ਆਹਲੀ ਕਲਾਂ ਸਹਿਕਾਰੀ ਸਭਾ ਵੱਲੋਂ ਪਰਾਲੀ ਪ੍ਰਬੰਧਨ ਲਈ ਵਿਹਾਰਕ ਪਹਿਲਕਦਮੀ ਆਹਲੀ ਕਲਾਂ ਸਹਿਕਾਰੀ ਸਭਾ ਵੱਲੋਂ ਪਰਾਲੀ ਪ੍ਰਬੰਧਨ ਲਈ ਵਿਹਾਰਕ ਪਹਿਲਕਦਮੀ
Publish Date: Mon, 19 Oct 2026 10:29 PM (IST)
Updated Date: Mon, 19 Oct 2026 10:30 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪਰਾਲੀ ਪ੍ਰਬੰਧਨ ਨੂੰ ਕਿਸਾਨਾਂ ਦੀ ਰੋਜ਼ਾਨਾ ਖੇਤੀ ਪ੍ਰਕਿਰਿਆ ਦਾ ਹਿੱਸਾ ਬਣਾਉਣ ਤੇ ਸਹਿਕਾਰੀ ਢਾਂਚੇ ਰਾਹੀਂ ਆਧੁਨਿਕ ਖੇਤੀ ਸਹੂਲਤਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਨਵੀਂ ਰਜਿਸਟਰਡ ਦੀ ਆਹਲੀ ਕਲਾਂ ਸਹਿਕਾਰੀ ਸਭਾ ਵਿਖੇ ਜਾਗਰੂਕਤਾ ਕੈਂਪ ਆਯੋਜਿਤ ਕੀਤਾ ਗਿਆ। ਕੈਂਪ ਦੌਰਾਨ ਕਿਸਾਨਾਂ ਨੂੰ ਪਰਾਲੀ ਦੇ ਨਿਪਟਾਰੇ ਦੇ ਵਿਹਾਰਕ ਤਰੀਕਿਆਂ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਸਭਾ ਦੇ ਨਵੇਂ ਬੇਲਰ ਦੀ ਖੇਤ ਵਿੱਚ ਹੋ ਰਹੀ ਵਰਤੋਂ ਦਾ ਵੀ ਜਾਇਜ਼ਾ ਲਿਆ ਗਿਆ। ਇਸ ਮੌਕੇ ਡਿਪਟੀ ਰਜਿਸਟਰਾਰ, ਸਹਿਕਾਰੀ ਸਭਾਵਾਂ, ਜ਼ਿਲ੍ਹਾ ਕਪੂਰਥਲਾ, ਡਾ. ਜਗਜੀਤ ਸਿੰਘ ਨੇ ਕਿਹਾ ਕਿ ਸਹਿਕਾਰੀ ਸਭਾਵਾਂ ਦਾ ਉਦੇਸ਼ ਕੇਵਲ ਕਿਸਾਨਾਂ ਨੂੰ ਸੇਵਾਵਾਂ ਪ੍ਰਦਾਨ ਕਰਨਾ ਹੀ ਨਹੀਂ, ਸਗੋਂ ਉਨ੍ਹਾਂ ਨੂੰ ਬਦਲਦੀਆਂ ਖੇਤੀਬਾੜੀ ਲੋੜਾਂ ਅਨੁਸਾਰ ਆਧੁਨਿਕ ਤਰੀਕੇ ਅਪਣਾਉਣ ਲਈ ਸਾਂਝਾ ਮੰਚ ਵੀ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਦਾ ਯੋਗ ਪ੍ਰਬੰਧਨ ਕੀਤਾ ਜਾਵੇ ਤੇ ਸਹਿਕਾਰੀ ਸਭਾਵਾਂ ਰਾਹੀਂ ਉਪਲਬਧ ਮਸ਼ੀਨਰੀ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ। ਸਹਾਇਕ ਰਜਿਸਟਰਾਰ, ਸਹਿਕਾਰੀ ਸਭਾਵਾਂ, ਮਨਮੀਤ ਸਿੰਘ ਨੇ ਕਿਹਾ ਕਿ ਨਵੀਂ ਰਜਿਸਟਰਡ ਸਭਾ ਵੱਲੋਂ ਬੇਲਰ ਦੀ ਵਰਤੋਂ ਕਰਨਾ ਸਾਂਝੇ ਖੇਤੀ ਸਰੋਤਾਂ ਦੀ ਵਰਤੋਂ ਵੱਲ ਇੱਕ ਮਹੱਤਵਪੂਰਨ ਕਦਮ ਹੈ। ਕੈਂਪ ਤੋਂ ਬਾਅਦ ਡਾ. ਜਗਜੀਤ ਸਿੰਘ ਦੀ ਅਗਵਾਈ ਹੇਠ ਸਹਾਇਕ ਰਜਿਸਟਰਾਰ ਮਨਮੀਤ ਸਿੰਘ, ਇੰਸਪੈਕਟਰ ਇੰਦਰਬੀਰ ਸਿੰਘ ਤੇ ਸੁਖਜੀਤ ਸਿੰਘ ਨੇ ਖੇਤ ਦਾ ਦੌਰਾ ਕੀਤਾ। ਅਧਿਕਾਰੀਆਂ ਨੇ ਮੌਕੇ ’ਤੇ ਮਸ਼ੀਨਰੀ ਦੀ ਵਰਤੋਂ ਨੂੰ ਦੇਖਿਆ ਤੇ ਪਰਾਲੀ ਪ੍ਰਬੰਧਨ ਵਿੱਚ ਇਸ ਦੀ ਭੂਮਿਕਾ ਦਾ ਜਾਇਜ਼ਾ ਲਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਅਗਾਂਹਵਧੂ ਕਿਸਾਨ ਹਾਜ਼ਰ ਸਨ।