ਰਾਜਨੀਤੀ ਨਹੀਂ ਲੋਕ ਸੇਵਾ ਨੂੰ ਹੀ ਦੇਵਾਂਗਾ ਪਹਿਲ : ਬਾਬਾ ਜੱਗਾ ਬਾਬਾ ਜੱਗਾ ਦੇ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਉਮੀਦਵਾਰ ਐਲਾਨੇ ਜਾਣ ਕਰਕੇ ਬਦਲਣ ਲੱਗੇ ਸਿਆਸੀ ਸਮੀਕਰਣ
Publish Date: Fri, 14 Aug 2026 07:27 PM (IST)
Updated Date: Fri, 14 Aug 2026 07:29 PM (IST)
ਬਾਬਾ ਜੱਗਾ ਦੇ ਉਮੀਦਵਾਰ ਐਲਾਨੇ ਜਾਣ ਕਰਕੇ ਬਦਲਣ ਲੱਗੇ ਕਪੂਰਥਲਾ ਦੇ ਸਿਆਸੀ ਸਮੀਕਰਣ ਹੁਣ ਤੱਕ ਵੱਡੀ ਤਦਾਦ ’ਚ ਨੌਜਵਾਨਾਂ ਨੂੰ ਨਸ਼ਿਆਂ ਦੀ ਦਲ ਦਲ ਵਿੱਚੋਂ ਕੱਢ ਚੁਕੇ ਹਨ ਬਾਬਾ ਜੱਗਾ ਸੁਖਪਾਲ ਸਿੰਘ ਹੁੰਦਲ ਪੰਜਾਬੀ ਜਾਗਰਣ ਕਪੂਰਥਲਾ : ਵਿਧਾਨ ਸਭਾ ਹਲਕਾ ਕਪੂਰਥਲਾ ’ਤੇ ਭਾਵੇਂ ਕਿ 2002 ਤੋਂ ਲੈ ਕੇ ਹੁਣ ਤੱਕ ਰਾਣਾ ਪਰਿਵਾਰ ਦਾ ਕਬਜ਼ਾ ਰਿਹਾ ਹੈ ਪਰ ਇੱਥੇ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਹੀ ਹਲਕੇ ਦੇ ਸਮੀਕਰਣ ਬਦਲ ਰਹੇ ਹਨ। ਜਿੱਥੇ ਪਹਿਲਾਂ ਵਿਧਾਨ ਸਭਾ ਹਲਕਾ ਕਪੂਰਥਲਾ ਵਿੱਚ ਅਕਾਲੀ ਦਲ ਬਾਦਲ ਦੂਜੇ ਨੰਬਰ ’ਤੇ ਰਹਿੰਦਾ ਰਿਹਾ, ਉਥੇ ਹੀ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਮੰਜੂ ਰਾਣਾ ਦੂਜੇ ਨੰਬਰ ’ਤੇ ਰਹੀ ਤੇ ਇਸ ਵਾਰ ਵੀ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਬੀਤੇ ਦਿਨੀਂ ਆਪਣੇ ਲਾਏ ਗਏ ਹਲਕਾ ਇੰਚਾਰਜਾਂ ਵਿੱਚ ਵਿਧਾਨ ਸਭਾ ਹਲਕਾ ਕਪੂਰਥਲਾ ਤੋਂ ਉੱਘੇ ਸਮਾਜ ਸੇਵਕ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਰਹਿਤ ਕਰਕੇ ਗੁਰਬਾਣੀ ਨਾਲ ਜੋੜਨ ਵਾਲੇ ਬਾਬਾ ਜੱਗਾ ਦੇ ਨਾਮ ਨਾਲ ਜਾਣੇ ਜਾਂਦੇ ਜਗਜੀਤ ਸਿੰਘ ਧਾਲੀਵਾਲ ਨੂੰ ਹਲਕਾ ਇੰਚਾਰਜ ਲਗਾਇਆ ਗਿਆ ਹੈ। ਉਨ੍ਹਾਂ ਦੇ ਚੋਣ ਮੈਦਾਨ ’ਚ ਆਉਣ ਤੋਂ ਬਾਅਦ ਇਸ ਵਾਰ ਹਲਕੇ ਦੇ ਸਿਆਸੀ ਸਮੀਕਰਣ ਬਦਲੇ ਦਿਖਾਈ ਦੇ ਰਹੇ ਹਨ ਤੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਵੀ ਨਵੇਂ ਸਿਰੇ ਤੋਂ ਚੋਣ ਰਣਨੀਤੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਬਾਬਾ ਜੱਗਾ ਨੂੰ ਹਲਕਾ ਇੰਚਾਰਜ ਲਗਾਏ ਜਾਣ ਤੋਂ ਬਾਅਦ ਉਨ੍ਹਾਂ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਭ ਤੋਂ ਪਹਿਲਾਂ ਉਹ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹਨ, ਜਿਸ ਨੇ ਮੇਰੇ ’ਤੇ ਸਿਰ ਭਰਿਆ ਹੱਥ ਰੱਖਿਆ ਤੇ ਮੈਂਨੂੰ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਬਖਸ਼ਿਆ ਤੇ ਨਾਲ ਹੀ ਵਾਰਿਸ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਤੇ ਭਾਈ ਅੰਮ੍ਰਿਤਪਾਲ ਸਿੰਘ ਦਾ ਵੀ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਹਲਕੇ ਦੀ ਸੇਵਾ ਕਰਨ ਦਾ ਮਾਣ ਬਖਸ਼ਿਆ। ਬਾਬਾ ਜੱਗਾ ਨੇ ਕਿਹਾ ਕਿ ਕਪੂਰਥਲਾ ਰਾਜੇ ਮਹਾਰਾਜਿਆਂ ਦੀ ਇਤਿਹਾਸਕ ਧਰਤੀ ਹੈ, ਇਸ ਸ਼ਹਿਰ ਦੀ ਆਪਣੀ ਸ਼ਾਨ, ਆਪਣੀ ਵਿਰਾਸਤ ਤੇ ਆਪਣੀ ਪਹਿਚਾਣ ਹੈ। ਮੇਰੀ ਦਿਲੀ ਇੱਛਾ ਹੈ ਕਿ ਕਪੂਰਥਲਾ ਨੂੰ ਮੁੜ ਉਸਦੀ ਸ਼ਾਨ ਦੀ ਅਨੁਕੂਲ ਸਾਫ ਸੁਥਰਾ, ਵਿਕਸਿਤ ਤੇ ਖੁਸ਼ਹਾਲ ਹਲਕਾ ਬਣਾਉਨ ਲਈ ਪੂਰੀ ਇਮਾਨਦਾਰੀ ਨਾਲ ਕੰਮ ਕੀਤਾ ਜਾਵੇ। ਬਾਬਾ ਜੱਗਾ ਦੇ ਭਰਾ ਸੁਖਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਬੀਤੇ 25 ਸਾਲਾਂ ਤੋਂ ਕਪੂਰਥਲਾ ਦਾ ਵਿਕਾਸ ਨਹੀਂ ਵਿਨਾਸ਼ ਹੋਇਆ ਹੈ। ਉਨ੍ਹਾਂ ਦੀ ਪਹਿਲੀ ਕੋਸ਼ਿਸ਼ ਇਹ ਹੋਵੇਗੀ ਕਿ ਸਭ ਤੋਂ ਪਹਿਲਾਂ ਸਿਹਤ ਸਹੂਲਤਾਂ ਤੇ ਸਿੱਖਿਆ ਨੂੰ ਤਰਜੀਹ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸੁਖਜੀਤ ਸਿੰਘ ਦੇ ਹਲਕਾ ਇੰਚਾਰਜ ਲੱਗਣ ਤੋਂ ਬਾਅਦ ਹਲਕੇ ਦੇ ਹਰ ਵਰਗ ਵੱਲੋਂ ਵੱਡਾ ਸਮਰਥਨ ਮਿਲ ਰਿਹਾ ਹੈ ਅਤੇ ਉਹ ਲੋਕਾਂ ਵੱਲੋਂ ਕੀਤੇ ਜਾ ਰਹੇ ਵਿਸ਼ਵਾਸ ’ਤੇ ਹਮੇਸ਼ਾ ਖਰੇ ਉਤਰਨਗੇ।