ਜਾਪਾਨ ’ਚ ਹੋਣ ਵਾਲੀ ਏਪੀਸੀ ਕਨਵੈਨਸ਼ਨ ’ਚ ਭਾਰਤ ਦੀ ਨੁਮਾਇੰਦਗੀ ਕਰੇਗਾ ਫਗਵਾੜਾ ਦਾ ਮੌਰਿਆ ਸਹਿਦੇਵ ਜਪਾਨ ਵਿਖੇ ਹੋਣ ਵਾਲੀ ਏ.ਪੀ.ਸੀ. ਕਨਵੈਨਸ਼ਨ ‘ਚ ਭਾਰਤ ਦੀ ਨੁਮਾਇੰਦਗੀ ਕਰੇਗਾ ਫਗਵਾੜਾ ਦਾ ਮੌਰਿਆ ਸਹਿਦੇਵ
Publish Date: Tue, 07 Jul 2026 06:44 PM (IST)
Updated Date: Tue, 07 Jul 2026 06:45 PM (IST)
ਆਸ਼ੀਸ਼ ਸ਼ਰਮਾ, ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਤੇ ਸਮੁੱਚੇ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਕੈਂਬਰਿਜ ਇੰਟਰਨੈਸ਼ਨਲ ਸਕੂਲ ਫਗਵਾੜਾ ਦੇ ਹੋਣਹਾਰ ਵਿਦਿਆਰਥੀ ਮਾਸਟਰ ਮੌਰਿਆ ਸਹਿਦੇਵ ਦੀ ਚੋਣ ਵੱਕਾਰੀ ਏਸ਼ੀਆ ਪੈਸੀਫਿਕ ਚਿਲਡਰਨਜ਼ ਕਨਵੈਨਸ਼ਨ (ਏਪੀਸੀਸੀ-2026) ਲਈ ਭਾਰਤ ਦੇ ਅਧਿਕਾਰਤ ਵਿਦਿਆਰਥੀ ਪ੍ਰਤੀਨਿਧ ਵਜੋਂ ਹੋਈ ਹੈ। ਵਧੇਰੇ ਜਾਣਕਾਰੀ ਦਿੰਦਿਆਂ ਮੌਰਿਆ ਸਹਿਦੇਵ ਦੇ ਮਾਤਾ-ਪਿਤਾ ਅਤੇ ਗਿਲਟਜ਼ ਜਵੈਲਜ਼ ਦੇ ਮਾਲਕ ਜੇਸੀ ਜਯੋਤੀ ਸਹਿਦੇਵ ਅਤੇ ਜੇਸੀ ਗੌਰਵ ਸਹਿਦੇਵ ਨੇ ਦੱਸਿਆ ਕਿ ਇਹ ਅੰਤਰਰਾਸ਼ਟਰੀ ਕਨਵੈਨਸ਼ਨ 11 ਜੁਲਾਈ ਤੋਂ 22 ਜੁਲਾਈ 2026 ਤੱਕ ਜਾਪਾਨ ਦੇ ਫੁਕੂਓਕਾ ਸ਼ਹਿਰ ਵਿੱਚ ਕਰਵਾਈ ਜਾਵੇਗੀ। ਬ੍ਰਿਜ ਕਲੱਬ, ਜਾਪਾਨ ਵੱਲੋਂ ਹਰ ਸਾਲ ਕਰਵਾਏ ਜਾਣ ਵਾਲੇ ਇਸ ਅੰਤਰਰਾਸ਼ਟਰੀ ਸਮਾਗਮ ਦਾ ਮੁੱਖ ਉਦੇਸ਼ ਵੱਖ-ਵੱਖ ਦੇਸ਼ਾਂ ਦੇ ਬੱਚਿਆਂ ਵਿੱਚ ਆਪਸੀ ਭਾਈਚਾਰਾ, ਸੱਭਿਆਚਾਰਕ ਸਾਂਝ, ਵਿਸ਼ਵ ਸ਼ਾਂਤੀ ਅਤੇ ਸਥਾਈ ਦੋਸਤੀ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ। ਇਸ ਸਾਲ ਇਸ ਕਨਵੈਨਸ਼ਨ ਵਿੱਚ ਏਸ਼ੀਆ ਦੇ 37 ਦੇਸ਼ਾਂ ਦੇ ਬਾਲ ਪ੍ਰਤੀਨਿਧੀ ਹਿੱਸਾ ਲੈਣਗੇ। ਉਹਨਾਂ ਦੱਸਿਆ ਕਿ ਜੇਸੀਆਈ ਇੰਡੀਆ ਵੱਲੋਂ ਕਰਵਾਈ ਜਾਣ ਵਾਲੀ ਚੋਣ ਪ੍ਰਕਿਰਿਆ ਬਹੁਤ ਹੀ ਸਖ਼ਤ ਅਤੇ ਪ੍ਰਤੀਸਪ੍ਰਧਾ ਵਾਲੀ ਹੁੰਦੀ ਹੈ, ਕਿਉਂਕਿ ਹਰ ਦੇਸ਼ ਨੂੰ 11 ਤੋਂ 12 ਸਾਲ ਦੀ ਉਮਰ ਵਰਗ ਦੇ ਸਿਰਫ 4 ਤੋਂ 6 ਬੱਚਿਆਂ ਨੂੰ ਹੀ ਭੇਜਣ ਦੀ ਇਜਾਜ਼ਤ ਹੁੰਦੀ ਹੈ। ਇਸ ਦੌਰਾਨ ਲਘੂ ਉਦਯੋਗ ਭਾਰਤੀ ਦੇ ਸ਼ਾਖਾ ਪ੍ਰਧਾਨ ਅਤੇ ਪ੍ਰਸਿੱਧ ਉਦਯੋਗਪਤੀ ਇੰਦਰ ਪਾਲ ਖੁਰਾਣਾ ਨੇ ਕਿਹਾ ਗੌਰਵ ਸਹਿਦੇਵ ਅਤੇ ਜਯੋਤੀ ਸਹਿਦੇਵ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਮੌਰਿਆ ਸਹਿਦੇਵ ਦਾ ਭਾਰਤ ਦੇ ਛੇ ਅਧਿਕਾਰਤ ਪ੍ਰਤੀਨਿਧਾਂ ਵਿੱਚ ਸ਼ਾਮਲ ਹੋਣਾ ਉਸ ਦੀ ਵਿਲੱਖਣ ਯੋਗਤਾ, ਪ੍ਰਤਿਭਾ ਅਤੇ ਕਾਬਲੀਅਤ ਦਾ ਪ੍ਰਮਾਣ ਹੈ। ਜੇਸੀਆਈ ਫਗਵਾੜਾ ਈਵਜ਼ ਦੇ ਪ੍ਰਧਾਨ ਅਤੇ ਸਮੂਹ ਮੈਂਬਰਾਂ ਨੇ ਵੀ ਮੌਰਿਆ ਸਹਿਦੇਵ ਅਤੇ ਸਹਿਦੇਵ ਪਰਿਵਾਰ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਸ਼ੁੱਭ ਇੱਛਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਮੌਰਿਆ ਦੀ ਇਹ ਉਪਲਬਧੀ ਨਾ ਸਿਰਫ਼ ਉਸ ਦੇ ਪਰਿਵਾਰ ਅਤੇ ਸਕੂਲ ਲਈ, ਸਗੋਂ ਸਮੁੱਚੇ ਜੇਸੀਆਈ ਪਰਿਵਾਰ, ਕਾਰੋਬਾਰੀ ਭਾਈਚਾਰੇ ਅਤੇ ਫਗਵਾੜਾ ਸ਼ਹਿਰ ਲਈ ਵੀ ਮਾਣ ਵਾਲਾ ਪਲ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਮੌਰਿਆ ਸਹਿਦੇਵ ਜਾਪਾਨ ਵਿੱਚ ਭਾਰਤ ਦੀ ਸ਼ਾਨਦਾਰ ਨੁਮਾਇੰਦਗੀ ਕਰਦਿਆਂ ਅੰਤਰਰਾਸ਼ਟਰੀ ਪੱਧਰ ’ਤੇ ਆਪਣੇ ਦੇਸ਼, ਪੰਜਾਬ ਅਤੇ ਸ਼ਹਿਰ ਦਾ ਨਾਂ ਰੌਸ਼ਨ ਕਰੇਗਾ ਅਤੇ ਇਹ ਤਜਰਬਾ ਉਸ ਦੇ ਜੀਵਨ ਲਈ ਯਾਦਗਾਰ ਸਾਬਤ ਹੋਵੇਗਾ।