ਜਰਮਨੀ ਤੋਂ ਆਏ ਪਿੱਜ਼ਾ ਮਾਸਟਰ ਨੇ ਸਾਂਝੇ ਕੀਤੇ ਤਜਰਬੇ ਜਰਮਨੀ ਤੋਂ ਪਹੁੰਚੇ ਪੀਜ਼ਾ ਮਾਸਟਰ ਹਰਿਸ਼ ਜੱਸਲ ਨੇ ਵਿਿਦਆਰਥੀਆਂ ਨਾਲ ਸਾਂਝੇ ਕੀਤੇ ਆਪਣੇ 26 ਸਾਲਾਂ ਦੇ ਤਜਰਬੇ ਅਤੇ ਸੰਘਰਸ਼ ਦੀ ਕਹਾਣੀ
Publish Date: Mon, 02 Nov 2026 08:02 PM (IST)
Updated Date: Mon, 02 Nov 2026 08:05 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਅੰਤਰਰਾਸ਼ਟਰੀ ਸ਼ੈੱਫ ਦਿਵਸ 2026 ਦੇ ਮੌਕੇ ਤੇ ਅਰੋਮਾ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ ਵਿਦਿਆਰਥੀਆਂ ਲਈ ਪਿੱਜ਼ਾ ਮੇਕਿੰਗ ਦੀ ਵਿਸ਼ੇਸ਼ ਮਾਸਟਰ ਕਲਾਸ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜਰਮਨੀ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਪਿੱਜ਼ਾ ਮਾਸਟਰ ਹਰੀਸ਼ ਜੱਸਲ ਨੇ ਲਗਭਗ 50 ਵਿਦਿਆਰਥੀਆਂ ਨੂੰ ਪਿੱਜ਼ਾ ਬਣਾਉਣ ਦੀਆਂ ਆਧੁਨਿਕ ਤਕਨੀਕਾਂ ਤੇ ਪੇਸ਼ੇਵਰ ਰਸੋਈ ਦੇ ਤਜਰਬਿਆਂ ਬਾਰੇ ਜਾਣਕਾਰੀ ਦਿੱਤੀ। ਇਸ ਮਾਸਟਰ ਕਲਾਸ ਦੌਰਾਨ ਵਿਦਿਆਰਥੀਆਂ ਨੇ ਸਿਰਫ਼ ਸਿਧਾਂਤਕ ਜਾਣਕਾਰੀ ਹੀ ਨਹੀਂ ਲਈ, ਸਗੋਂ ਹੱਥੀਂ ਅਭਿਆਸ (ਹੈਂਡਸ ਆਨ ਪ੍ਰੈਕਟੀਕਲ ਟਰੇਨਿੰਗ) ਰਾਹੀਂ ਪਿੱਜ਼ਾ ਬਣਾਉਣ ਦੀਆਂ ਬਾਰੀਕੀਆਂ ਵੀ ਸਿੱਖੀਆਂ। ਹਰੀਸ਼ ਜੱਸਲ ਨੇ ਡੋਅ ਤਿਆਰ ਕਰਨ, ਸ਼ੇਪਿੰਗ, ਟੌਪਿੰਗ ਤੇ ਬੇਕਿੰਗ ਤਕਨੀਕਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਯੂਰਪ ਵਿੱਚ ਆਪਣੇ 26 ਸਾਲਾਂ ਦੇ ਪੇਸ਼ੇਵਰ ਸਫ਼ਰ ਦੌਰਾਨ ਆਏ ਸੰਘਰਸ਼ਾਂ, ਚੁਣੌਤੀਆਂ ਤੇ ਤਜਰਬਿਆਂ ਬਾਰੇ ਵਿਦਿਆਰਥੀਆਂ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਯੂਰਪ ਵਿੱਚ ਸ਼ੁਰੂਆਤੀ ਦੌਰ ਦੌਰਾਨ ਛੋਟੇ-ਮੋਟੇ ਕੰਮਾਂ ਤੋਂ ਆਪਣਾ ਸਫ਼ਰ ਸ਼ੁਰੂ ਕਰਕੇ ਮਿਹਨਤ, ਲਗਨ ਤੇ ਲਗਾਤਾਰ ਸਿੱਖਣ ਦੀ ਭਾਵਨਾ ਨਾਲ ਇੱਕ ਪੇਸ਼ੇਵਰ ਸ਼ੈੱਫ ਵਜੋਂ ਆਪਣੀ ਪਛਾਣ ਬਣਾਈ। ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਜੱਸਲ ਨੇ ਕਿਹਾ ਕਿ ਨੌਜਵਾਨਾਂ ਨੂੰ ਆਪਣੀਆਂ ਸਕਿੱਲਜ਼ (ਹੁਨਰਾਂ) ਨੂੰ ਵਿਕਸਿਤ ਕਰਨ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਅੱਜ ਦੇ ਮੁਕਾਬਲੇਬਾਜ਼ੀ ਵਾਲੇ ਦੌਰ ਵਿੱਚ ਹੁਨਰ ਹੀ ਉਹ ਪੂੰਜੀ ਹੈ ਜੋ ਭਾਰਤ ਤੇ ਵਿਦੇਸ਼ਾਂ ਵਿੱਚ ਇੱਕ ਸੁਰੱਖਿਅਤ ਤੇ ਬਿਹਤਰ ਭਵਿੱਖ ਬਣਾਉਣ ਵਿੱਚ ਸਹਾਇਕ ਹੋ ਸਕਦੀ ਹੈ। ਅਰੋਮਾ ਇੰਸਟੀਚਿਊਟ ਵੱਲੋਂ ਕਰਵਾਈ ਗਈ ਇਸ ਪਹਿਲ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਉਦਯੋਗ ਦੇ ਤਜਰਬੇਕਾਰ ਪੇਸ਼ੇਵਰਾਂ ਨਾਲ ਜੋੜਨਾ, ਉਨ੍ਹਾਂ ਨੂੰ ਵਿਹਾਰਕ ਸਿਖਲਾਈ ਦੇਣਾ ਤੇ ਅੰਤਰਰਾਸ਼ਟਰੀ ਪੱਧਰ ਤੇ ਕਰੀਅਰ ਦੀਆਂ ਸੰਭਾਵਨਾਵਾਂ ਬਾਰੇ ਜਾਣੂ ਕਰਵਾਉਣਾ ਸੀ।