ਸੇਵਾ ਸੁਸਾਇਟੀ ਨੇ ਲਗਾਇਆ ਮੁਫ਼ਤ ਮੈਡੀਕਲ ਕੈਂਪ ਪ੍ਰੇਮ ਨਗਰ ਸੇਵਾ ਸੁਸਾਇਟੀ ਨੇ ਖੇੜਾ ਰੋਡ ਵਿਖੇ ਲਗਾਇਆ ਮੁਫ਼ਤ ਮੈਡੀਕਲ ਚੈੱਕਅਪ ਕੈਂਪ
Publish Date: Fri, 28 Aug 2026 07:48 PM (IST)
Updated Date: Fri, 28 Aug 2026 07:49 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪ੍ਰੇਮ ਨਗਰ ਸੇਵਾ ਸੁਸਾਇਟੀ ਵੱਲੋਂ ਸਥਾਨਕ ਖੇੜਾ ਰੋਡ ਵਿਖੇ ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਗਬੋਤਰਾ ਦੇ ਯਤਨਾਂ ਸਦਕਾ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਰਜਿੰਦਰ ਕੁਮਾਰ ਰੂਬੀ ਨੇ ਕੀਤਾ। ਕੈਂਪ ਦੌਰਾਨ ਗੁਰੂ ਹਰਗੋਬਿੰਦ ਨਗਰ ਵਿਖੇ ਚੱਲ ਰਹੇ ਆਮ ਆਦਮੀ ਕਲੀਨਿਕ ਦੀ ਮੁੱਖ ਡਾਕਟਰ ਕਮਲਜੀਤ ਕੌਰ ਸਾਹਨੀ ਵੱਲੋਂ 108 ਮਰੀਜ਼ਾਂ ਦੀ ਜਾਂਚ ਕੀਤੀ ਗਈ ਤੇ ਉਨ੍ਹਾਂ ਨੂੰ ਲੋੜ ਅਨੁਸਾਰ ਮੁਫ਼ਤ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ। ਕੈਂਪ ਦੌਰਾਨ ਬੁਖਾਰ, ਖਾਂਸੀ, ਖਾਰਸ਼, ਬਲੱਡ ਪ੍ਰੈਸ਼ਰ ਤੇ ਜੋੜਾਂ ਦੇ ਦਰਦ ਤੋਂ ਪੀੜਤ ਮਰੀਜ਼ਾਂ ਨੇ ਆਪਣੀ ਸਿਹਤ ਦੀ ਜਾਂਚ ਕਰਵਾਈ। ਡਾ. ਕਮਲਜੀਤ ਕੌਰ ਸਾਹਨੀ ਨੇ ਮਰੀਜ਼ਾਂ ਨੂੰ ਸਿਹਤ ਪ੍ਰਤੀ ਜਾਗਰੂਕ ਰਹਿਣ ਦੀ ਅਪੀਲ ਕਰਦਿਆਂ ਦੱਸਿਆ ਕਿ ਗੁਰੂ ਹਰਗੋਬਿੰਦ ਨਗਰ ਵਿਖੇ ਚੱਲ ਰਹੇ ਆਮ ਆਦਮੀ ਕਲੀਨਿਕ ਵਿੱਚ ਲੋਕ ਮੁਫ਼ਤ ਇਲਾਜ ਦੀ ਸਹੂਲਤ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਖ਼ਾਸ ਤੌਰ ’ਤੇ ਪੁਰਾਣੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਆਮ ਆਦਮੀ ਕਲੀਨਿਕ ਵਿਖੇ ਪਹੁੰਚ ਕੇ ਮੁਫ਼ਤ ਟੈਸਟ ਤੇ ਇਲਾਜ ਦੀ ਸਹੂਲਤ ਲੈਣ ਦੀ ਸਲਾਹ ਦਿੱਤੀ। ਕੈਂਪ ਲਈ ਲੋੜੀਂਦੀਆਂ ਦਵਾਈਆਂ ਡਾ. ਅਸ਼ੋਕ ਗੁੰਬਰ ਵੱਲੋਂ ਪ੍ਰਦਾਨ ਕੀਤੀਆਂ ਗਈਆਂ। ਕੈਂਪ ਨੂੰ ਸਫਲ ਬਣਾਉਣ ਵਿੱਚ ਮੋਹਨ ਲਾਲ ਤਨੇਜਾ, ਸੁਧਾ ਬੇਦੀ, ਕਾਂਤਾ ਸ਼ਰਮਾ, ਰਾਧਾ ਸ਼ਰਮਾ, ਸੁਧੀਰ ਸ਼ਰਮਾ ਤੇ ਸੀਨੀਅਰ ਸਿਟੀਜ਼ਨ ਮੈਂਬਰਾਂ ਦਾ ਵਿਸ਼ੇਸ਼ ਸਹਿਯੋਗ ਰਿਹਾ। ਮੁੱਖ ਮਹਿਮਾਨ ਤੇ ਡਾ. ਸਾਹਿਬਾਨ ਨੂੰ ਕਾਂਤਾ ਸ਼ਰਮਾ ਵੱਲੋਂ ਸਨਮਾਨਤ ਵੀ ਕੀਤਾ ਗਿਆ। ਅਖੀਰ ਵਿੱਚ ਪ੍ਰੇਮ ਨਗਰ ਸੇਵਾ ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ ਨੇ ਕੈਂਪ ਦੀ ਸਫਲਤਾ ਲਈ ਸਹਿਯੋਗ ਦੇਣ ਵਾਲੇ ਸਮੂਹ ਸਹਿਯੋਗੀਆਂ, ਡਾਕਟਰੀ ਟੀਮ ਤੇ ਮਰੀਜ਼ਾਂ ਦਾ ਧੰਨਵਾਦ ਕੀਤਾ।