177ਵਾਂ ਮਾਸਿਕ ਰਾਸ਼ਨ ਵੰਡ ਸਮਾਗਮ ਕਰਵਾਇਆ ਪ੍ਰੇਮ ਨਗਰ ਸੇਵਾ ਸੁਸਾਇਟੀ ਨੇ ਭਾਈ ਘਨਈਆ ਜੀ ਦੀ ਸੇਵਾ ਨੂੰ ਸਮਰਪਿਤ ਕੀਤਾ 177ਵਾਂ ਮਾਸਿਕ ਰਾਸ਼ਨ ਵੰਡ ਸਮਾਗਮ
Publish Date: Mon, 21 Sep 2026 07:48 PM (IST)
Updated Date: Mon, 21 Sep 2026 07:50 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਪ੍ਰੇਮ ਨਗਰ ਸੇਵਾ ਸੁਸਾਇਟੀ ਵੱਲੋਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੇ ਯਤਨਾਂ ਸਦਕਾ ਤੇ ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ ਦੀ ਪ੍ਰਧਾਨਗੀ ਹੇਠ ਸੀਨੀਅਰ ਸਿਟੀਜਨ ਕੇਅਰ ਸੈਂਟਰ ਖੇੜਾ ਰੋਡ ਫਗਵਾੜਾ ਵਿਖੇ ਭਾਈ ਘਨਈਆ ਜੀ ਦੀ ਮਹਾਨ ਸੇਵਾ ਨੂੰ ਸਮਰਪਿਤ 177ਵਾਂ ਮਾਸਿਕ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ 21 ਲੋੜਵੰਦ ਔਰਤਾਂ ਨੂੰ ਰਾਸ਼ਨ ਵੰਡ ਕੇ ਮਾਨਵ ਸੇਵਾ, ਭਾਈਚਾਰਕ ਸਾਂਝ ਤੇ ਸਰਬੱਤ ਦੇ ਭਲੇ ਦਾ ਸੁਨੇਹਾ ਦਿੱਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨ ਸੀਨੀਅਰ ਸਿਟੀਜ਼ਨ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਅਮਰਜੀਤ ਸਿੰਘ ਢਿੱਲੋਂ ਸਨ। ਉਨ੍ਹਾਂ ਨੇ ਭਾਈ ਘਨਈਆ ਜੀ ਦੇ ਜੀਵਨ, ਸੇਵਾ ਅਤੇ ਮਨੁੱਖਤਾ ਪ੍ਰਤੀ ਉਨ੍ਹਾਂ ਦੇ ਮਹਾਨ ਸੰਦੇਸ਼ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਰਘਬੋਤਰਾ ਨੇ ਕਿਹਾ ਕਿ ਰੈੱਡ ਕਰਾਸ ਦੀ ਸੇਵਾ ਭਾਵਨਾ ਵੀ ‘ਸਰਬੱਤ ਦੇ ਭਲੇ’ ਦੇ ਸਿਧਾਂਤ ਨਾਲ ਜੁੜੀ ਹੋਈ ਹੈ ਤੇ ਇਸ ਵਿੱਚ ਭਾਈ ਘਨਈਆ ਜੀ ਦੀ ਮਾਨਵਤਾ ਪ੍ਰਤੀ ਸੇਵਾ ਦੀ ਭਾਵਨਾ ਦੀ ਝਲਕ ਦਿਖਾਈ ਦਿੰਦੀ ਹੈ। ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ ਨੇ ਕਿਹਾ ਕਿ ਲੋੜਵੰਦਾਂ ਦੀ ਸਹਾਇਤਾ ਕਰਨਾ ਸਿਰਫ਼ ਸਮਾਜਿਕ ਜ਼ਿੰਮੇਵਾਰੀ ਹੀ ਨਹੀਂ, ਸਗੋਂ ਮਨੁੱਖਤਾ ਪ੍ਰਤੀ ਸਾਡਾ ਫਰਜ਼ ਵੀ ਹੈ। ਇਸ ਮੌਕੇ ਕਾਂਤਾ ਸ਼ਰਮਾ, ਸਕੱਤਰ ਸੁਰਿੰਦਰ ਪਾਲ, ਰਵੀਕਾਂਤ ਸਹਿਗਲ, ਰਮੇਸ਼ ਬਹਿਲ, ਨਰਿੰਦਰ ਪਾਸੀ, ਰਾਜ ਕੁਮਾਰ ਕਨੋਜੀਆ, ਪੰਕਜ ਰਾਵਤ, ਰਾਜ ਕੁਮਾਰ, ਦਵਿੰਦਰ ਸਿੰਘ ਸੈਣੀ, ਮੋਹਨ ਲਾਲ ਧਨੀਜਾ, ਸੁਧਾ ਬੇਦੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ। ਸਮਾਗਮ ਨੂੰ ਸਫਲ ਬਣਾਉਣ ਲਈ ਬ੍ਰਿਜ ਮੋਹਨ ਪੁਰੀ ਨੇ ਸਾਰਿਆਂ ਦਾ ਧੰਨਵਾਦ ਕੀਤਾ।