ਦੋ ਗੈਰ-ਕਾਨੂੰਨੀ ਪਿਸਤੌਲਾਂ ਤੇ ਅਸਲੇ ਸਮੇਤ 2 ਕਾਬੂ ਬਿਸ਼ਨਪੁਰ ਜੱਟਾਂ ’ਚ ਹੋਏ ਨੌਜਵਾਨ ਦੇ ਕਤਲ ਕੇਸ ਨੂੰ ਪੁਲਿਸ ਨੇ ਸੁਲਝਾਇਆ, ਦੋ ਗੈਰ-ਕਾਨੂੰਨੀ ਪਿਸਤੌਲਾਂ ਅਤੇ ਅਸਲੇ ਸਮੇਤ 2 ਕਾਬੂ
Publish Date: Fri, 14 Aug 2026 07:22 PM (IST)
Updated Date: Fri, 14 Aug 2026 07:23 PM (IST)
ਬਿਸ਼ਨਪੁਰ ਜੱਟਾਂ ’ਚ ਹੋਏ ਨੌਜਵਾਨ ਦੇ ਕਤਲ ਕੇਸ ਨੂੰ ਪੁਲਿਸ ਨੇ ਸੁਲਝਾਇਆ ਸੁਖਪਾਲ ਸਿੰਘ ਹੁੰਦਲ ਪੰਜਾਬੀ ਜਾਗਰਣ ਕਪੂਰਥਲਾ : ਜ਼ਿਲ੍ਹਾ ਪੁਲਿਸ ਨੇ 11 ਅਗਸਤ 2026 ਨੂੰ ਪਿੰਡ ਬਿਸ਼ਨਪੁਰ ਜੱਟਾਂ ਵਿਖੇ ਇੱਕ ਨੌਜਵਾਨ ਦੇ ਕਤਲ ਦੇ ਸਬੰਧ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਦੋ ਗੈਰ-ਕਾਨੂੰਨੀ ਪਿਸਤੌਲ ਤੇ ਅਸਲਾ ਬਰਾਮਦ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਤੰਨਾ ਤੇ ਮੰਦੀਪ ਸਿੰਘ ਉਰਫ਼ ਸਾਗਾ ਦੋਵੇਂ ਵਾਸੀ ਬਿਸ਼ਨਪੁਰ ਜੱਟਾਂ ਵਜੋਂ ਹੋਈ ਹੈ। ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਐੱਸਪੀ (ਡੀ) ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ 11 ਅਗਸਤ 2026 ਨੂੰ ਦੋਸ਼ੀਆਂ ਨੇ ਲਵਪ੍ਰੀਤ ਸਿੰਘ ਉਰਫ਼ ਲੱਖਾ, ਜੋ ਆਪਣੇ ਦੋਸਤਾਂ ਸੂਰਜ ਤੇ ਹਰਸ਼ਦੀਪ ਨਾਲ ਮੋਟਰਸਾਈਕਲ ’ਤੇ ਜਾ ਰਿਹਾ ਸੀ ’ਤੇ ਕਥਿਤ ਤੌਰ ’ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਮੁਤਾਬਕ ਮੁਲਜ਼ਮ ਕਾਲੇ ਰੰਗ ਦੇ ਸਪਲੈਂਡਰ ਮੋਟਰਸਾਈਕਲ ’ਤੇ ਸਵਾਰ ਸਨ। ਲਵਪ੍ਰੀਤ ਸਿੰਘ ਦੀ ਗੋਲੀ ਲੱਗਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਹਰਸ਼ਦੀਪ ਇਸ ਘਟਨਾ ਵਿੱਚ ਜ਼ਖ਼ਮੀ ਹੋ ਗਿਆ। ਮੁਲਜ਼ਮ ਫਰਾਰ ਹੋਣ ਤੋਂ ਪਹਿਲਾਂ ਪੀੜਤਾਂ ਦੇ ਮੋਬਾਈਲ ਫੋਨ ਵੀ ਖੋਹ ਕੇ ਲੈ ਗਏ। ਇਸ ਤੋਂ ਬਾਅਦ ਥਾਣਾ ਕੋਤਵਾਲੀ ਕਪੂਰਥਲਾ ਵਿਖੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਐੱਸਪੀ ਗਿੱਲ ਨੇ ਦੱਸਿਆ ਕਿ ਐੱਸਐੱਸਪੀ ਗੌਰਵ ਤੂਰਾ ਦੀ ਦੇਖ-ਰੇਖ ਹੇਠ ਵਿਸ਼ੇਸ਼ ਪੁਲਿਸ ਟੀਮਾਂ ਗਠਿਤ ਕੀਤੀਆਂ ਗਈਆਂ ਸਨ, ਜਿਸ ਵਿੱਚ ਡੀਐੱਸਪੀ ਸ਼ੀਤਲ ਸਿੰਘ, ਡੀਐੱਸਪੀ ਸੁਖਪਾਲ ਸਿੰਘ, ਸੀਆਈਏ ਸਟਾਫ਼ ਇੰਚਾਰਜ ਰਮਨ ਕੁਮਾਰ ਤੇ ਥਾਣਾ ਕੋਤਵਾਲੀ ਦੇ ਐੱਸਐੱਚਓ ਲਖਬੀਰ ਸਿੰਘ ਗੋਸਲ ਨੇ ਮਾਨਵ ਤੇ ਤਕਨੀਕੀ ਇੰਟੈਲੀਜੈਂਸ ਇਨਪੁਟਸ ’ਤੇ ਕੰਮ ਕਰਦਿਆਂ ਦੋਵਾਂ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ’ਚ ਸਫਲਤਾ ਹਾਸਲ ਕੀਤੀ। ਪੁਲਿਸ ਨੇ ਦੋਸ਼ੀਆਂ ਕੋਲੋਂ ਚੀਨ ਦਾ ਬਣਿਆ ਇੱਕ ਨੋਰੀਨਕੋ ਪਿਸਤੌਲ, ਇੱਕ ਸਟੌਰਮ ਪਿਸਤੌਲ, ਤਿੰਨ ਮੈਗਜ਼ੀਨ, ਤਿੰਨ ਜਿਉਂਦੇ ਰੌਂਦ ਤੇ ਤਿੰਨ ਮਿਸਫਾਇਰ ਹੋਏ ਰੌਂਦ ਬਰਾਮਦ ਕੀਤੇ ਹਨ। ਐੱਸਪੀ (ਡੀ) ਗਿੱਲ ਨੇ ਅੱਗੇ ਦੱਸਿਆ ਕਿ ਗੁਰਪ੍ਰੀਤ ਸਿੰਘ ਉਰਫ਼ ਤੰਨਾ ਖਿਲਾਫ਼ ਜਲੰਧਰ ਦਿਹਾਤੀ ਵਿੱਚ ਪਹਿਲਾਂ ਹੀ ਦੋ ਅਪਰਾਧਿਕ ਮਾਮਲੇ ਦਰਜ ਹਨ ਤੇ ਉਹ ਫਿਲਹਾਲ ਦੋਵਾਂ ਮਾਮਲਿਆਂ ਵਿੱਚ ਜ਼ਮਾਨਤ ’ਤੇ ਬਾਹਰ ਸੀ। ਮੰਦੀਪ ਸਿੰਘ ਉਰਫ਼ ਸਾਗਾ ਦਾ ਕੋਈ ਪੁਰਾਣਾ ਅਪਰਾਧਿਕ ਰਿਕਾਰਡ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਬਰਾਮਦ ਕੀਤੇ ਹਥਿਆਰਾਂ ਬਾਰੇ ਪਤਾ ਲਗਾਇਆ ਜਾਵੇਗਾ ਕਿ ਉਨ੍ਹਾਂ ਨੇ ਇਹ ਹਥਿਆਰ ਕਿੱਥੋ ਲਏ ਹਨ ਤੇ ਜੇਕਰ ਇਸ ਮਾਮਲੇ ਵਿੱਚ ਕਿਸੇ ਹੋਰ ਮੁਲਜ਼ਮ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਤਾਂ ਉਸਨੂੰ ਵੀ ਬਖਸ਼ਿਆ ਨਹੀਂ ਜਾਵੇਗਾ।