ਪੁਲਿਸ ਸੁਸਤ, ਲੁਟੇਰੇ ਚੁਸਤ : ਸੁਰਜੀਤ ਸਿੰਘ ਪੁਲਿਸ ਸੁਸਤ, ਲੁਟੇਰੇ ਚੁਸਤ, ਸ਼ਹਿਰ ਵਿਚ ਚੋਰੀਆਂ ਅਤੇ ਡਕੈਤੀਆਂ ਦੀ ਵਧਦੀ ਗਿਣਤੀ 'ਤੇ ਸੁਰਜੀਤ ਸਿੰਘ ਨੇ ਉਠਾਏ ਸਵਾਲ
Publish Date: Mon, 21 Sep 2026 09:24 PM (IST)
Updated Date: Mon, 21 Sep 2026 09:26 PM (IST)
ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਬਹੁਜਨ ਸਮਾਜ ਪਾਰਟੀ ਦੇ ਹਲਕਾ ਇੰਚਾਰਜ ਸੁਰਜੀਤ ਸਿੰਘ ਨੇ ਸ਼ਹਿਰ ਵਿੱਚ ਰੋਜ਼ਾਨਾ ਹੋ ਰਹੀਆਂ ਚੋਰੀਆਂ, ਡਕੈਤੀਆਂ ਤੇ ਹੋਰ ਅਪਰਾਧਿਕ ਗਤੀਵਿਧੀਆਂ ਤੇ ਚਿੰਤਾ ਪ੍ਰਗਟ ਕੀਤੀ ਤੇ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਜਪ੍ਰਣਾਲੀ ਤੇ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਅਪਰਾਧਕ ਘਟਨਾਵਾਂ ਵਿੱਚ ਤੇਜ਼ੀ ਨਾਲ ਵਾਧਾ ਆਮ ਲੋਕਾਂ ਵਿੱਚ ਅਸੁਰੱਖਿਆ ਦੀ ਭਾਵਨਾ ਵਧਾ ਰਿਹਾ ਹੈ। ਲੋਕ ਆਪਣੇ ਘਰਾਂ, ਦੁਕਾਨਾਂਤੇ ਕਾਰੋਬਾਰਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ। ਸੁਰਜੀਤ ਸਿੰਘ ਨੇ ਕਿਹਾ ਕਿ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਚੋਰੀ ਤੇ ਡਕੈਤੀ ਦੀਆਂ ਰਿਪੋਰਟਾਂ ਦੇ ਬਾਵਜੂਦ, ਅਪਰਾਧੀਆਂ ਨੂੰ ਪੁਲਿਸ ਤੋਂ ਡਰ ਨਹੀਂ ਲੱਗਦਾ। ਉਨ੍ਹਾਂ ਕਿਹਾ ਕਿ ਘਟਨਾ ਤੋਂ ਬਾਅਦ ਹੀ ਕਾਰਵਾਈ ਕਰਨ ਦੀ ਬਜਾਏ, ਪੁਲਿਸ ਪ੍ਰਸ਼ਾਸਨ ਨੂੰ ਅਪਰਾਧ ਨੂੰ ਰੋਕਣ ਲਈ ਪ੍ਰਭਾਵਸ਼ਾਲੀ ਗਸ਼ਤ ਤੇ ਨਿਗਰਾਨੀ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਾਜ਼ਾਰਾਂ, ਮੁੱਖ ਸੜਕਾਂ, ਰਿਹਾਇਸ਼ੀ ਖੇਤਰਾਂ ਤੇ ਸੁੰਨਸਾਨ ਥਾਵਾਂ ਤੇ ਪੁਲਿਸ ਗਸ਼ਤ ਵਧਾਉਣ ਦੀ ਲੋੜ ਹੈ। ਰਾਤ ਨੂੰ ਵਿਸ਼ੇਸ਼ ਨਾਕੇ ਸਥਾਪਤ ਕੀਤੇ ਜਾਣੇ ਚਾਹੀਦੇ ਹਨ ਤੇ ਅਪਰਾਧੀਆਂ ਤੇ ਸ਼ਿਕੰਜਾ ਕੱਸਣ ਲਈ ਸ਼ੱਕੀ ਵਿਅਕਤੀਆਂ ਤੇ ਵਾਹਨਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਪੁਲਿਸ ਪ੍ਰਸ਼ਾਸਨ ਪਿਛਲੀਆਂ ਅਪਰਾਧਿਕ ਘਟਨਾਵਾਂ ਦੀ ਜਾਂਚ ਤੇਜ਼ ਕਰੇ ਤੇ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰੇ। ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਸ਼ਹਿਰ ਵਿੱਚ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕਰਨ ਤੇ ਸੰਵੇਦਨਸ਼ੀਲ ਖੇਤਰਾਂ ਵਿੱਚ ਵਿਸ਼ੇਸ਼ ਚੌਕਸੀ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਸੁਸਤ, ਲੁਟੇਰੇ ਚੁਸਤ ਦੀ ਸਥਿਤੀ ਲੋਕਾਂ ਲਈ ਚਿੰਤਾ ਦਾ ਵਿਸ਼ਾ ਹੈ ਤੇ ਇਸ ਨੂੰ ਬਦਲਣ ਲਈ, ਪੁਲਿਸ ਨੂੰ ਜ਼ਮੀਨੀ ਪੱਧਰ ਤੇ ਸਰਗਰਮ ਹੋਣਾ ਚਾਹੀਦਾ ਹੈ।