- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਣੇਸ਼ ਕੁਮਾਰ ਦੀ ਆਰਥਿਕ ਹਾਲਤ ਕਮਜ਼ੋਰ ਹੋਣ ਕਾਰਨ ਸਮਾਜ ਸੇਵੀ ਆਸ਼ੀਸ਼ ਗਾਂਧੀ ਵੱਲੋਂ ਸੋਸ਼ਲ ਮੀਡੀਆ ‘ਤੇ ਇੱਕ ਅਪੀਲ ਜਾਰੀ ਕੀਤੀ ਗਈ, ਜਿਸ ਵਿੱਚ ਸਭ ਨੂੰ ਮਨੁੱਖਤਾ ਦੇ ਨਾਤੇ ਮਦਦ ਕਰਨ ਲਈ ਬੇਨਤੀ ਕੀਤੀ ਗਈ। ਇਸ ਅਪੀਲ ਤੋਂ ਬਾਅਦ ਆਸ਼ੀਸ਼ ਗਾਂਧੀ ਦੇ ਕਈ ਦੋਸਤਾਂ ਅਤੇ ਸਮਾਜ ਸੇਵੀਆਂ ਨੇ ਅੱਗੇ ਆ ਕੇ ਆਪਣੀ ਸਮਰੱਥਾ ਅਨੁਸਾਰ ਆਰਥਿਕ ਸਹਾਇਤਾ ਦਿੱਤੀ।
ਵਿਜੇ ਸੋਨੀ, ਪੰਜਾਬੀ ਜਾਗਰਣ, ਫਗਵਾੜਾ : ਫਗਵਾੜਾ ਦੇ ਬਸੰਤ ਨਗਰ ਵਾਸੀ ਗਣੇਸ਼ ਕੁਮਾਰ (ਲਗਪਗ 29 ਸਾਲ) ਪਿਛਲੇ ਇੱਕ ਸਾਲ ਤੋਂ ਗੰਭੀਰ ਕਿਡਨੀ ਦੀ ਬਿਮਾਰੀ ਨਾਲ ਜੂਝ ਰਹੇ ਹਨ। ਕਰੀਬ ਚਾਰ ਮਹੀਨੇ ਪਹਿਲਾਂ ਗਣੇਸ਼ ਕੁਮਾਰ ਨੇ ਸਮਾਜ ਸੇਵੀ ਆਸ਼ੀਸ਼ ਗਾਂਧੀ ਨਾਲ ਸੰਪਰਕ ਕਰਕੇ ਆਪਣੀ ਸਿਹਤ ਸੰਬੰਧੀ ਸਮੱਸਿਆ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਕਿਡਨੀ ਟ੍ਰਾਂਸਪਲਾਂਟ ਹੋਣਾ ਲਾਜ਼ਮੀ ਹੈ ਅਤੇ ਉਨ੍ਹਾਂ ਦੀ ਮਾਤਾ ਆਪਣੀ ਕਿਡਨੀ ਦਾਨ ਕਰਨ ਲਈ ਤਿਆਰ ਹਨ। ਡਾਕਟਰਾਂ ਦੇ ਅਨੁਸਾਰ ਆਉਣ ਵਾਲੇ ਕੁਝ ਦਿਨਾਂ ਵਿੱਚ ਟ੍ਰਾਂਸਪਲਾਂਟ ਕਰਨਾ ਬਹੁਤ ਜ਼ਰੂਰੀ ਹੈ।
ਗਣੇਸ਼ ਕੁਮਾਰ ਦੀ ਆਰਥਿਕ ਹਾਲਤ ਕਮਜ਼ੋਰ ਹੋਣ ਕਾਰਨ ਸਮਾਜ ਸੇਵੀ ਆਸ਼ੀਸ਼ ਗਾਂਧੀ ਵੱਲੋਂ ਸੋਸ਼ਲ ਮੀਡੀਆ ‘ਤੇ ਇੱਕ ਅਪੀਲ ਜਾਰੀ ਕੀਤੀ ਗਈ, ਜਿਸ ਵਿੱਚ ਸਭ ਨੂੰ ਮਨੁੱਖਤਾ ਦੇ ਨਾਤੇ ਮਦਦ ਕਰਨ ਲਈ ਬੇਨਤੀ ਕੀਤੀ ਗਈ। ਇਸ ਅਪੀਲ ਤੋਂ ਬਾਅਦ ਆਸ਼ੀਸ਼ ਗਾਂਧੀ ਦੇ ਕਈ ਦੋਸਤਾਂ ਅਤੇ ਸਮਾਜ ਸੇਵੀਆਂ ਨੇ ਅੱਗੇ ਆ ਕੇ ਆਪਣੀ ਸਮਰੱਥਾ ਅਨੁਸਾਰ ਆਰਥਿਕ ਸਹਾਇਤਾ ਦਿੱਤੀ। ਗਣੇਸ਼ ਕੁਮਾਰ ਨੇ ਖੁਦ ਵੀ ਵੱਖ-ਵੱਖ ਥਾਵਾਂ ਤੋਂ ਮਦਦ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਲਗਭਗ 2 ਲੱਖ ਰੁਪਏ ਇਕੱਠੇ ਹੋ ਸਕੇ।
