ਆਰਸੀਐੱਫ ਕਪੂਰਥਲਾ ’ਚ '32ਵੇਂ ਸੱਭਿਆਚਾਰਕ ਦੀਵਾਲੀ ਮੇਲਾ' ਦੀਆਂ ਤਿਆਰੀਆਂ ਮੁਕੰਮਲ ਆਰ.ਸੀ.ਐੱਫ ਕਪੂਰਥਲਾ ਵਿਖੇ '32ਵੇਂ ਸੱਭਿਆਚਾਰਕ ਦੀਵਾਲੀ ਮੇਲਾ-2026' ਦੀਆਂ ਤਿਆਰੀਆਂ ਮੁਕੰਮਲ
Publish Date: Sun, 01 Nov 2026 09:25 PM (IST)
Updated Date: Sun, 01 Nov 2026 09:26 PM (IST)
--2 ਨਵੰਬਰ ਤੋਂ ਸਜੇਗੀ ਖੁਸ਼ੀਆਂ ਦੀ ਮਹਿਫ਼ਿਲ ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਰੇਲ ਕੋਚ ਫੈਕਟਰੀ (ਆਰਸੀਐੱਫ), ਕਪੂਰਥਲਾ ਦੇ ਸਾਹਿਬਜ਼ਾਦਾ ਅਜੀਤ ਸਿੰਘ ਇੰਸਟੀਚਿਊਟ (ਵਰਕਰ ਕਲੱਬ) ਵੱਲੋਂ 2 ਤੋਂ 4 ਨਵੰਬਰ 2026 ਤੱਕ ਆਯੋਜਿਤ ਕੀਤੇ ਜਾ ਰਹੇ ਤਿੰਨ ਰੋਜ਼ਾ 32ਵੇਂ ਸੱਭਿਆਚਾਰਕ ਦੀਵਾਲੀ ਮੇਲਾ-2026 ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਵਰਕਰ ਕਲੱਬ ਪਰਿਸਰ ਵਿਖੇ ਰੋਜ਼ਾਨਾ ਸ਼ਾਮ 7:00 ਵਜੇ ਤੋਂ ਆਯੋਜਿਤ ਹੋਣ ਵਾਲੇ ਇਸ ਭਾਵਪੂਰਨ ਸੱਭਿਆਚਾਰਕ ਮਹਾਕੁੰਭ ਲਈ ਪੂਰਾ ਪਰਿਸਰ ਸਜ-ਧਜ ਕੇ ਤਿਆਰ ਹੈ। ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਵਰਕਰ ਕਲੱਬ ਦੇ ਸਕੱਤਰ ਭਰਤ ਰਾਜ ਨੇ ਦੱਸਿਆ ਕਿ ਆਰਸੀਐੱਫ ਪਰਿਵਾਰ ਦੀ ਸੱਭਿਆਚਾਰਕ ਵਿਰਾਸਤ ਤੇ ਆਪਸੀ ਭਾਈਚਾਰੇ ਨੂੰ ਸਮਰਪਿਤ ਇਸ ਉਤਸਵ ਨੂੰ ਯਾਦਗਾਰੀ ਬਣਾਉਣ ਲਈ ਸੁਰੱਖਿਆ, ਸਜਾਵਟ ਤੇ ਪ੍ਰਬੰਧਾਂ ਨਾਲ ਜੁੜੇ ਸਾਰੇ ਇੰਤਜ਼ਾਮ ਮੁਕੰਮਲ ਕਰ ਲਏ ਗਏ ਹਨ। ਇਸ ਤਿੰਨ ਰੋਜ਼ਾ ਮਹਾਉਤਸਵ ਵਿੱਚ ਦਰਸ਼ਕਾਂ ਲਈ ਹਰ ਦਿਨ ਖਾਸ ਪ੍ਰੋਗਰਾਮ ਤੈਅ ਕੀਤੇ ਗਏ ਹਨ। ਮੇਲੇ ਦੇ ਪਹਿਲੇ ਦਿਨ 2 ਨਵੰਬਰ (ਸੋਮਵਾਰ) ਨੂੰ ਸ਼ਾਨਦਾਰ ਉਦਘਾਟਨ ਨਾਲ ਦਲੇਰ ਖਾਲਸਾ ਇੰਟਰਨੈਸ਼ਨਲ ਗੱਤਕਾ ਗਰੁੱਪ ਵੱਲੋਂ ਹੈਰਤਅੰਗੇਜ਼ ਗੱਤਕਾ ਪ੍ਰਦਰਸ਼ਨ ਤੇ ਆਰਸੀਐੱਫ ਕਰਮਚਾਰੀਆਂ ਦੇ ਪਰਿਵਾਰਾਂ ਦੇ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਹੋਣਗੇ। 3 ਨਵੰਬਰ (ਮੰਗਲਵਾਰ) ਦੀ ਸ਼ਾਮ ਹਰਵਿੰਦਰ ਸੰਧੂ ਨਾਈਟ ਦੇ ਨਾਂ ਰਹੇਗੀ, ਜਿੱਥੇ ਪ੍ਰਸਿੱਧ ਗਾਇਕ ਹਰਵਿੰਦਰ ਸੰਧੂ ਆਪਣੇ ਲਾਈਵ ਪੰਜਾਬੀ ਲੋਕ ਸੰਗੀਤ ਨਾਲ ਸਮਾਂ ਬੰਨ੍ਹਣਗੇ। ਮੇਲੇ ਦੇ ਆਖਰੀ ਦਿਨ 4 ਨਵੰਬਰ (ਬੁੱਧਵਾਰ) ਨੂੰ ਮੁੰਡੇ ਰੂੜਕੇ ਵਾਲੇ ਭੰਗੜਾ ਗਰੁੱਪ ਦੀ ਧਮਾਕੇਦਾਰ ਪੇਸ਼ਕਾਰੀ ਤੇ ਵਰਕਰ ਕਲੱਬ ਦੇ ਵਿਸ਼ੇਸ਼ ਪ੍ਰੋਗਰਾਮਾਂ ਨਾਲ ਇਸ ਆਯੋਜਨ ਦਾ ਸ਼ਾਨਦਾਰ ਸਮਾਪਨ ਹੋਵੇਗਾ। ਸੱਭਿਆਚਾਰਕ ਮੰਚ ਤੋਂ ਇਲਾਵਾ ਮੇਲੇ ਵਿੱਚ ਮਨੋਰੰਜਨ, ਖਰੀਦਦਾਰੀ ਤੇ ਸੁਆਦ ਦਾ ਵੀ ਪੂਰਾ ਇੰਤਜ਼ਾਮ ਕੀਤਾ ਗਿਆ ਹੈ। ਬੱਚਿਆਂ ਤੇ ਨੌਜਵਾਨਾਂ ਲਈ ਵੱਡੇ-ਵੱਡੇ ਝੂਲੇ ਤੇ ਖਿਡੌਣੇ ਪੂਰੀ ਤਰ੍ਹਾਂ ਤਿਆਰ ਹਨ। ਦੀਵਾਲੀ ਦੀ ਖਰੀਦਦਾਰੀ ਲਈ ਸਜਾਵਟੀ ਸਾਮਾਨ, ਕੱਪੜੇ ਤੇ ਹਸਤਸ਼ਿਲਪ ਦੀਆਂ ਅਣਗਿਣਤ ਆਕਰਸ਼ਕ ਦੁਕਾਨਾਂ ਸਜ ਚੁੱਕੀਆਂ ਹਨ। ਇਸ ਦੇ ਨਾਲ ਹੀ, ਲਜ਼ੀਜ਼ ਪਕਵਾਨਾਂ, ਚਟਪਟੇ ਸਟ੍ਰੀਟ ਫੂਡ ਤੇ ਰਵਾਇਤੀ ਮਿਠਾਈਆਂ ਦੇ ਵਿਸ਼ੇਸ਼ ਸਟਾਲ ਵੀ ਲਗਾਏ ਗਏ ਹਨ, ਜੋ ਆਉਣ ਵਾਲਿਆਂ ਦੇ ਸੁਆਦ ਨੂੰ ਦੁੱਗਣਾ ਕਰਨਗੇ। ਵਰਕਰ ਕਲੱਬ ਤੇ ਆਰਸੀਐੱਫ ਇੰਪਲਾਇਜ਼ ਯੂਨੀਅਨ ਸਮੂਹ ਨਿਵਾਸੀਆਂ ਤੇ ਕਪੂਰਥਲਾ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਨ ਕਿ ਉਹ ਆਪਣੇ ਪੂਰੇ ਪਰਿਵਾਰ ਤੇ ਮਿੱਤਰਾਂ ਸਮੇਤ ਇਸ ਮੇਲੇ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ। ਸਾਰੀਆਂ ਤਿਆਰੀਆਂ ਮੁਕੰਮਲ ਹਨ, ਬੱਸ ਹੁਣ ਤੁਹਾਡੀ ਮੌਜੂਦਗੀ ਇਸ ਦੀਵਾਲੀ ਮੇਲੇ ਦੀਆਂ ਖੁਸ਼ੀਆਂ ਨੂੰ ਚਾਰ ਚੰਨ ਲਗਾਏਗੀ।