178ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਕਰਵਾਇਆ ਪ੍ਰੇਮ ਨਗਰ ਸੇਵਾ ਸੁਸਾਇਟੀ ਨੇ ਖੇੜਾ ਰੋਡ ਵਿਖੇ ਕਰਵਾਇਆ 178ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ
Publish Date: Fri, 09 Oct 2026 07:09 PM (IST)
Updated Date: Fri, 09 Oct 2026 07:11 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਪ੍ਰੇਮ ਨਗਰ ਸੇਵਾ ਸੁਸਾਇਟੀ ਵੱਲੋਂ ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੇ ਯਤਨਾਂ ਸਦਕਾ ਸਵ. ਅਜੀਤ ਸਿੰਘ ਢਿੱਲੋਂ ਦੀ ਨਿੱਘੀ ਯਾਦ ਨੂੰ ਸਮਰਪਿਤ 178ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਸੀਨੀਅਰ ਸਿਟੀਜ਼ਨ ਕੇਅਰ ਸੈਂਟਰ, ਖੇੜਾ ਰੋਡ, ਫਗਵਾੜਾ ਵਿਖੇ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸਮਾਜ ਸੇਵਕ ਦਵਿੰਦਰ ਸਿੰਘ ਤੇ ਵਿਸ਼ੇਸ਼ ਮਹਿਮਾਨ ਵਜੋਂ ਜਰਨੈਲ ਸਿੰਘ ਨੇ ਸ਼ਿਰਕਤ ਕੀਤੀ। ਦੋਵਾਂ ਸ਼ਖ਼ਸੀਅਤਾਂ ਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਣ ਦੀ ਸ਼ੁਰੂਆਤ ਕਰਵਾਈ ਤੇ ਸੁਸਾਇਟੀ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ। ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ ਤੇ ਜਨਰਲ ਸਕੱਤਰ ਸੁਰਿੰਦਰ ਪਾਲ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਸਮਾਜ ਸੇਵਾ ਦੇ ਕਾਰਜਾਂ ਵਿੱਚ ਸਹਿਯੋਗ ਦੇਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਸਮਾਗਮ ਦੇ ਪ੍ਰਬੰਧਕ ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਇਹ ਸੇਵਾ ਪਿਛਲੇ ਕਰੀਬ 16 ਸਾਲਾਂ ਤੋਂ ਲਗਾਤਾਰ ਜਾਰੀ ਹੈ, ਜਿਸ ਵਿੱਚ ਅਜੀਤ ਸਿੰਘ ਢਿੱਲੋਂ ਦੇ ਪਰਿਵਾਰ ਦਾ ਵਡਮੁੱਲਾ ਯੋਗਦਾਨ ਰਿਹਾ ਹੈ। ਰਘਬੋਤਰਾ ਨੇ ਕਿਹਾ ਕਿ ਸੁਸਾਇਟੀ ਦਾ ਮੁੱਖ ਉਦੇਸ਼ ਲੋੜਵੰਦ ਪਰਿਵਾਰਾਂ ਨੂੰ ਨਿਯਮਤ ਸਹਾਇਤਾ ਮੁਹੱਈਆ ਕਰਵਾਉਣ ਦੇ ਨਾਲ-ਨਾਲ ਸਮਾਜ ਵਿੱਚ ਸੇਵਾ ਤੇ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਇਸ ਵਾਰ ਦੇ ਰਾਸ਼ਨ ਵੰਡ ਸਮਾਗਮ ਲਈ ਆਰਥਿਕ ਸਹਿਯੋਗ ਦੇਣ ਵਾਸਤੇ ਖ਼ਾਸ ਤੌਰ ’ਤੇ ਦਵਿੰਦਰ ਸਿੰਘ ਤੇ ਜਰਨੈਲ ਸਿੰਘ ਦਾ ਧੰਨਵਾਦ ਕੀਤਾ। ਇਸ ਮੌਕੇ ਵਾਰਡ ਕੌਂਸਲਰ ਪਰਵਿੰਦਰ ਕੌਰ ਰਘਬੋਤਰਾ ਸਮੇਤ ਸੁਸਾਇਟੀ ਦੇ ਮੈਂਬਰ ਤੇ ਹੋਰ ਪਤਵੰਤੇ ਹਾਜ਼ਰ ਸਨ।