ਪ੍ਰੇਮ ਨਗਰ ਸੇਵਾ ਸੁਸਾਇਟੀ ਨੇ ਲਗਾਏ 2 ਆਯੁਰਵੈਦਿਕ ਕੈਂਪ ਪ੍ਰੇਮ ਨਗਰ ਸੇਵਾ ਸੁਸਾਇਟੀ ਨੇ ਖੇੜਾ ਰੋਡ ’ਤੇ ਲਗਾਏ 2 ਆਯੁਰਵੈਦਿਕ ਸਿਹਤ ਕੈਂਪ
Publish Date: Sun, 15 Nov 2026 06:38 PM (IST)
Updated Date: Sun, 15 Nov 2026 06:39 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪ੍ਰੇਮ ਨਗਰ ਸੇਵਾ ਸੁਸਾਇਟੀ ਵੱਲੋਂ ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੇ ਉਪਰਾਲੇ ਤੇ ਸਿਹਤ ਕੇਂਦਰ ਫਗਵਾੜਾ ਤੇ ਕੇਂਦਰੀ ਆਯੁਰਵੈਦ ਖੋਜ ਸੰਸਥਾਨ, ਪਟਿਆਲਾ ਦੇ ਸਹਿਯੋਗ ਨਾਲ ਖੇੜਾ ਰੋਡ, ਫਗਵਾੜਾ ਵਿਖੇ 2 ਸਿਹਤ ਜਾਂਚ ਕੈਂਪ ਲਗਾਏ ਗਏ, ਜੋ ਕਿ ਆਯੁਰਵੈਦਿਕ ਇਲਾਜ ਪ੍ਰਣਾਲੀ ਦੇ ਜਨਕ ਭਗਵਾਨ ਧਨਵੰਤਰੀ ਜੀ ਨੂੰ ਸਮਰਪਿਤ ਸਨ। ਕੈਂਪਾਂ ਦੀ ਸ਼ੁਰੂਆਤ ਜ਼ਿਲ੍ਹਾ ਆਯੁਰਵੈਦਿਕ ਅਫਸਰ ਡਾ. ਪਰਮਿੰਦਰਜੀਤ ਕੌਰ ਵੱਲੋਂ ਭਗਵਾਨ ਧਨਵੰਤਰੀ ਜੀ ਦੀ ਤਸਵੀਰ ’ਤੇ ਫੁੱਲ ਅਰਪਿਤ ਕਰਕੇ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਭਗਵਾਨ ਧਨਵੰਤਰੀ ਨੂੰ ਆਯੁਰਵੈਦਿਕ ਇਲਾਜ ਪ੍ਰਣਾਲੀ ਦਾ ਜਨਕ ਮੰਨਿਆ ਜਾਂਦਾ ਹੈ। ਆਯੁਰਵੈਦ ਭਾਰਤੀ ਚਿਕਿਤਸਾ ਪਰੰਪਰਾ ਦੀ ਇੱਕ ਪ੍ਰਾਚੀਨ ਤੇ ਮਹੱਤਵਪੂਰਨ ਇਲਾਜ ਪ੍ਰਣਾਲੀ ਹੈ, ਜਿਸ ਨੂੰ ਅਪਣਾ ਕੇ ਸਿਹਤ ਪ੍ਰਤੀ ਜਾਗਰੂਕਤਾ ਵਧਾਈ ਜਾ ਸਕਦੀ ਹੈ। ਰਘਬੋਤਰਾ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਭਗਵਾਨ ਧਨਵੰਤਰੀ ਜੀ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕਰਨ ਤੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਇਹ ਕੈਂਪ ਲਗਾਏ ਗਏ ਹਨ। ਪਹਿਲੇ ਸਿਹਤ ਕੈਂਪ ਦੌਰਾਨ ਡਾ. ਰਾਜੀਵ ਕੁਮਾਰ ਤੇ ਡਾ. ਪ੍ਰੇਮਪਾਲ ਨੇ ਉਪਵੈਦ ਪਵਨਦੀਪ ਦੇ ਸਹਿਯੋਗ ਨਾਲ 100 ਤੋਂ ਵੱਧ ਮਰੀਜ਼ਾਂ ਦੀ ਜਾਂਚ ਕੀਤੀ ਤੇ ਲੋੜ ਅਨੁਸਾਰ ਦਵਾਈਆਂ ਦਿੱਤੀਆਂ। ਇਸੇ ਲੜੀ ਤਹਿਤ ਲਗਾਏ ਗਏ ਦੂਜੇ ਕੈਂਪ ਵਿੱਚ ਕੇਂਦਰੀ ਆਯੁਰਵੈਦ ਖੋਜ ਸੰਸਥਾਨ, ਪਟਿਆਲਾ ਦੀ ਟੀਮ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਡਾ. ਕਪੂਰ, ਡਾ. ਸ਼ਿਵਾਨੀ ਗਰਗ ਤੇ ਡਾ. ਪੁਲਕਿਤ ਚੋਪੜਾ ਨੇ ਖੋਜ ਕੇਂਦਰ ਦੇ ਸਹਾਇਕ ਗੁਰਸੇਵਕ ਦੇ ਸਹਿਯੋਗ ਨਾਲ ਲਗਭਗ 67 ਮਰੀਜ਼ਾਂ ਦੀ ਜਾਂਚ ਕੀਤੀ ਤੇ ਲੋੜ ਅਨੁਸਾਰ ਦਵਾਈਆਂ ਵੰਡੀਆਂ। ਪ੍ਰੇਮ ਨਗਰ ਦੇ ਵਸਨੀਕਾਂ ਨੇ ਵੱਡੀ ਗਿਣਤੀ ਵਿੱਚ ਇਨ੍ਹਾਂ ਸਿਹਤ ਕੈਂਪਾਂ ਦਾ ਲਾਭ ਉਠਾਇਆ। ਇਸ ਤੋਂ ਇਲਾਵਾ ਸ਼੍ਰੀ ਮਹਾਵੀਰ ਜੈਨ ਮਾਡਲ ਸਕੂਲ ਤੇ ਰਾਸ਼ਟਰੀ ਬਾਲ ਵਿਦਿਆਲਿਆ ਦੇ ਵਿਦਿਆਰਥੀਆਂ ਤੇ ਸਟਾਫ ਨੇ ਵੀ ਕੈਂਪ ਵਿੱਚ ਪਹੁੰਚ ਕੇ ਸਿਹਤ ਸੇਵਾਵਾਂ ਦਾ ਲਾਭ ਲਿਆ। ਕੈਂਪਾਂ ਦੌਰਾਨ ਹਾਜ਼ਰ ਲੋਕਾਂ ਨੂੰ ਆਯੁਰਵੈਦਿਕ ਇਲਾਜ ਪ੍ਰਣਾਲੀ ਦੀ ਮਹੱਤਤਾ ਤੇ ਇਸ ਦੇ ਲਾਭਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਵੀ ਦਿੱਤੀ ਗਈ। ਇਸ ਮੌਕੇ ਸੀਨੀਅਰ ਸਿਟੀਜ਼ਨ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਅਮਰਜੀਤ ਸਿੰਘ ਢਿੱਲੋਂ, ਸੈਂਟਰਲ ਗਵਰਨਮੈਂਟ ਪੈਨਸ਼ਨਰ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਅਸ਼ੋਕ ਕੁਮਾਰ ਤੋਂ ਇਲਾਵਾ ਰੋਹਿਤ ਜੈਨ, ਕਾਂਤਾ ਸ਼ਰਮਾ, ਵੰਦਨਾ ਸ਼ਰਮਾ, ਮੋਹਨ ਲਾਲ ਤਨੇਜਾ, ਡਾ. ਅਸ਼ੋਕ ਗੁੰਬਰ, ਸੋਨੀ, ਚੰਦਨ ਦੂਆ, ਸੁਧਾ, ਬੇਦੀ, ਸੁਧੀਰ ਸ਼ਰਮਾ ਪ੍ਰਧਾਨ ਪ੍ਰੇਮ ਨਗਰ ਸੇਵਾ ਸੁਸਾਇਟੀ, ਮਨੀਸ਼ ਕਨੋਜੀਆ, ਸਕੱਤਰ ਸੁਰਿੰਦਰ ਪਾਲ, ਨਰਿੰਦਰ ਪਾਸੀ, ਐੱਸਸੀ ਚਾਵਲਾ, ਅਸ਼ਵਨੀ ਸ਼ਰਮਾ, ਐੱਨਕੇ ਸੈਣੀ, ਏਪੀਜੇ ਕੋਛੜ, ਰੂਪ ਲਾਲ ਸਮੇਤ ਹੋਰ ਪਤਵੰਤੇ ਹਾਜ਼ਰ ਸਨ।