ਬੈੱਡਮਿੰਟਨ ਟੂਰਨਾਮੈਂਟ ਦੇ ਦੂਜੇ ਦਿਨ ਖਿਡਾਰੀਆਂ ਨੇ ਦਿਖਾਇਆ ਜੋਸ਼ ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਦਿਨ ਖਿਡਾਰੀਆਂ ਨੇ ਦਿਖਾਇਆ ਜੋਸ਼
Publish Date: Fri, 07 Aug 2026 07:47 PM (IST)
Updated Date: Fri, 07 Aug 2026 07:50 PM (IST)
ਬ੍ਰਿਟਿਸ਼ ਵਿਕਟੋਰੀਆ ਸਕੂਲ ਨੇ 2 ਵਰਗਾਂ ’ਚ ਜਿੱਤ ਦਰਜ ਕੀਤੀ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਬ੍ਰਿਟਿਸ਼ ਵਿਕਟੋਰੀਆ ਸਕੂਲ, ਸੁਲਤਾਨਪੁਰ ਲੋਧੀ ਵਿਖੇ ਆਯੋਜਿਤ ਸੀਬੀਐੱਸਈ ਬੈੱਡਮਿੰਟਨ ਕਲੱਸਟਰ 18ਵਾਂ ਟੂਰਨਾਮੈਂਟ ਦੇ ਦੂਜੇ ਦਿਨ ਵੱਖ-ਵੱਖ ਕੋਰਟਾਂ ਤੇ ਰੋਮਾਂਚਕ ਤੇ ਉੱਚ ਪੱਧਰੀ ਮੁਕਾਬਲੇ ਕਰਵਾਏ ਗਏ। ਵੱਖ-ਵੱਖ ਸਕੂਲਾਂ ਤੋਂ ਪਹੁੰਚੇ ਖਿਡਾਰੀਆਂ ਨੇ ਸ਼ਾਨਦਾਰ ਖੇਡ ਕੌਸ਼ਲ, ਅਨੁਸ਼ਾਸਨ ਤੇ ਖੇਡ ਭਾਵਨਾ ਦਾ ਪ੍ਰਦਰਸ਼ਨ ਕਰਦਿਆਂ ਟੂਰਨਾਮੈਂਟ ਨੂੰ ਹੋਰ ਵੀ ਦਿਲਚਸਪ ਬਣਾ ਦਿੱਤਾ। ਦੂਜੇ ਦਿਨ ਦੇ ਮੁਕਾਬਲਿਆਂ ਵਿੱਚ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਪਬਲਿਕ ਸਕੂਲ ਨੇ ਦਸ਼ਮੇਸ਼ ਪਬਲਿਕ ਸਕੂਲ ਨੂੰ ਹਰਾ ਕੇ ਅਗਲੇ ਗੇੜ ਵਿੱਚ ਪ੍ਰਵੇਸ਼ ਕੀਤਾ। ਅੰਡਰ-17 ਲੜਕੀਆਂ ਵਰਗ ਵਿੱਚ ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ, ਗੋਇੰਦਵਾਲ ਸਾਹਿਬ ਨੇ ਅਕਾਲ ਗੈਲੇਕਸੀ ਕਾਨਵੈਂਟ ਸਕੂਲ ਨੂੰ ਮਾਤ ਦੇ ਕੇ ਅਗਲੇ ਪੜਾਅ ਲਈ ਆਪਣੀ ਜਗ੍ਹਾ ਪੱਕੀ ਕੀਤੀ। ਅੰਡਰ-17 ਲੜਕਿਆਂ ਵਰਗ ਵਿੱਚ ਆਰਮੀ ਪਬਲਿਕ ਸਕੂਲ, ਕਠੂਆ ਨੇ ਸੇਂਟ ਕਾਨਵੈਂਟ ਸਕੂਲ ਨੂੰ ਹਰਾਇਆ। ਡੀਸੀਐੱਮ ਇੰਟਰਨੈਸ਼ਨਲ ਸਕੂਲ, ਫਿਰੋਜ਼ਪੁਰ ਨੇ ਕੈਂਬਰਿਜ ਇੰਟਰਨੈਸ਼ਨਲ ਸਕੂਲ, ਨਵਾਂਸ਼ਹਿਰ ਨੂੰ ਮਾਤ ਦਿੱਤੀ। ਕੈਂਬਰਿਜ ਇੰਟਰਨੈਸ਼ਨਲ ਸਕੂਲ, ਜਲੰਧਰ ਨੇ ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ, ਗੋਇੰਦਵਾਲ ਸਾਹਿਬ ਨੂੰ ਹਰਾਕੇ ਅਗਲੇ ਗੇੜ ਵਿੱਚ ਥਾਂ ਬਣਾਈ। ਇਨਵਾਈਟਸ ਇੰਟਰਨੈਸ਼ਨਲ ਸਕੂਲ ਨੇ ਪ੍ਰਤਾਪ ਵਰਲਡ ਸਕੂਲ ਨੂੰ ਹਰਾਇਆ, ਜਦਕਿ ਦੋਆਬਾ ਪਬਲਿਕ ਸਕੂਲ ਨੇ ਗੁਰੂ ਨਾਨਕ ਪਬਲਿਕ ਸਕੂਲ, ਦੋਰਾਹਾ ਨੂੰ ਮਾਤ ਦੇ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇੱਕ ਹੋਰ ਮੁਕਾਬਲੇ ਵਿੱਚ ਹੈਰੀਟੇਜ ਸਕੂਲ, ਜੰਮੂ ਨੇ ਦਰਸ਼ਨ ਅਕੈਡਮੀ ਸਕੂਲ, ਲੁਧਿਆਣਾ ਨੂੰ ਹਰਾਇਆ। ਐੱਮਜੀਐੱਨ ਪਬਲਿਕ ਸਕੂਲ, ਜਲੰਧਰ ਨੇ ਆਰਮੀ ਪਬਲਿਕ ਸਕੂਲ, ਅਬੋਹਰ ਨੂੰ ਮਾਤ ਦੇ ਕੇ ਅਗਲੇ ਗੇੜ ਵਿੱਚ ਪ੍ਰਵੇਸ਼ ਕੀਤਾ। ਇਸੇ ਤਰ੍ਹਾਂ ਪਾਥ ਸੀਕਰਜ਼, ਬਿਆਸ ਨੇ ਡੀਸੀਐੱਮ ਪ੍ਰੈਜ਼ੀਡੈਂਸੀ ਸਕੂਲ, ਲੁਧਿਆਣਾ ਨੂੰ ਹਰਾਇਆ, ਜਦਕਿ ਆਰਮੀ ਪਬਲਿਕ ਸਕੂਲ, ਅੰਬਾਲਾ ਨੇ ਦੋਆਬਾ ਪਬਲਿਕ ਸਕੂਲ ਨੂੰ ਹਰਾ ਕੇ ਅਗਲੇ ਗੇੜ ਲਈ ਆਪਣੀ ਜਗ੍ਹਾ ਪੱਕੀ ਕੀਤੀ। ਮੇਜ਼ਬਾਨ ਬ੍ਰਿਟਿਸ਼ ਵਿਕਟੋਰੀਆ ਸਕੂਲ ਦੇ ਖਿਡਾਰੀਆਂ ਨੇ ਵੀ ਦੂਜੇ ਦਿਨ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਅੰਡਰ-17 ਲੜਕਿਆਂ ਵਰਗ ਵਿੱਚ ਬ੍ਰਿਟਿਸ਼ ਵਿਕਟੋਰੀਆ ਸਕੂਲ ਨੇ ਦਿੱਲੀ ਪਬਲਿਕ ਸਕੂਲ, ਜੰਮੂ ਨੂੰ ਹਰਾ ਕੇ ਅਗਲੇ ਗੇੜ ਵਿੱਚ ਪ੍ਰਵੇਸ਼ ਕੀਤਾ। ਇਸੇ ਤਰ੍ਹਾਂ ਅੰਡਰ-19 ਵਰਗ ਵਿੱਚ ਬ੍ਰਿਟਿਸ਼ ਵਿਕਟੋਰੀਆ ਸਕੂਲ ਨੇ ਇਨੋਸੈਂਟ ਹਾਰਟਸ ਸਕੂਲ, ਗ੍ਰੀਨ ਮਾਡਲ ਟਾਊਨ, ਜਲੰਧਰ ਨੂੰ ਹਰਾਕੇ ਪ੍ਰਭਾਵਸ਼ਾਲੀ ਜਿੱਤ ਦਰਜ ਕੀਤੀ। ਦੋਵਾਂ ਵਰਗਾਂ ਵਿੱਚ ਸਕੂਲ ਦੇ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਤੇ ਦਰਸ਼ਕਾਂ ਨੇ ਜ਼ੋਰਦਾਰ ਤਾੜੀਆਂ ਨਾਲ ਉਨ੍ਹਾਂ ਦਾ ਹੌਸਲਾ ਵਧਾਇਆ। ਟੂਰਨਾਮੈਂਟ ਦੌਰਾਨ ਸਕੂਲ ਦੇ ਚੇਅਰਮੈਨ ਸ਼ਿੰਦਰਪਾਲ ਸਿੰਘ, ਮੈਨੇਜਿੰਗ ਡਾਇਰੈਕਟਰ ਅਰਸ਼ਦੀਪ ਸਿੰਘ ਤੇ ਪ੍ਰਿੰਸੀਪਲ ਸੁਨੀਤਾ ਸਭਰਵਾਲ ਨੇ ਵੱਖ-ਵੱਖ ਮੁਕਾਬਲਾ ਸਥਾਨਾਂ ਦਾ ਦੌਰਾ ਕਰਦਿਆਂ ਖਿਡਾਰੀਆਂ, ਕੋਚਾਂ ਤੇ ਟੀਮ ਮੈਨੇਜਰਾਂ ਦਾ ਹੌਸਲਾ ਵਧਾਇਆ। ਹੁਣ ਟੂਰਨਾਮੈਂਟ ਹੋਰ ਵੀ ਰੋਮਾਂਚਕ ਪੜਾਅ ਵਿੱਚ ਦਾਖਲ ਹੋ ਚੁੱਕਾ ਹੈ। ਆਉਣ ਵਾਲੇ ਦਿਨਾਂ ਵਿੱਚ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਵਿੱਚ ਵੱਖ-ਵੱਖ ਰਾਜਾਂ ਦੀਆਂ ਮਜ਼ਬੂਤ ਟੀਮਾਂ ਚੈਂਪੀਅਨਸ਼ਿਪ ਲਈ ਆਹਮੋ-ਸਾਹਮਣੇ ਹੋਣਗੀਆਂ।