ਪਰਵੇਜ਼ ਨਗਰ ’ਚ ਗੂੰਜੀ ਸਰਬੱਤ ਦੇ ਭਲੇ ਦੀ ਅਰਦਾਸ ਸਲਾਨਾ ਜੋੜ ਮੇਲੇ ਮੌਕੇ ਪਰਵੇਜ਼ ਨਗਰ ’ਚ ਗੂੰਜੀ ਸਰਬੱਤ ਦੇ ਭਲੇ ਦੀ ਅਰਦਾਸ
Publish Date: Fri, 28 Aug 2026 10:15 PM (IST)
Updated Date: Fri, 28 Aug 2026 10:16 PM (IST)
ਖੁਸ਼ਹਾਲੀ ਤੇ ਏਕਤਾ-ਇਤਫਾਕ ਲਈ ਦੋ ਅਖੰਡ ਪਾਠ ਸਾਹਿਬ ਤੇ ਜਪੁਜੀ ਸਾਹਿਬ ਦੇ ਪਾਠ ਆਰੰਭ ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਂਗਾ : ਸਲਾਨਾ ਜੋੜ ਮੇਲੇ ਦੀਆਂ ਧਾਰਮਿਕ ਰਸਮਾਂ ਤਹਿਤ ਗੁਰਦੁਆਰਾ ਕਲਗੀਧਰ ਸਿੰਘ ਸਭਾ ਪਰਵੇਜ਼ ਨਗਰ ਵਿਖੇ ਸਮੂਹ ਸੰਗਤ ਵੱਲੋਂ ਮਾਲ-ਡੰਗਰ, ਜੀਆ-ਜੰਤ, ਫਸਲਾਂ ਦੀ ਚੜ੍ਹਦੀ ਕਲਾ, ਨਗਰ ਦੀ ਸੁੱਖ-ਸ਼ਾਂਤੀ ਤੇ ਏਕਤਾ-ਇਤਫਾਕ ਦੀ ਕਾਮਨਾ ਨੂੰ ਲੈ ਕੇ ਸ਼ਰਧਾ ਤੇ ਸਤਿਕਾਰ ਨਾਲ ਦੋ ਸ੍ਰੀ ਅਖੰਡ ਪਾਠ ਸਾਹਿਬ ਤੇ ਇੱਕ ਸ੍ਰੀ ਜਪੁਜੀ ਸਾਹਿਬ ਦੇ ਪਾਠ ਆਰੰਭ ਕਰਵਾਏ ਗਏ। ਇਨ੍ਹਾਂ ਧਾਰਮਿਕ ਸਮਾਗਮਾਂ ਦੌਰਾਨ ਸੰਗਤ ਵੱਲੋਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਸਰਬੱਤ ਦੇ ਭਲੇ, ਪਿੰਡ ਦੀ ਖੁਸ਼ਹਾਲੀ, ਮਾਲ-ਡੰਗਰ ਦੀ ਤੰਦਰੁਸਤੀ, ਫਸਲਾਂ ਦੀ ਬਰਕਤ ਤੇ ਸਮੁੱਚੇ ਇਲਾਕੇ ਵਿੱਚ ਸੁੱਖ-ਸ਼ਾਂਤੀ ਲਈ ਅਰਦਾਸ ਬੇਨਤੀ ਕੀਤੀ ਗਈ। ਸੰਗਤ ਨੇ ਗੁਰੂ ਸਾਹਿਬ ਅੱਗੇ ਨਗਰ ਵਾਸੀਆਂ ਵਿੱਚ ਆਪਸੀ ਪਿਆਰ, ਭਾਈਚਾਰਕ ਸਾਂਝ, ਏਕਤਾ ਤੇ ਇਤਫਾਕ ਬਣਾਈ ਰੱਖਣ ਦੀ ਵੀ ਅਰਦਾਸ ਕੀਤੀ। ਇੱਕ ਸ੍ਰੀ ਅਖੰਡ ਪਾਠ ਸਾਹਿਬ ਸੰਤ ਬਾਬਾ ਤੇਜਾ ਸਿੰਘ ਜੀ ਗੁਰਸਰ ਵਾਲੇ ਤੇ ਸੰਤ ਬਾਬਾ ਮਿਲਖਾ ਸਿੰਘ ਜੀ ਗੁਰਸਰ ਵਾਲੇ ਤੇ ਸੰਤ ਬਾਬਾ ਦਇਆ ਸਿੰਘ ਜੀ ਟਾਹਲੀ ਸਾਹਿਬ ਵਾਲਿਆਂ ਦੀ ਯਾਦ ਨੂੰ ਸਮਰਪਿਤ ਕਰਵਾਇਆ ਗਿਆ, ਜਦਕਿ ਦੂਜਾ ਸ੍ਰੀ ਅਖੰਡ ਪਾਠ ਸਾਹਿਬ ਸਮੁੱਚੇ ਨਗਰ ਦੇ ਭਲੇ, ਖੁਸ਼ਹਾਲੀ ਤੇ ਚੜ੍ਹਦੀ ਕਲਾ ਲਈ ਆਰੰਭ ਕੀਤਾ ਗਿਆ। ਸਲਾਨਾ ਜੋੜ ਮੇਲੇ ਦੇ ਇਨ੍ਹਾਂ ਧਾਰਮਿਕ ਸਮਾਗਮਾਂ ਵਿੱਚ ਸੰਤ ਬਾਬਾ ਲੀਡਰ ਸਿੰਘ ਜੀ ਗੁਰਦੁਆਰਾ ਗੁਰਸਰ ਵਾਲੇ ਤੇ ਟਾਹਲੀ ਸਾਹਿਬ ਵਾਲੇ, ਸੰਤ ਬਾਬਾ ਅਮਰੀਕ ਸਿੰਘ ਜੀ ਖੁਖਰੈਣ ਵਾਲੇ, ਮਹਾਤਮਾ ਮੁੰਨੀ ਜੀ ਖੈੜੇ ਬੇਟ ਵਾਲੇ, ਸੰਤ ਬਾਬਾ ਹਰਜੀਤ ਸਿੰਘ ਜੀ ਦਮਦਮਾ ਸਾਹਿਬ ਵਾਲੇ ਸਮੇਤ ਸੰਤ-ਮਹਾਂਪੁਰਸ਼ਾਂ ਪਹੁੰਚ ਰਹੇ ਹਨ। ਇਸ ਮੌਕੇ ਕਵੀਸ਼ਰ ਜਥਾ ਭਾਈ ਗੁਰਮੁਖ ਸਿੰਘ ਐੱਮਏ ਤੇ ਸਾਥੀ ਵੀ ਹਾਜ਼ਰੀ ਭਰ ਕੇ ਸੰਗਤ ਨੂੰ ਗੁਰ ਇਤਿਹਾਸ ਅਤੇ ਸਿੱਖੀ ਵਿਰਸੇ ਨਾਲ ਜੋੜਨਗੇ। ਧਾਰਮਿਕ ਸਮਾਗਮਾਂ ਨੂੰ ਲੈ ਕੇ ਨਗਰ ਦੀ ਸੰਗਤ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਸੰਗਤ ਨੇ ਸਮੂਹ ਇਲਾਕਾ ਵਾਸੀਆਂ ਨੂੰ ਇਨ੍ਹਾਂ ਧਾਰਮਿਕ ਸਮਾਗਮਾਂ ਵਿੱਚ ਸ਼ਾਮਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਅਪੀਲ ਕੀਤੀ।