ਕੰਪਿਊਟਰ ਅਧਿਆਪਕਾਂ ’ਤੇ ਪੁਲਿਸ ਕਾਰਵਾਈ ਕਰਨਾ ਮੰਦਭਾਗੀ : ਯੂਨੀਅਨ ਸੁਨਾਮ ’ਚ ਸ਼ਾਂਤਮਈ ਰੋਸ ਤੋਂ ਪਹਿਲਾਂ ਕੰਪਿਊਟਰ ਅਧਿਆਪਕਾਂ 'ਤੇ ਪੁਲਿਸ ਕਾਰਵਾਈ ਕਰਨਾ ਮੰਦਭਾਗੀ : ਯੂਨੀਅਨ
Publish Date: Fri, 31 Jul 2026 09:15 PM (IST)
Updated Date: Fri, 31 Jul 2026 09:16 PM (IST)
ਪਰਮਜੀਤ ਸਿੰਘ/ਸੁੱਖੀ ਟਿੱਬਾ, ਪੰਜਾਬੀ ਜਾਗਰਣ ਆਰਸੀਐੱਫ/ਡਡਵਿੰਡੀ : ਕੰਪਿਊਟਰ ਟੀਚਰਜ਼ ਯੂਨੀਅਨ ਪੰਜਾਬ ਦੀ ਕਪੂਰਥਲਾ ਇਕਾਈ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਦੋਸ਼ ਲਗਾਇਆ ਹੈ ਕਿ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਹੱਕੀ ਮੰਗਾਂ ਦੇ ਸਮਰਥਨ ਵਿੱਚ ਸੁਨਾਮ ਵਿਖੇ ਕੀਤੇ ਜਾਣ ਵਾਲੇ ਸ਼ਾਂਤਮਈ ਰੋਸ ਪ੍ਰਦਰਸ਼ਨ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਨੇ ਅਧਿਆਪਕਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਯੂਨੀਅਨ ਅਨੁਸਾਰ ਸਵੇਰ ਤੋਂ ਹੀ ਪੁਲਿਸ ਵੱਲੋਂ ਯੂਨੀਅਨ ਆਗੂਆਂ ਦੇ ਘਰਾਂ ’ਤੇ ਜਾ ਕੇ ਉਨ੍ਹਾਂ ਨੂੰ ਨਜ਼ਰਬੰਦ ਕੀਤਾ ਗਿਆ ਤਾਂ ਜੋ ਉਹ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਨਾ ਹੋ ਸਕਣ। ਇਸ ਦੇ ਬਾਵਜੂਦ ਜਦੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਕੰਪਿਊਟਰ ਅਧਿਆਪਕ ਸੁਨਾਮ ਲਈ ਰਵਾਨਾ ਹੋਏ ਤਾਂ ਪੁਲਿਸ ਨੇ ਉਨ੍ਹਾਂ ਨੂੰ ਰਸਤੇ ਵਿੱਚ ਹੀ ਰੋਕ ਕੇ ਕਈ ਅਧਿਆਪਕਾਂ ਨੂੰ ਵੱਖ-ਵੱਖ ਥਾਣਿਆਂ ਵਿੱਚ ਹਿਰਾਸਤ ਵਿੱਚ ਲੈ ਲਿਆ। ਯੂਨੀਅਨ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਹਿਰਾਸਤ ਦੌਰਾਨ ਅਧਿਆਪਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਆਪਣੀਆਂ ਜਾਇਜ਼ ਮੰਗਾਂ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਅਧਿਆਪਕ ਸਿਰਫ਼ ਸ਼ਾਂਤਮਈ ਅਤੇ ਲੋਕਤੰਤਰੀ ਢੰਗ ਨਾਲ ਆਪਣੀ ਆਵਾਜ਼ ਸਰਕਾਰ ਤੱਕ ਪਹੁੰਚਾਉਣਾ ਚਾਹੁੰਦੇ ਸਨ, ਪਰ ਸਰਕਾਰ ਨੇ ਪੁਲਿਸ ਪ੍ਰਸ਼ਾਸਨ ਦੀ ਵਰਤੋਂ ਕਰਕੇ ਉਨ੍ਹਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਯੂਨੀਅਨ ਨੇ ਕਿਹਾ ਕਿ ਸਾਲ 2011 ਵਿੱਚ ਰੈਗੂਲਰ ਹੋਣ ਦੇ ਬਾਵਜੂਦ ਅੱਜ ਤੱਕ ਕੰਪਿਊਟਰ ਅਧਿਆਪਕਾਂ ਨੂੰ ਰੈਗੂਲਰ ਮੁਲਾਜ਼ਮਾਂ ਵਾਲੇ ਪੂਰੇ ਹੱਕ ਅਤੇ ਸੇਵਾ ਲਾਭ ਨਹੀਂ ਮਿਲੇ। ਕਈ ਮੀਟਿੰਗਾਂ ਅਤੇ ਭਰੋਸਿਆਂ ਦੇ ਬਾਵਜੂਦ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਦਾ ਕੋਈ ਠੋਸ ਹੱਲ ਨਹੀਂ ਕੀਤਾ ਗਿਆ। ਯੂਨੀਅਨ ਨੇ ਚਿਤਾਵਨੀ ਦਿੱਤੀ ਹੈ ਕਿ ਗ੍ਰਿਫ਼ਤਾਰੀਆਂ ਜਾਂ ਨਜ਼ਰਬੰਦੀ ਨਾਲ ਅਧਿਆਪਕਾਂ ਦੇ ਸੰਘਰਸ਼ ਨੂੰ ਦਬਾਇਆ ਨਹੀਂ ਜਾ ਸਕਦਾ ਹੈ ਅਤੇ ਜੇਕਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਕੰਪਿਊਟਰ ਟੀਚਰਜ਼ ਯੂਨੀਅਨ ਪੰਜਾਬ ਦੀ ਕਪੂਰਥਲਾ ਇਕਾਈ ਦੇ ਆਗੂ ਹਰਮਿੰਦਰ ਸਿੰਘ, ਤਲਵਿੰਦਰ ਸਿੰਘ, ਜਗਤਾਰ, ਨਰੇਸ਼, ਜਗਜੀਤ ਥਿੰਡ, ਪ੍ਰੇਮ ਰਤੜਾ, ਪ੍ਰਦੀਪ ਸਿੰਘ, ਵਿਪਨ ਸੈਣੀ, ਸੁਖਵਿੰਦਰ ਸਿੰਘ, ਦਵਿੰਦਰ ਧਾਂਜੂ, ਇੰਦਰਜੀਤ ਸਿੰਘ ਅਤੇ ਰਣਜੀਤ ਸਿੰਘ ਵੀ ਰੋਸ ਪ੍ਰਦਰਸ਼ਨ ਲਈ ਸੁਨਾਮ ਪਹੁੰਚੇ ਸਨ ਜਿਨ੍ਹਾਂ ਨੂੰ ਵੀ ਸੁਨਾਮ ਵਿਖੇ ਪੁਲਿਸ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਸੀ।