ਜਨਮ ਅਸ਼ਟਮੀ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਜਾਰੀ : ਅਰੁਣ ਖੋਸਲਾ ਸ਼੍ਰੀ ਰਾਧਾ-ਕ੍ਰਿਸ਼ਨ ਸੇਵਾ ਸੰਮਤੀ ਵਲੋਂ ਜਨਮ ਅਸ਼ਟਮੀ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਜੰਗੀ ਪੱਧਰ ’ਤੇ ਜਾਰੀ : ਅਰੁਣ ਖੋਸਲਾ
Publish Date: Thu, 06 Aug 2026 07:17 PM (IST)
Updated Date: Thu, 06 Aug 2026 07:19 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸ਼੍ਰੀ ਰਾਧਾ ਕ੍ਰਿਸ਼ਨ ਸੇਵਾ ਸੰਮਤੀ ਵੱਲੋਂ ਜਨਮ ਅਸ਼ਟਮੀ ਨੂੰ ਸਮਰਪਿਤ ਸਜਾਈ ਜਾਣ ਵਾਲੀ ਵਿਸ਼ਾਲ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਜੰਗੀ ਪੱਧਰ ‘ਤੇ ਜਾਰੀ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਮਤੀ ਪ੍ਰਧਾਨ ਅਰੁਣ ਖੋਸਲਾ ਸਾਬਕਾ ਮੇਅਰ ਨੇ ਦੱਸਿਆ ਕਿ 2 ਸਤੰਬਰ ਨੂੰ ਫਗਵਾੜਾ ‘ਚ ਸ਼ੋਭਾ ਯਾਤਰਾ ਦੀ ਰੌਣਕ ਵਧਾਉਣ ਲਈ ਪਤਵੰਤਿਆਂ ਨੂੰ ਸੱਦਾ ਪੱਤਰ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਲੜੀ ਤਹਿਤ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਤੇ ਐੱਸਐੱਸਪੀ ਕਪੂਰਥਲਾ ਗੌਰਵ ਤੂਰਾ ਨੂੰ ਸੱਦਾ ਪੱਤਰ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਇਲਾਕੇ ਦੀਆਂ ਉੱਘੀਆਂ ਸ਼ਖ਼ਸੀਅਤਾਂ ਨੂੰ ਸੱਦਾ ਪੱਤਰ ਦੇਣ ਦਾ ਕੰਮ ਜਲਦੀ ਮੁਕੰਮਲ ਕਰ ਲਿਆ ਜਾਵੇਗਾ। ਸ਼ੋਭਾ ਯਾਤਰਾ ਹਰ ਸਾਲ ਦੀ ਤਰ੍ਹਾਂ 2 ਸਤੰਬਰ ਦਿਨ ਬੁੱਧਵਾਰ ਨੂੰ ਬਾਅਦ ਦੁਪਿਹਰ 3 ਵਜੇ ਮੋਨੀ ਬਾਬਾ ਮੰਦਿਰ, ਪੁਰਾਣੀ ਦਾਣਾ ਮੰਡੀ ਤੋਂ ਰਸਮੀ ਪੂਜਾ ਅਰਚਨਾ ਉਪਰੰਤ ਆਰੰਭ ਹੋਵੇਗੀ। ਜੋ ਸ਼ਹਿਰ ਦੀ ਪਰਿਕਰਮਾ ਕਰਦੇ ਹੋਏ ਵਾਪਸ ਮੌਨੀ ਬਾਬਾ ਮੰਦਿਰ ਵਿਖੇ ਸਮਾਪਤ ਹੋਵੇਗੀ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੈਂਡ, ਬਾਜੇ ਤੇ ਢੋਲ-ਨਗਾੜਿਆਂ ਸਮੇਤ ਸੁੰਦਰ ਝਾਕੀਆਂ ਸ਼ੋਭਾ ਯਾਤਰਾ ਦੀ ਸ਼ੋਭਾ ਵਧਾਉਣਗੀਆਂ। ਕੀਰਤਨ ਮੰਡਲੀਆਂ ਵੱਲੋਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਤੇ ਰਾਧਾ ਰਾਣੀ ਦੀ ਮਹਿਮਾ ਦਾ ਭਜਨਾਂ ਰਾਹੀਂ ਸੁੰਦਰ ਗੁਣਗਾਨ ਕੀਤਾ ਜਾਵੇਗਾ। ਫਗਵਾੜਾ ਤੋਂ ਇਲਾਵਾ ਦੂਸਰੇ ਸ਼ਹਿਰਾਂ ਤੇ ਸੂਬਿਆਂ ਤੋਂ ਪੁੱਜ ਰਹੀਆਂ ਸ਼੍ਰੀ ਰਾਧਾ ਕ੍ਰਿਸ਼ਨ ਨਾਲ ਸਬੰਧਤ ਸੁੰਦਰ ਝਾਕੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੀਆਂ। ਖੋਸਲਾ ਨੇ ਦੱਸਿਆ ਕਿ 4 ਸਤੰਬਰ ਦਿਨ ਸ਼ੁੱਕਰਵਾਰ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਮੰਦਰਾਂ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜੀਵਨ ਨਾਲ ਸਬੰਧਤ ਸੁੰਦਰ ਝਾਕੀਆਂ ਸਜਾਈਆਂ ਜਾਣਗੀਆਂ। ਸ਼ਰਧਾਲੂਆਂ ਦੇ ਸੁਆਗਤ ਲਈ ਸ਼ਾਮ ਨੂੰ ਸ਼ਹਿਰ ਵਿੱਚ ਵੱਖ-ਵੱਖ ਤਰ੍ਹਾਂ ਦੇ ਪਕਵਾਨ ਤੇ ਫਲ ਆਦਿ ਵਰਤਾਏ ਜਾਣਗੇ। ਉਨ੍ਹਾਂ ਸਮੂਹ ਸੰਗਤਾਂ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ, ਸਿਆਸੀ ਸ਼ਖਸੀਅਤਾਂ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੂੰ ਇਸ ਧਾਰਮਿਕ ਸਮਾਗਮ ਵਿੱਚ ਹਾਜ਼ਰੀ ਭਰ ਕੇ ਤੇ ਸਹਿਯੋਗ ਕਰਕੇ ਯੋਗੇਸ਼ਵਰ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਕ੍ਰਿਪਾ ਦੇ ਪਾਤਰ ਬਣਨ ਦੀ ਪੁਰਜ਼ੋਰ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਐਡਵੋਕੇਟ ਪਿਊਸ਼ ਮਨਚੰਦਾ ਤੇ ਐਡਵੋਕੇਟ ਰਜਤ ਨੰਦਾ ਤੇ ਸਮਾਜ ਸੇਵਕ ਰਾਜੀਵ ਚਹਿਲ ਰਾਜੂ ਵੀ ਮੌਜੂਦ ਸਨ।