ਭਗਵਾਨ ਪਰਸ਼ੂਰਾਮ ਜਨਮ ਉਤਸਵ ਦੀਆਂ ਤਿਆਰੀਆਂ ਜਾਰੀ : ਜੋਤੀ ਸ਼ਰਮਾ
ਖਾਟੀ ਧਾਮ ਵਿਖੇ ਭਗਵਾਨ ਪਰਸ਼ੂਰਾਮ ਜਨਮ ਉਤਸਵ ਦੀਆਂ ਤਿਆਰੀਆਂ ਜੰਗੀ ਪੱਧਰ ‘ਤੇ ਜਾਰੀ : ਜੋਤੀ ਸ਼ਰਮਾ
Publish Date: Sun, 05 Apr 2026 07:51 PM (IST)
Updated Date: Mon, 06 Apr 2026 04:11 AM (IST)

ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ ਬ੍ਰਾਹਮਣ ਮੰਡਲ (ਰਜਿ) ਖਾਟੀ ਧਾਮ ਫਗਵਾੜਾ ਵਲੋਂ ਅਕਸ਼ੈ ਤ੍ਰਿਤੀਆ ਅਤੇ ਭਗਵਾਨ ਪਰਸ਼ੂਰਾਮ ਜਨਮ ਉਤਸਵ ਦੀਆਂ ਤਿਆਰੀਆਂ ਪੂਰੇ ਜੋਰਾਂ-ਸ਼ੋਰਾਂ ਨਾਲ ਜਾਰੀ ਹਨ। ਇਸ ਸਮਾਗਮ ਦਾ ਪਹਿਲਾ ਸੱਦਾ ਪੱਤਰ ਅੱਜ ਖਾਟੀ ਧਾਮ ਵਿਖੇ ਭਗਵਾਨ ਪਰਸ਼ੂਰਾਮ ਜੀ ਨੂੰ ਭੇਟ ਕੀਤਾ ਗਿਆ। ਇਸ ਦੌਰਾਨ ਗੱਲਬਾਤ ਕਰਦਿਆਂ ਮੰਡਲ ਪ੍ਰਧਾਨ ਜੋਤੀ ਸ਼ਰਮਾ ਨੇ ਦੱਸਿਆ ਕਿ ਭਗਤੀ ਅਤੇ ਸ਼ਕਤੀ ਦੇ ਪ੍ਰਤੀਕ ਭਗਵਾਨ ਪਰਸ਼ੂਰਾਮ ਜੀ ਦਾ ਜਨਮ ਉਤਸਵ 19 ਅਪ੍ਰੈਲ ਦਿਨ ਐਤਵਾਰ ਨੂੰ ਤੱਪ ਅਸਥਾਨ ਖਾਟੀ ਧਾਮ ਵਿਖੇ ਹਰ ਸਾਲ ਦੀ ਤਰ੍ਹਾਂ ਬਹੁਤ ਧੂਮਧਾਮ ਨਾਲ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ 19 ਅਪ੍ਰੈਲ ਨੂੰ ਸਵੇਰੇ 9 ਵਜੇ ਹਵਨ ਕੀਤਾ ਜਾਵੇਗਾ, ਜਿਸ ਦੇ ਮੁੱਖ ਯਜਮਾਨ ਸ਼੍ਰੀਮਤੀ ਸਵਤੰਤਰ ਭਾਰਦਵਾਜ ਅਤੇ ਹੇਮੰਤ ਭਾਰਦਵਾਜ, ਡਾ. ਚੇਤਨਾ ਅਤੇ ਰਵੀ ਸ਼ੰਕਰ ਭਾਰਦਵਾਜ ਹੋਣਗੇ। ਝੰਡਾ ਲਹਿਰਾਉਣ ਦੀ ਰਸਮ ਸਵੇਰੇ 10 ਵਜੇ ਸ਼੍ਰੀ ਕੈਲਾਸ਼ ਚੰਦਰ, ਸੇਵਾਮੁਕਤ ਡੀਐੱਸਪੀ ਵੱਲੋਂ ਨਿਭਾਈ ਜਾਵੇਗੀ। ਸ਼੍ਰੀ ਰਾਮਚਰਿਤਮਾਨਸ ਦੇ ਸੁੰਦਰਕਾਂਡ ਦਾ ਪਾਠ ਸਵੇਰੇ 10 ਵਜੇ ਤੋਂ 11 ਵਜੇ ਤੱਕ ਹੋਵੇਗਾ। ਉਪਰੰਤ ਕਵੀਸ਼ਰ ਬੰਧੂ ਧਨੌਲੇ ਵਾਲੇ ਭਗਵਾਨ ਪਰਸ਼ੂਰਾਮ ਜੀ ਦੀ ਕਥਾ ਅਤੇ ਸੰਕੀਰਤਨ ਸਰਵਣ ਕਰਵਾਉਣਗੇ। ਦੁਪਹਿਰ ਨੂੰ ਮਾਤਾ ਰੇਣੂਕਾ ਜੀ ਦਾ ਭੰਡਾਰਾ ਅਤੁੱਟ ਵਰਤਾਇਆ ਜਾਵੇਗਾ। ਵੱਖ-ਵੱਖ ਸਿਆਸੀ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂ ਭਗਵਾਨ ਪਰਸ਼ੂਰਾਮ ਜੀ ਦੇ ਦੇ ਚਰਨਾਂ ਵਿੱਚ ਨਤਮਸਤਕ ਹੋਣ ਲਈ ਪਹੁੰਚਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਬ੍ਰਾਹਮਣ ਮੰਡਲ ਅਤੇ ਪਰਸ਼ੂਰਾਮ ਸੈਨਾ ਵੱਲੋਂ ਐਤਵਾਰ, 12 ਅਪ੍ਰੈਲ ਨੂੰ ਤਲਾਬ ਅਰੋੜਿਆਂ, ਮੇਹਲੀ ਗੇਟ ਫਗਵਾੜਾ ਵਿਖੇ ਸਲਾਨਾ ਕੁਸ਼ਤੀ ਦੰਗਲ ਕਰਵਾਇਆ ਜਾਵੇਗਾ, ਜਿਸ ’ਚ ਜ਼ਿਲ੍ਹਾ ਕਪੂਰਥਲਾ ਕੁਸ਼ਤੀ ਐਸੋਸੀਏਸ਼ਨ ਦੇ ਪ੍ਰਧਾਨ ਰਿੰਪਲ ਕੁਮਾਰ, ਸਰਪੰਚ ਵਾਜੀਦੋਵਾਲ ਅਤੇ ਸਾਬਕਾ ਅੰਤਰਰਾਸ਼ਟਰੀ ਕੁਸ਼ਤੀ ਕੋਚ ਪੀਆਰ ਸੋਂਧੀ ਦੀ ਦੇਖਰੇਖ ਹੇਠ ਨਾਮਵਰ ਪਹਿਲਵਾਨ ਜ਼ੋਰ ਅਜਮਾਇਸ਼ ਕਰਨਗੇ। ਕੁਸ਼ਤੀ ਮੁਕਾਬਲੇ ਦਾ ਉਦੇਸ਼ ਨੌਜਵਾਨਾਂ ਨੂੰ ਹਰ ਤਰ੍ਹਾਂ ਦੇ ਨਸ਼ੇ ਤੋਂ ਦੂਰ ਰਹਿਣ ਅਤੇ ਸਿਹਤ ਪ੍ਰਤੀ ਜਾਗਰੂਕ ਰਹਿੰਦੇ ਹੋਏ ਖੇਡਾਂ ਵਿੱਚ ਦਿਲਚਸਪੀ ਲੈਣ ਲਈ ਪ੍ਰੇਰਿਤ ਕਰਨਾ ਹੈ। ਇਸ ਮੌਕੇ ਅਮਿਤ ਸ਼ਰਮਾ, ਹਰੀਓਮ ਸ਼ਰਮਾ, ਕਮਲ ਕੌਸ਼ਲ, ਰਾਜੇਸ਼ ਪਰਾਸ਼ਰ, ਬ੍ਰਿਜ ਲਾਲ, ਚੇਤਨ ਸ਼ਰਮਾ, ਲਵਲੀ ਸ਼ਰਮਾ, ਸੰਦੀਪ ਸ਼ਰਮਾ, ਰਜਤ ਭਨੋਟ, ਰਾਜਨ ਸ਼ਰਮਾ, ਬਬਲੂ ਸ਼ਰਮਾ, ਅਰੁਣ ਸ਼ਰਮਾ ਤੇ ਮੰਦਿਰ ਦੇ ਪੁਜਾਰੀ ਗਿਰਜਾ ਸ਼ੰਕਰ ਮੌਜੂਦ ਸਨ।