ਪਰ ਡਾਕਟਰਾਂ ਮੁਤਾਬਕ ਕਿਡਨੀ ਟ੍ਰਾਂਸਪਲਾਂਟ ਲਈ ਕਰੀਬ 6 ਤੋਂ 7 ਲੱਖ ਰੁਪਏ ਦੀ ਲੋੜ ਹੈ। ਪੂਰੀ ਰਕਮ ਇਕੱਠੀ ਨਾ ਹੋਣ ਕਾਰਨ ਅਜੇ ਤੱਕ ਉਨ੍ਹਾਂ ਦਾ ਆਪਰੇਸ਼ਨ ਨਹੀਂ ਹੋ ਸਕਿਆ। ਪਿਛਲੇ ਤਿੰਨ ਮਹੀਨਿਆਂ ਤੋਂ ਗਣੇਸ਼ ਕੁਮਾਰ ਸ਼ਹਿਰ ਦੇ ਉਦਯੋਗਪਤੀਆਂ, ਸਮਾਜਿਕ ਸੰਸਥਾਵਾਂ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨਾਲ ਸੰਬੰਧਿਤ ਵਿਅਕਤੀਆਂ ਕੋਲ ਮਦਦ ਲਈ ਗੁਹਾਰ ਲਗਾ ਚੁੱਕੇ ਹਨ, ਪਰ ਹੁਣ ਤੱਕ ਉਨ੍ਹਾਂ ਨੂੰ ਕੋਈ ਵੱਡੀ ਸਹਾਇਤਾ ਪ੍ਰਾਪਤ ਨਹੀਂ ਹੋਈ। ਇਸ ਦੌਰਾਨ ਉਨ੍ਹਾਂ ਦੀ ਸਿਹਤ ਦਿਨੋਂ-ਦਿਨ ਖਰਾਬ ਹੁੰਦੀ ਜਾ ਰਹੀ ਹੈ।
ਗਣੇਸ਼ ਕੁਮਾਰ ਵੱਲੋਂ ਪੰਜਾਬ ਸਰਕਾਰ ਦੇ ਮਾਨਯੋਗ ਮੁੱਖ ਮੰਤਰੀ ਦੁਆਰਾ ਸ਼ੁਰੂ ਕੀਤੀ ਗਈ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਵਾਲੀ ਸਿਹਤ ਸਕੀਮ ਵਿੱਚ ਵੀ ਅਰਜ਼ੀ ਦਿੱਤੀ ਗਈ ਸੀ, ਪਰ ਕਿਡਨੀ ਹਸਪਤਾਲ ਜਲੰਧਰ ਦੇ ਅਨੁਸਾਰ ਕਿਡਨੀ ਟ੍ਰਾਂਸਪਲਾਂਟ ਦਾ ਖਰਚਾ ਇਸ ਸਕੀਮ ਦੇ ਅਧੀਨ ਲਾਗੂ ਨਹੀਂ ਹੁੰਦਾ। ਇਸ ਕਾਰਨ ਇਸ ਵੇਲੇ ਉਨ੍ਹਾਂ ਕੋਲ ਇਲਾਜ ਲਈ ਕੋਈ ਹੋਰ ਵਿਕਲਪ ਨਹੀਂ ਬਚਿਆ।
ਇਸ ਮੌਕੇ ਸਮਾਜ ਸੇਵੀ ਆਸ਼ੀਸ਼ ਗਾਂਧੀ ਨੇ ਸ਼ਹਿਰ ਵਾਸੀਆਂ ਨੂੰ ਭਾਵੁਕ ਅਪੀਲ ਕਰਦੇ ਹੋਏ ਕਿਹਾ ਕਿ ਮਨੁੱਖਤਾ ਦੇ ਨਾਤੇ ਸਭ ਲੋਕ ਅੱਗੇ ਆ ਕੇ ਗਣੇਸ਼ ਕੁਮਾਰ ਦੀ ਮਦਦ ਕਰਨ ਤਾਂ ਜੋ ਇੱਕ ਨੌਜਵਾਨ ਦੀ ਜ਼ਿੰਦਗੀ ਬਚਾਈ ਜਾ ਸਕੇ। ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਸੰਬੰਧਿਤ ਵਿਭਾਗਾਂ ਨੂੰ ਵੀ ਬੇਨਤੀ ਕੀਤੀ ਕਿ ਮੁੱਖ ਮੰਤਰੀ ਸਿਹਤ ਯੋਜਨਾ ਕਿਹੜੀਆਂ ਬਿਮਾਰੀਆਂ ‘ਤੇ ਲਾਗੂ ਹੁੰਦੀ ਹੈ, ਇਸ ਬਾਰੇ ਸਪਸ਼ਟ ਜਾਣਕਾਰੀ ਜਨਤਾ ਸਾਹਮਣੇ ਰੱਖੀ ਜਾਵੇ, ਕਿਉਂਕਿ ਕਈ ਮੀਡੀਆ ਅਤੇ ਸੋਸ਼ਲ ਮੀਡੀਆ ਮਾਧਿਅਮਾਂ ਵਿੱਚ ਇਸਨੂੰ ਹਰ ਬਿਮਾਰੀ ‘ਤੇ ਲਾਗੂ ਦੱਸਿਆ ਜਾਂਦਾ ਹੈ।
ਅੰਤ ਵਿੱਚ ਸਮੂਹ ਸਮਾਜਿਕ ਸੰਸਥਾਵਾਂ, ਦਾਨੀ ਸੱਜਣਾਂ ਅਤੇ ਆਮ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਲੋੜਵੰਦ ਨੌਜਵਾਨ ਦੀ ਮਦਦ ਲਈ ਅੱਗੇ ਆਉਣ। ਸਾਂਝੇ ਯਤਨਾਂ ਨਾਲ ਇੱਕ ਕੀਮਤੀ ਜ਼ਿੰਦਗੀ ਬਚਾਈ ਜਾ ਸਕਦੀ ਹੈ।