ਗਣਤੰਤਰ ਦਿਵਸ ਦੇ ਮੱਦੇਨਜ਼ਰ ਪੁਲਿਸ ਨੇ ਕੱਢਿਆ ਫਲੈਗ ਮਾਰਚ
ਗਣਤੰਤਰ ਦਿਵਸ ਦੇ ਮੱਦੇਨਜ਼ਰ ਪੁਲਿਸ ਨੇ ਕੱਢਿਆ ਫਲੈਗ ਮਾਰਚ
Publish Date: Sun, 25 Jan 2026 08:38 PM (IST)
Updated Date: Sun, 25 Jan 2026 08:40 PM (IST)

ਸੁਖਪਾਲ ਸਿੰਘ ਹੁੰਦਲ ਪੰਜਾਬੀ ਜਾਗਰਣ ਕਪੂਰਥਲਾ : 26 ਜਨਵਰੀ ਗਣਤੰਤਰ ਦਿਵਸ ਦੇ ਮੱਦੇਨਜ਼ਰ ਪੰਜਾਬ ਪੁਲਿਸ ਸੁਰੱਖਿਆ ਪ੍ਰਬੰਧਾਂ ਪ੍ਰਤੀ ਪੂਰੀ ਤਰ੍ਹਾਂ ਚੌਕਸ ਹੈ। ਇਸ ਸਬੰਧ ਵਿਚ ਐੱਸਐੱਸਪੀ ਕਪੂਰਥਲਾ ਗੌਰਵ ਤੂਰਾ ਦੀ ਅਗਵਾਈ ਵਿਚ ਪੁਲਿਸ ਟੀਮਾਂ ਨੇ ਸ਼ਾਮ ਸਮੇਂ ਕਪੂਰਥਲਾ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਤੇ ਸੰਵੇਦਨਸ਼ੀਲ ਇਲਾਕਿਆਂ ਵਿਚ ਗਸ਼ਤ ਕੀਤੀ, ਜਿਸ ਨਾਲ ਜਨਤਾ ਨੂੰ ਸੁਰੱਖਿਆ ਦੀ ਭਾਵਨਾ ਮਿਲੀ। ਇਸ ਮੌਕੇ ਐੱਸਪੀ (ਹੈੱਡਕੁਆਰਟਰ) ਗੁਰਪ੍ਰੀਤ ਸਿੰਘ, ਡੀਐੱਸਪੀ ਸੁਖਪਾਲ ਸਿੰਘ, ਡੀਐੱਸਪੀ ਸ਼ੀਤਲ ਸਿੰਘ, ਥਾਣਾ ਸਿਟੀ ਦੇ ਐੱਸਐੱਚਓ, ਕੋਤਵਾਲੀ ਤੇ ਸਦਰ ਪੁਲਿਸ ਟੀਮਾਂ ਨੇ ਪੀਸੀਆਰ ਤੇ ਟ੍ਰੈਫਿਕ ਟੀਮਾਂ ਦੇ ਨਾਲ ਮਿਲ ਕੇ ਇਕ ਸਾਂਝਾ ਫਲੈਗ ਮਾਰਚ ਕੀਤਾ। ਫਲੈਗ ਮਾਰਚ ਦੌਰਾਨ ਪੁਲਿਸ ਮੁਲਾਜ਼ਮਾਂ ਦੀਆਂ ਵਿਸ਼ੇਸ਼ ਟੀਮਾਂ ਨੇ ਸਮਾਜ ਵਿਰੋਧੀ ਅਨਸਰਾਂ ਵਿਚ ਡਰ ਦਾ ਮਾਹੌਲ ਤੇ ਆਮ ਲੋਕਾਂ ਵਿਚ ਵਿਸ਼ਵਾਸ ਪੈਦਾ ਕਰਨ ਲਈ ਬਾਜ਼ਾਰਾਂ ਤੇ ਜਨਤਕ ਥਾਵਾਂ ਤੇ ਲਗਾਤਾਰ ਗਸ਼ਤ ਕੀਤੀ। ਇਸ ਮੌਕੇ ਐੱਸਐੱਸਪੀ ਗੌਰਵ ਤੂਰਾ ਨੇ ਸਾਰੇ ਜ਼ਿਲ੍ਹਾ ਨਿਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ ਅਤੇ ਸਾਰਿਆਂ ਨੂੰ ਦੇਸ਼ ਪ੍ਰਤੀ ਵਫ਼ਾਦਾਰ ਰਹਿਣ ਤੇ ਜ਼ਿਲ੍ਹਾ ਪੱਧਰੀ ਜਸ਼ਨਾਂ ਵਿਚ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਭਰੋਸਾ ਦਿੱਤਾ ਕਿ ਜ਼ਿਲ੍ਹਾ ਪੁਲਿਸ ਜਨਤਕ ਸੁਰੱਖਿਆ ਪ੍ਰਤੀ ਪੂਰੀ ਤਰ੍ਹਾਂ ਚੌਕਸ ਹੈ ਅਤੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ। ਪੁਲਿਸ ਅਧਿਕਾਰੀਆਂ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਪੁਲਿਸ ਨੂੰ ਰਿਪੋਰਟ ਕਰਨ ਤਾਂ ਜੋ ਗਣਤੰਤਰ ਦਿਵਸ ਸ਼ਾਂਤੀਪੂਰਨ ਅਤੇ ਸੁਰੱਖਿਅਤ ਮਾਹੌਲ ਵਿਚ ਮਨਾਇਆ ਜਾ ਸਕੇ।