ਫਿਲੌਰ ’ਚ ਕਾਰ ਨੂੰ ਟੱਕਰ ਮਾਰਨ ਵਾਲਾ ਟਰੱਕ ਡਰਾਈਵਰ ਕਾਬੂ ਫਿਲੌਰ ਵਿਖੇ ਕਾਰ ਨੂੰ ਟੱਕਰ ਮਾਰ ਕੇ ਭੱਜਣ ਵਾਲਾ ਟਰੱਕ ਪੁਲਿਸ ਨੇ ਫਗਵਾੜਿਓਂ ਕੀਤਾ ਰਾਊਂਂਡ ਅੱਪ
Publish Date: Fri, 23 Oct 2026 08:55 PM (IST)
Updated Date: Fri, 23 Oct 2026 08:57 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਮਾਤਾ ਵੈਸ਼ਣੋ ਦੇਵੀ ਜਾ ਰਹੇ ਇੱਕ ਪਰਿਵਾਰ ਦੀ ਕਾਰ ਨੂੰ ਟੱਕਰ ਮਾਰਨ ਵਾਲੇ ਇੱਕ ਟਰੱਕ ਨੂੰ ਫਿਲੌਰ ਪੁਲਿਸ ਨੇ ਫਗਵਾੜਾ ਪੁਲਿਸ ਦੀ ਮਦਦ ਨਾਲ ਫਗਵਾੜਾ ਦੇ ਪਿੰਡ ਸਪਰੋੜ ਤੋਂ ਰਾਊਂਡ ਅੱਪ ਕੀਤਾ ਹੈ। ਹਾਈਵੇ ਪੁਲਿਸ ਅਧਿਕਾਰੀ ਏਐੱਸਆਈ ਮੱਖਣ ਸਿੰਘ ਨੇ ਦੱਸਿਆ ਕਿ ਡਿਵਾਈਸ ਤੋਂ ਸੂਚਨਾ ਮਿਲੀ ਸੀ ਕਿ ਫਿਲੌਰ ਤੋਂ ਜਲੰਧਰ ਜਾਂਦੇ ਸਮੇਂ ਇੱਕ ਟਰੱਕ ਨੇ ਵੈਸ਼ਨੋ ਦੇਵੀ ਜਾ ਰਹੀ ਇੱਕ ਕਾਰ ਨੂੰ ਟੱਕਰ ਮਾਰ ਦਿੱਤੀ ਤੇ ਸੋਨੇ ਦੀ ਚੈਨ ਖੋਹ ਕੇ ਮੌਕੇ ਤੋਂ ਫਰਾਰ ਹੋ ਗਿਆ। ਹਾਈਵੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਸ ਨੇ ਗੱਡੀ ਵਾਲੇ ਨਾਲ ਹੱਥੋਪਾਈ ਵੀ ਕੀਤੀ ਸੀ। ਟਰੱਕ ਡਰਾਈਵਰ ਤੇ ਟਰੱਕ ਐੱਸਐੱਸ ਟੀਮ ਨੂੰ ਗੁਰਦੁਆਰਾ ਟਿੱਬਾ ਸਾਹਿਬ ਸਪਰੋੜ ਤੋਂ ਮਿਲਿਆ, ਜਿਸ ਦੀ ਇਤਲਾਹ ਐੱਸਐੱਚਓ ਜੰਗ ਬਹਾਦਰ ਸਦਰ ਥਾਣਾ ਫਗਵਾੜਾ ਤੇ ਐੱਸਐੱਚਓ ਫਿਲੌਰ ਨੂੰ ਵੀ ਦਿੱਤੀ ਗਈ ਤੇ ਕੰਟਰੋਲ ਰੂਮ ਫਗਵਾੜਾ ’ਤੇ ਸੂਚਿਤ ਕੀਤਾ ਗਿਆ। ਜਦੋਂ ਪੰਜਾਬੀ ਜਾਗਰਣ ਦੇ ਪ੍ਰਤੀਨਿਧ ਵੱਲੋਂ ਇਸ ਪੂਰੇ ਮਾਮਲੇ ਸਬੰਧੀ ਕਾਰ ਚਾਲਕ ਦੀਪਕ ਨਾਗਪਾਲ ਪੁੱਤਰ ਬੁੱਧ ਰਾਮ ਨਾਗਪਾਲ, ਵਾਸੀ ਪਿੰਡ ਰੋਹਿਨੀ, ਦਿੱਲੀ ਨਾਲ ਉਸਦੇ ਮੋਬਾਈਲ ’ਤੇ ਸੰਪਰਕ ਕੀਤਾ ਗਿਆ ਤਾਂ ਉਸਨੇ ਦੱਸਿਆ ਕਿ ਮੈਂ, ਮੇਰਾ ਭਰਾ, ਪਤਨੀ ਤੇ ਬੇਟੀ ਆਪਣੀ ਕਾਰ ਵਿੱਚ ਮਾਂ ਵੈਸ਼ਨੋ ਦੇਵੀ ਮੱਥਾ ਟੇਕਣ ਦਾ ਰਹੇ ਸਾਂ ਤਾਂ ਉਕਤ ਟਰੱਕ ਡਰਾਈਵਰ ਨੇ ਸਾਡੀ ਕਾਰ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਨੇ ਸਾਡੇ ਨਾਲ ਹੱਥੋਪਾਈ ਵੀ ਕੀਤੀ। ਇਹ ਹੀ ਨਹੀਂ ਬਲਕਿ ਮੇਰੀ ਪਤਨੀ ਦੇ ਗਲੇ ਵਿੱਚ ਪਾਈ ਢਾਈ ਤੋਲੇ ਦੀ ਸੋਨੇ ਦੀ ਚੇਨ ਵੀ ਖੋਹੀ ਲਈ। ਹਾਲਾਂਕਿ ਅਦਾਰਾ ਪੰਜਾਬੀ ਜਾਗਰਣ ਲੁੱਟ ਹੋਈ ਜਾਂ ਨਹੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ।