ਨੌਜਵਾਨ ਦੇ ਕਤਲ ਕੇਸ ਨੂੰ ਪੁਲਿਸ ਨੇ 24 ਘੰਟਿਆ ’ਚ ਸੁਲਝਾਇਆ ਨੌਜਵਾਨ ਦੇ ਕਤਲ ਕੇਸ ਨੂੰ ਪੁਲਿਸ ਨੇ 24 ਘੰਟਿਆ ਵਿਚ ਸੁਲਝਾਇਆ
Publish Date: Fri, 17 Jul 2026 09:20 PM (IST)
Updated Date: Fri, 17 Jul 2026 09:22 PM (IST)
ਪੁਲਿਸ ਨੇ ਦੋ ਨਾਬਾਲਗਾਂ ਸਣੇ ਚਾਰ ਮੁਲਜ਼ਮਾਂ ਨੂੰ ਕੀਤਾ ਕਾਬੂ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਕਪੂਰਥਲਾ ਦੀ ਸਬ-ਡਵੀਜ਼ਨ ਭੁਲੱਥ ਦੇ ਪਿੰਡ ਨੰਗਲ ਲੁਬਾਣਾ ’ਚ ਤੇਜ਼ ਰਫ਼ਤਾਰ ਕਾਰ ਲੰਘਣ ਦੌਰਾਨ ਸੜਕ ’ਤੇ ਪਏ ਟੋਏ ਵਿੱਚ ਖੜ੍ਹੇ ਪਾਣੀ ਦੇ ਛਿੱਟੇ ਪੈਣ ਕਾਰਨ ਹੋਈ ਤਕਰਾਰ ਤੋਂ ਬਾਅਦ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਦੇ ਮਾਮਲੇ ਨੂੰ ਪੁਲਿਸ ਨੇ 24 ਘੰਟਿਆਂ ਵਿੱਚ ਸੁਲਝਾਉਣ ਦਾ ਦਾਅਵਾ ਕੀਤਾ ਹੈ। ਇਹ ਦਾਅਵਾ ਐੱਸਪੀ (ਡੀ) ਹਰਿੰਦਰ ਸਿੰਘ ਨੇ ਕਰਦਿਆਂ ਦੱਸਿਆ ਕਿ ਪੁਲਿਸ ਨੇ ਦੋ ਨਾਬਾਲਗਾਂ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਕਤਲ ਵਿੱਚ ਵਰਤੇ ਗਏ ਦੋ ਤੇਜ਼ਧਾਰ ਹਥਿਆਰ, ਇੱਕ ਖੰਡਾ ਅਤੇ ਕਾਰ ਵੀ ਬਰਾਮਦ ਕਰ ਲਈ ਹੈ। ਐੱਸਪੀ (ਡੀ) ਹਰਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਭਜਨ ਸਿੰਘ ਦੇ ਬਿਆਨਾਂ ਅਨੁਸਾਰ 15 ਜੁਲਾਈ ਦੀ ਰਾਤ ਕਰੀਬ 8 ਵਜੇ ਉਸ ਦਾ ਪੁੱਤਰ ਗੁਰਮੀਤ ਸਿੰਘ ਅਤੇ ਭਤੀਜਾ ਹਰਪ੍ਰੀਤ ਸਿੰਘ ਵਾਸੀ ਨੰਗਲ ਲੁਬਾਣਾ ਆਪਣੇ ਘਰ ਦੇ ਬਾਹਰ ਸੜਕ ਕਿਨਾਰੇ ਖੜ੍ਹੇ ਸਨ। ਇਸ ਦੌਰਾਨ ਕਾਲੇ ਰੰਗ ਦੀ ਕਾਰ ਨੰਬਰ ਪੀਬੀ-09-ਏਐਸ-0441 ਤੇਜ਼ ਰਫ਼ਤਾਰ ਨਾਲ ਲੰਘੀ, ਜਿਸ ਕਾਰਨ ਸੜਕ ’ਤੇ ਖੜ੍ਹੇ ਪਾਣੀ ਦੇ ਛਿੱਟੇ ਗੁਰਮੀਤ ਸਿੰਘ ਦੇ ਕੱਪੜਿਆਂ ’ਤੇ ਪੈ ਗਏ ਅਤੇ ਇਸ ਗੱਲ ਨੂੰ ਲੈ ਕੇ ਮਾਮੂਲੀ ਬਹਿਸ ਹੋ ਗਈ। ਉਸ ਸਮੇਂ ਕਾਰ ਵਿੱਚ ਇੱਕ ਨਾਬਾਲਗ ਚਾਲਕ ਤੇ ਸਤਵਿੰਦਰਜੀਤ ਸਿੰਘ ਉਰਫ਼ ਗੌਰਵ ਵਾਸੀ ਰਾਏਪੁਰ ਪੀਰ ਬਖ਼ਸ਼ਵਾਲਾ ਸਵਾਰ ਸਨ। ਇਸੇ ਰੰਜਿਸ਼ ਦੇ ਚੱਲਦਿਆਂ ਰਾਤ ਕਰੀਬ 9 ਵਜੇ ਨਾਬਾਲਗ ਚਾਲਕ ਅਤੇ ਗੌਰਵ ਆਪਣੇ ਨਾਲ ਦੋ ਹੋਰ ਸਾਥੀਆਂ ਜਸਵਿੰਦਰ ਸਿੰਘ ਉਰਫ਼ ਕਰਨ ਵਾਸੀ ਪਿੰਡ ਡਾਲਾ ਤੇ ਇੱਕ ਨਾਬਾਲਗ ਨੂੰ ਲੈ ਕੇ ਵਾਪਸ ਆਏ। ਠੇਕਾ ਅੱਡਾ ਮੁੰਡੀ ਮੋੜ ਨੇੜੇ ਉਨ੍ਹਾਂ ਨੇ ਗੁਰਮੀਤ ਸਿੰਘ ਨੂੰ ਘੇਰ ਲਿਆ। ਦੋਸ਼ ਹੈ ਕਿ ਨਾਬਾਲਗ ਚਾਲਕ ਨੇ ਖੰਡੇ ਨਾਲ, ਗੌਰਵ ਅਤੇ ਦੂਜੇ ਨਾਬਾਲਗ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ, ਜਦਕਿ ਕਰਨ ਨੇ ਇੱਟ ਮਾਰ ਕੇ ਗੁਰਮੀਤ ਸਿੰਘ ਦਾ ਕਤਲ ਕਰ ਦਿੱਤਾ। ਐੱਸਪੀ (ਡੀ) ਨੇ ਦੱਸਿਆ ਕਿ ਇਸ ਸਬੰਧੀ ਥਾਣਾ ਬੇਗੋਵਾਲ ਦੀ ਪੁਲਿਸ ਨੇ ਮ੍ਰਿਤਕ ਦੇ ਪਿਤਾ ਭਜਨ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਕਤਲ ਅਤੇ ਹੋਰ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ। ਮਾਮਲੇ ਦੀ ਜਾਂਚ ਲਈ ਡੀਐੱਸਪੀ ਭੁਲੱਥ ਗਗਨਦੀਪ ਸਿੰਘ ਅਤੇ ਥਾਣਾ ਬੇਗੋਵਾਲ ਦੇ ਐੱਸਐੱਚਓ ਐੱਸਆਈ ਦਿਲਬਾਗ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕੀਤੀ ਗਈ। ਛਾਪੇਮਾਰੀ ਦੌਰਾਨ ਥਾਣਾ ਬੇਗੋਵਾਲ ਦੀ ਪੁਲਿਸ ਨੇ ਸਤਵਿੰਦਰ ਸਿੰਘ ਉਰਫ਼ ਗੌਰਵ, ਜਸਵਿੰਦਰ ਸਿੰਘ ਉਰਫ਼ ਕਰਨ ਅਤੇ ਦੋ ਨਾਬਾਲਗ ਮੁਲਜ਼ਮਾਂ ਨੂੰ 24 ਘੰਟਿਆਂ ਅੰਦਰ ਗ੍ਰਿਫ਼ਤਾਰ ਕਰਕੇ ਕਤਲ ਦੀ ਗੁੱਥੀ ਸੁਲਝਾ ਲਈ।