ਰਾਮਗੜ੍ਹੀਆ ਇੰਜੀਨੀਅਰਿੰਗ ਕਾਲਜ ’ਚ ਜਾਗਰੂਕਤਾ ਸਮਾਗਮ ਕਰਵਾਇਆ ਰਾਮਗੜੀਆ ਇੰਜੀਨੀਅਰਿੰਗ ਕਾਲਜ ਵਿਖੇ ਪਲੇਟਲੈਟਸ ਦਾਨ ਸਬੰਧੀ ਜਾਗਰੂਕਤਾ ਸਮਾਗਮ
Publish Date: Sat, 22 Aug 2026 07:03 PM (IST)
Updated Date: Sat, 22 Aug 2026 07:06 PM (IST)
ਆਸੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਬਰਸਾਤ ਦੇ ਮੌਸਮ ਦੌਰਾਨ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਧਣ ਕਾਰਨ ਪਲੇਟਲੈਟਸ ਦੀ ਮੰਗ ਵੀ ਵਧ ਜਾਂਦੀ ਹੈ। ਡੇਂਗੂ ਸਮੇਤ ਹੋਰ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਲਈ ਸਮੇਂ ਸਿਰ ਪਲੇਟਲੈਟਸ ਉਪਲਬਧ ਕਰਵਾਉਣਾ ਕਈ ਵਾਰ ਜੀਵਨ ਬਚਾਉਣ ਲਈ ਬੇਹੱਦ ਜ਼ਰੂਰੀ ਹੁੰਦਾ ਹੈ। ਇਸੇ ਉਦੇਸ਼ ਨਾਲ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵੱਲੋਂ ਰਾਮਗੜ੍ਹੀਆ ਇੰਜੀਨੀਅਰਿੰਗ ਕਾਲਜ ਦੇ ਸਹਿਯੋਗ ਨਾਲ ਪਲੇਟਲੈਟਸ ਦਾਨ ਸਬੰਧੀ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਬਲੱਡ ਬੈਂਕ ਦੇ ਪ੍ਰਧਾਨ ਮਲਕੀਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਪੰਜਾਬ ਸਟੇਟ ਬਲੱਡ ਟਰਾਂਸਫਿਊਜ਼ਨ ਕੌਂਸਲ, ਚੰਡੀਗੜ੍ਹ ਵੱਲੋਂ ਪਲੇਟਲੈਟਸ ਦਾਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰੇਰਨਾਦਾਇਕ ਸਮਾਗਮ ਕਰਵਾਉਣ ਲਈ ਕਿਹਾ ਗਿਆ ਹੈ। ਇਸੇ ਤਹਿਤ ਰਾਮਗੜ੍ਹੀਆ ਇੰਜੀਨੀਅਰਿੰਗ ਕਾਲਜ ਵਿਖੇ ਇਹ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਵਿੱਚ ਕਾਲਜ ਦੇ 300 ਤੋਂ ਵੱਧ ਵਿਦਿਆਰਥੀਆਂ ਤੇ ਸਟਾਫ ਨੇ ਭਾਗ ਲਿਆ। ਕਾਲਜ ਦੇ ਪ੍ਰਿੰਸੀਪਲ ਨਵੀਨ ਢਿੱਲੋਂ ਨੇ ਸਮਾਗਮ ਵਿੱਚ ਪਹੁੰਚੇ ਮਹਿਮਾਨਾਂ ਤੇ ਹਾਜ਼ਰੀਨ ਦਾ ਸਵਾਗਤ ਕੀਤਾ। ਇਸ ਮੌਕੇ ਪੰਜਾਬ ਇਕਾਈ ਦੇ ਜਨਰਲ ਸਕੱਤਰ ਡਾ. ਐੱਮਪੀ ਸਿੰਘ ਨੇ ਪਾਵਰ ਪੁਆਇੰਟ ਪ੍ਰੈਜ਼ੈਂਟੇਸ਼ਨ ਰਾਹੀਂ ਵਿਦਿਆਰਥੀਆਂ ਤੇ ਸਟਾਫ ਨੂੰ ਪਲੇਟਲੈਟਸ ਦਾਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਡਾ. ਐੱਮਪੀ ਸਿੰਘ ਨੇ ਦੱਸਿਆ ਕਿ ਪਲੇਟਲੈਟਸ ਦਾਨ ਕਰਨ ਲਈ ਅਫੈਰੇਸਿਸ ਇੱਕ ਆਧੁਨਿਕ ਤੇ ਸੁਰੱਖਿਅਤ ਪ੍ਰਕਿਰਿ ਹੈ, ਜਿਸ ਵਿੱਚ ਮਸ਼ੀਨ ਰਾਹੀਂ ਦਾਨੀ ਦੇ ਖੂਨ ਵਿੱਚੋਂ ਸਿਰਫ਼ ਪਲੇਟਲੈਟਸ ਲਏ ਜਾਂਦੇ ਹਨ, ਜਦਕਿ ਬਾਕੀ ਖੂਨ ਵਾਪਸ ਦਾਨੀ ਦੇ ਸਰੀਰ ਵਿੱਚ ਚਲਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਦਾਨ ਕੀਤੇ ਪਲੇਟਲੈਟਸ ਦੀ ਪੂਰਤੀ ਆਮ ਤੌਰ ’ਤੇ 48 ਤੋਂ 72 ਘੰਟਿਆਂ ਵਿੱਚ ਸਰੀਰ ਵਿੱਚ ਹੋ ਜਾਂਦੀ ਹੈ। ਉਨ੍ਹਾ ਕਿਹਾ ਕਿ ਇੱਕ ਪਲੇਟਲੈਟਸ ਦਾਨ ਕਈ ਮਰੀਜ਼ਾਂ ਲਈ ਜੀਵਨ ਬਚਾਉਣ ਵਿੱਚ ਸਹਾਇਕ ਹੋ ਸਕਦਾ ਹੈ। ਇਸ ਲਈ ਹਰ ਯੋਗ ਵਿਅਕਤੀ ਨੂੰ ਅੱਗੇ ਆ ਕੇ ਪਲੇਟਲੈਟਸ ਦਾਨ ਕਰਨ ਲਈ ਪ੍ਰੇਰਿਤ ਹੋਣਾ ਚਾਹੀਦਾ ਹੈ। ਸਮਾਗਮ ਦੌਰਾਨ ਹਾਜ਼ਰ ਵਿਦਿਰਥੀਆਂ ਨੇ ਵੀ ਯੋਗ ਹੋਣ ’ਤੇ ਪਲੇਟਲੈਟਸ ਦਾਨ ਕਰਨ ਦਾ ਅਹਿਦ ਲਿਆ। ਇਸ ਮੌਕੇ ਰਾਮਗੜੀਆ ਐਜੁਕੇਸ਼ਨਲ ਕੌਂਸਲ ਦੇ ਡਾਇਰੈਕਟਰ ਵਿਓਮਾ ਭੋਗਲ ਵੱਲੋਂ ਡਾ. ਐੱਮਪੀ ਸਿੰਘ ਤੇ ਬਲੱਡ ਬੈਂਕ ਦੇ ਪ੍ਰਧਾਨ ਮਲਕੀਤ ਸਿੰਘ ਰਘਬੋਤਰਾ ਨੂੰ ਮੋਮੈਂਟੋ ਭੇਟ ਕਰਕੇ ਸਨਮਾਨਤ ਕੀਤਾ ਗਿਆ।