀ ਮੰਡਲ ਜ਼ੋਨ ਕਪੂਰਥਲਾ ਦੇ ਜ਼ੋਨਲ ਇੰਚਾਰਜ ਗੁਲਸ਼ਨ ਲਾਲ ਆਹੂਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਇਸੇ ਦਿਵਯ ਭਾਵਨਾ ਤੇ ਅਧਿਆਤਮਿਕ ਚੇਤਨਾ ਨੂੰ ਸਾਕਾਰ ਕਰਦਿਆਂ, ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੀ ਪਾਵਨ ਛਤਰ-ਛਾਇਆ ਹੇਠ 79ਵਾਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ 23 ਤੋਂ 26 ਅਕਤੂਬਰ, 2026 ਤੱਕ ਸੰਤ ਨਿਰੰਕਾਰੀ ਅਧਿਆਤਮਿਕ ਸਥਲ, ਸਮਾਲਖਾ ਵਿਖੇ ਆਯੋਜਿਤ ਹੋਣ ਜਾ ਰਿਹਾ ਹੈ। ਦੇਸ਼-ਵਿਦੇਸ਼ ਤੋਂ ਹਜ਼ਾਰਾਂ ਸ਼ਰਧਾਲੂ ਇਸ ਪਾਵਨ ਮੌਕੇ ’ਤੇ ਇਕੱਠੇ ਹੋ ਕੇ ਸਤਿਸੰਗ, ਸੇਵਾ, ਪ੍ਰੇਮ ਤੇ ਭਗਤੀ ਦੇ ਇਸ ਦਿਵਯ ਮਿਲਾਪ ਵਿੱਚ ਸ਼ਾਮਲ ਹੋਣਗੇ। ਸ਼ਰਧਾਲੂਆਂ ਦੀ ਵਧਦੀ ਸ਼ਮੂਲੀਅਤ ਦੇ ਨਾਲ ਸਮਾਗਮ ਸਥਲ ਦੀਆਂ ਤਿਆਰੀਆਂ ਹੁਣ ਅੰਤਿਮ ਪੜਾਅ ’ਤੇ ਪਹੁੰਚ ਚੁੱਕੀਆਂ ਹਨ। ਸੰਤਾਂ ਦੀ ਨਿਸ਼ਕਾਮ ਸੇਵਾ, ਮਿਹਨਤ ਤੇ ਸਮਰਪਣ ਸਦਕਾ ਆਮ ਜਿਹਾ ਦਿਖਾਈ ਦੇਣ ਵਾਲਾ ਮੈਦਾਨ ਅੱਜ ਇੱਕ ਵਿਸ਼ਾਲ ਤੇ ਦਿਵਯ ਅਧਿਆਤਮਿਕ ਨਗਰੀ ਦਾ ਰੂਪ ਧਾਰਨ ਕਰ ਚੁੱਕਾ ਹੈ। ਵਿਸ਼ਾਲ ਪੰਡਾਲਾਂ ਵਿੱਚ ਸ਼ਰਧਾਲੂਆਂ ਲਈ ਸੁਚੱਜੇ ਪ੍ਰਬੰਧ ਕੀਤੇ ਗਏ ਹਨ। ਇਸ ਦੇ ਨਾਲ ਹੀ ਅਤਿ-ਆਧੁਨਿਕ ਐੱਲਈਡੀ ਸਕ੍ਰੀਨਾਂ ਲਗਾਈਆਂ ਜਾ ਰਹੀਆਂ ਹਨ, ਤਾਂ ਜੋ ਸਮਾਗਮ ਸਥਲ ਦੇ ਹਰ ਕੋਨੇ ਵਿੱਚ ਬੈਠੇ ਸ਼ਰਧਾਲੂ ਪ੍ਰੇਰਨਾਦਾਇਕ ਪ੍ਰਵਚਨਾਂ, ਭਾਵਪੂਰਨ ਭਜਨਾਂ ਤੇ ਅਧਿਆਤਮਿਕ ਵਿਚਾਰਾਂ ਨੂੰ ਆਸਾਨੀ ਨਾਲ ਦੇਖ ਤੇ ਸੁਣ ਸਕਣ ਤੇ ਸਤਿਸੰਗ ਦੀ ਭਾਵਧਾਰਾ ਨਾਲ ਜੁੜ ਸਕਣ। ਇਹ ਸੰਤ ਸਮਾਗਮ ਕੇਵਲ ਇੱਕ ਸਾਲਾਨਾ ਸਮਾਗਮ ਹੀ ਨਹੀਂ, ਸਗੋਂ ਬ੍ਰਹਮ ਗਿਆਨ, ਭਗਤੀ, ਸਮਰਪਣ ਤੇ ਆਤਮਿਕ ਜਾਗ੍ਰਿਤੀ ਦਾ ਪਾਵਨ ਸੰਗਮ ਹੈ। ਇੱਥੇ ਸ਼ਰਧਾਲੂ ਆਪਣੀ ਅੰਦਰੂਨੀ ਚੇਤਨਾ ਨੂੰ ਜਾਗ੍ਰਿਤ ਕਰਨ, ਪਰਮਾਤਮਾ ਨਾਲ ਆਪਣੇ ਸਬੰਧ ਨੂੰ ਅਨੁਭਵ ਕਰਨ ਤੇ ਵਿਸ਼ਵ ਭਾਈਚਾਰੇ, ਆਪਸੀ ਸਦਭਾਵਨਾ ਤੇ ਨਿਸ਼ਕਾਮ ਸੇਵਾ ਵਰਗੀਆਂ ਮਾਨਵੀ ਕਦਰਾਂ-ਕੀਮਤਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦੀ ਪ੍ਰੇਰਣਾ ਪ੍ਰਾਪਤ ਕਰਦੇ ਹਨ। ਸੰਤ ਸਮਾਗਮ ਦੀ ਇਹੀ ਭਾਵਨਾ ਮਨੁੱਖ ਨੂੰ ਬਾਹਰੀ ਪ੍ਰਾਪਤੀਆਂ ਤੋਂ ਅੱਗੇ ਵਧ ਕੇ ਆਪਣੇ ਅੰਦਰ ਦੀ ਅਧਿਆਤਮਕ ਅਮੀਰੀ ਨੂੰ ਪਛਾਣਨ ਦਾ ਮੌਕਾ ਪ੍ਰਦਾਨ ਕਰਦੀ ਹੈ।