ਪਵਿੱਤਰ ਵੇਈਂ ਦੀ 26ਵੀਂ ਵਰ੍ਹੇਗੰਢ ਮੌਕੇ ਪੰਜਾਬ ਦੇ ਪਾਣੀਆਂ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦਾ ਅਹਿਦ ਪਵਿੱਤਰ ਵੇਈਂ ਦੀ 26ਵੀਂ ਵਰ੍ਹੇਗੰਢ ਮੌਕੇ ਪੰਜਾਬ ਦੇ ਪਾਣੀਆਂ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਦਾ ਅਹਿਦ
Publish Date: Thu, 16 Jul 2026 08:37 PM (IST)
Updated Date: Fri, 17 Jul 2026 04:10 AM (IST)
* ਸੰਤ ਸੀਚੇਵਾਲ ਨੂੰ ‘21ਵੀਂ ਸਦੀ ਦਾ ਵਾਤਾਵਰਣ ਹੀਰੋ’ ਕਰਾਰ * ਕਾਰਸੇਵਾ ’ਚ ਲਗਾਤਾਰ ਸਹਿਯੋਗ ਦੇ ਰਹੇ ਸੇਵਾਦਾਰਾਂ ਦਾ ਸਨਮਾਨ ਕੈਪਸ਼ਨ : 16ਕੇਪੀਟੀ12 ਪਵਿੱਤਰ ਵੇਈਂ ਦੀ26 ਵੀ ਵਰ੍ਹੇਗੰਢ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ । ਕੈਪਸ਼ਨ : 16ਕੇਪੀਟੀ13 ਜੇਲ੍ਹ ਤੇ ਐੱਨਆਰਆਈ ਮੰਤਰੀ ਡਾਕਟਰ ਰਵਜੋਤ ਸਿੰਘ ਨੂੰ ਸਨਮਾਨਤ ਕਰਦੇ ਹੋਏ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ । ਕੁਲਬੀਰ ਸਿੰਘ ਮਿੰਟੂ/ਲਖਬੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪਾਣੀਆਂ ਦੀ ਸੰਭਾਲ ਬਾਰੇ ਲੋਕ ਚੇਤਨਾ ਪੈਦਾ ਕਰਨ ਵਾਲੀ ਪਵਿੱਤਰ ਕਾਲੀ ਵੇਈਂ ਦੀ 26ਵੀਂ ਵਰ੍ਹੇਗੰਢ ਮੌਕੇ ਪੰਜਾਬ ਦੇ ਨਦੀਆਂ ਤੇ ਦਰਿਆਵਾਂ ਨੂੰ ਪ੍ਰਦੂਸ਼ਣ ਮੁਕਤ ਰੱਖਣ ਦਾ ਅਹਿਦ ਲਿਆ ਗਿਆ। ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਵਿਖੇ ਹੋਏ ਧਾਰਮਿਕ ਸਮਾਗਮ ਦੌਰਾਨ ਬਾਬਾ ਨਾਨਕ ਦੀ ਚਰਨਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਤੋਂ ਪਹਿਲਾਂ ਦੇ ਮਾੜੇ ਹਾਲਾਤ ਤੇ ਪਿਛਲੇ 25 ਸਾਲਾਂ ਦੌਰਾਨ ਹੋਈ ਅਣਥੱਕ ਮਿਹਨਤ ਨਾਲ ਇਸ ਦੇ ਬਦਲੇ ਸਰੂਪ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਜੇਲ੍ਹ ਤੇ ਐੱਨਆਰਆਈ ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਪਵਿੱਤਰ ਕਾਲੀ ਵੇਈਂ ਦਾ ਮੁੜ ਸਾਫ਼ ਤੇ ਨਿਰੰਤਰ ਵਗਣਾ ਪੰਜਾਬ ਵਾਸੀਆਂ ਦੇ ਸਾਂਝੇ ਸਹਿਯੋਗ ਦੀ ਪ੍ਰਾਪਤੀ ਹੈ, ਜੋ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ 25 ਸਾਲ ਦੀ ਲਗਾਤਾਰ ਲੋਕ ਸੇਵਾ ਤੇ ਜਨ-ਸਹਿਯੋਗ ਨਾਲ ਸੰਭਵ ਹੋ ਸਕੀ। ਸਪੀਕਰ ਸੰਧਵਾਂ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ “21ਵੀਂ ਸਦੀ ਦਾ ਵਾਤਾਵਰਣ ਹੀਰੋ” ਕਰਾਰ ਦਿੰਦਿਆਂ ਕਿਹਾ ਕਿ ਉਹ ਜ਼ਮੀਨੀ ਪੱਧਰ ਨਾਲ ਜੁੜੇ ਅਜਿਹੇ ਸੰਤ ਹਨ, ਜਿਨ੍ਹਾਂ ਸੇਵਾ ਨੂੰ ਸਮਾਜਿਕ ਬਦਲਾਅ ਦਾ ਸਾਧਨ ਬਣਾਇਆ। ਉਨ੍ਹਾਂ ਕਿਹਾ ਕਿ ਪਿੰਡ ਦੇ ਸਰਪੰਚ ਵਜੋਂ ਸੇਵਾ ਨਿਭਾਉਂਦਿਆਂ ਵੀ ਸੰਤ ਸੀਚੇਵਾਲ ਨੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਮੰਚਾਂ ਤੇ ਕਾਲੀ ਵੇਈਂ ਦੀ ਕਾਰ ਸੇਵਾ ਦਾ ਸੰਦੇਸ਼ ਪਹੁੰਚਾਇਆ। ਉਨ੍ਹਾਂ ਕਿਹਾ ਕਿ ਸੰਤ ਸੀਚੇਵਾਲ ਜਿੱਥੇ ਪਿੰਡਾਂ ਦੇ ਗੰਦੇ ਪਾਣੀ ਦੇ ਵਿਗਿਆਨਕ ਤੇ ਵਿਹਾਰਕ ਹੱਲਾਂ ਦੀ ਡੂੰਘੀ ਸਮਝ ਰੱਖਦੇ ਹਨ, ਉੱਥੇ ਹੀ ਵਿਸ਼ਵ ਪੱਧਰੀ ਵਾਤਾਵਰਣ ਮੁੱਦਿਆਂ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਤੇ ਵੀ ਬੇਬਾਕੀ ਨਾਲ ਆਪਣੇ ਵਿਚਾਰ ਰੱਖ ਕੇ ਆਪਣੀ ਵਿਸ਼ਾਲ ਤੇ ਕੌਮਾਂਤਰੀ ਸੋਚ ਦਾ ਪ੍ਰਗਟਾਵਾ ਕਰਦੇ ਹਨ। ਖੇਤੀਬਾੜੀ ਮੰਤਰੀ ਖੁੱਡੀਆਂ ਨੇ ਕਿਹਾ ਕਿ ਸੰਤ ਸੀਚੇਵਾਲ ਦੀ ਅਗਵਾਈ ਹੇਠ ਸੁਲਤਾਨਪੁਰ ਲੋਧੀ, ਦਸੂਹਾ ਤੇ ਕਪੂਰਥਲਾ ਦੇ ਸੀਵਰੇਜ ਟਰੀਟਮੈਂਟ ਪਲਾਂਟਾਂ ਤੋਂ ਸੋਧੇ ਹੋਏ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣ ਲਈ ਕਿਲੋਮੀਟਰ ਲੰਬੀਆਂ ਪਾਈਪ ਲਾਈਨਾਂ ਵਿਛਾਈਆਂ ਗਈਆਂ ਹਨ। ਇਸ ਉਪਰਾਲੇ ਨਾਲ ਕਿਸਾਨਾਂ ਨੂੰ ਗੁਣਵੱਤਾ ਵਾਲਾ ਪਾਣੀ ਮਿਲ ਰਿਹਾ ਹੈ ਅਤੇ ਧਰਤੀ ਹੇਠਲੇ ਪਾਣੀ ਦੀ ਸੰਭਾਲ ਵੀ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੀਚੇਵਾਲ ਮਾਡਲ ਤਹਿਤ ਸੂਬੇ ਦੇ ਪਿੰਡਾਂ ’ਚ ਗੰਦੇ ਪਾਣੀ ਦੇ ਸੁਚੱਜੇ ਨਿਕਾਸ ਲਈ ਵਿਸ਼ੇਸ਼ ਗ੍ਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਜੇਲ੍ਹ ਤੇ ਐੱਨਆਰਆਈਜ਼ ਮਾਮਲਿਆ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਬੁੱਢੇ ਦਰਿਆ ਨੂੰ ਪੰਜਾਬ ਦੀ ਅਮੋਲਕ ਵਿਰਾਸਤ ਦੱਸਦਿਆਂ ਕਿਹਾ ਕਿ ਪੰਜਾਬ ਦੀ ਪਛਾਣ ਹੀ ਇਸ ਦੀਆਂ ਨਦੀਆਂ ਅਤੇ ਦਰਿਆਵਾਂ ਨਾਲ ਜੁੜੀ ਹੋਈ ਹੈ। ਉਨ੍ਹਾਂ ਕਿਹਾ ਕਿ ਪਵਿੱਤਰ ਕਾਲੀ ਵੇਈਂ ਦੀ 26ਵੀਂ ਵਰ੍ਹੇਗੰਢ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸੰਗਤ ਨੂੰ ਦਿਵਾਇਆ ਗਿਆ ਨਦੀਆਂ ਤੇ ਦਰਿਆਵਾਂ ਦੀ ਸੰਭਾਲ ਦਾ ਅਹਿਦ ਕੇਵਲ ਇਕ ਸੰਕਲਪ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼-ਸੁਥਰੇ ਤੇ ਸਿਹਤਮੰਦ ਵਾਤਾਵਰਣ ਦੀ ਸਾਂਝੀ ਜ਼ਿੰਮੇਵਾਰੀ ਹੈ, ਜਿਸ ਨੂੰ ਲਗਾਤਾਰ ਲੋਕ ਭਾਗੀਦਾਰੀ ਨਾਲ ਅਮਲ ’ਚ ਲਿਆਉਣ ਦੀ ਲੋੜ ਹੈ। ਇਸ ਮੌਕੇ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਕਾਰਸੇਵਾ ’ਚ ਪਿਛਲੇ ਲਬੇਂ ਸਮੇਂ ਤੋਂ ਲਗਾਤਾਰ ਸਹਿਯੋਗ ਦੇ ਰਹੇ ਸੇਵਾਦਾਰਾਂ ਦਾ ਸਨਮਾਨ ਕੀਤਾ ਗਿਆ। ਸਮਾਗਮ ਤੋਂ ਪਹਿਲਾਂ ਸੰਤ ਅਵਤਾਰ ਸਿੰਘ ਯਾਦਗਾਰੀ ਸਕੂਲ ਦੇ ਬੱਚਿਆਂ ਵੱਲੋਂ ਰਸਭਿੰਨਾ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸਮਾਗਮ ’ਚ ਸੰਤ ਪ੍ਰਗਟ ਨਾਥ, ਸੰਤ ਗੁਰਮੇਜ਼ ਸਿੰਘ, ਸੰਤ ਜਸਵਿੰਦਰ ਹਰਿਆਣੇ ਤੋਂ, ਹਲਕਾ ਇੰਚਾਰਜ਼ ਸੱਜਣ ਸਿੰਘ ਚੀਮਾ, ਐੱਸਡੀਐੱਮ ਸੁਲਤਾਨਪੁਰ ਲੋਧੀ ਜਸਜੀਤ ਸਿੰਘ, ਵਰੁਣ ਸ਼ਰਮਾ, ਸੁਰਜੀਤ ਸਿੰਘ ਸ਼ੰਟੀ, ਸਰਪੰਚ ਜੋਗਾ ਸਿੰਘ, ਸਪਰੰਚ ਬੂਟਾ ਸਿੰਘ, ਮਨਜੀਤ ਸਿੰਘ, ਦੋਆਬਾ ਮੈਡੀਕਲ ਪ੍ਰਕਟੀਸ਼ਨਰਜ਼, ਤਜਿੰਦਰ ਸਿੰਘ, ਸਮੇਤ ਇਲਾਕੇ ਦੀ ਸੰਗਤ ਵੱਡੀ ਗਿਣਤੀ ’ਚ ਹਾਜ਼ਰ ਰਹੀਆਂ। ਸਟੇਜ਼ ਸੈਕਟਰੀ ਦੀ ਭੂਮਿਕਾ ਸੰਤ ਸੁਖਜੀਤ ਸਿੰਘ ਨੇ ਬਾਖੂਬੀ ਨਿਭਾਈ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਤੇ ਸੰਗਤ ਨੂੰ ਬੂਟਿਆਂ ਦਾ ਪ੍ਰਸ਼ਾਦ ਵੰਡਿਆ ਗਿਆ।