ਸੜਕਾਂ ’ਤੇ ਮਰੇ ਤੇ ਜ਼ਖ਼ਮੀ ਗਊ ਵੰਸ਼ ਨੂੰ ਸੰਭਾਲਣ ’ਚ ਨਗਰ ਨਿਗਮ ਫੇਲ੍ਹ ਸ਼ੜਕਾਂ ਤੇ ਮਰੇ ਹੋਏ ਤੇ ਜਖਮੀ ਗਊ ਵੰਸ ਨੂੰ ਸੰਭਾਲਣ ਵਿਚ ਫੇਲ ਨਗਰ ਨਿਗਮ ਫਗਵਾੜਾ,ਅਸ਼ਵਨੀ ਸਿਆਲ
Publish Date: Fri, 17 Jul 2026 09:06 PM (IST)
Updated Date: Fri, 17 Jul 2026 09:10 PM (IST)
ਫਗਵਾੜਾ ’ਚ ਗਊ ਸੇਵਕ ਪ੍ਰੋ. ਅਸ਼ਵਨੀ ਸਿਆਲ ਨੇ ਚੁੱਕਿਆ ਮੁੱਦਾ ਸਰਕਾਰ ਵਲੋਂ ਗਊ ਟੈਕਸ ਲੈਣ ਦੇ ਬਾਵਜੂਦ ਸੜਕਾਂ ’ਤੇ ਆਵਾਰਾ ਕਿਉਂ ਫਿਰਦੇ ਨੇ ਗਊ ਵੰਸ਼ ਵਿਜੇ ਸੋਨੀ, ਪੰਜਾਬੀ ਜਾਗਰਣ, ਫਗਵਾੜਾ : ਕੌਮੀ ਰਾਜਮਾਰਗ ਜੇਸੀਟੀ ਪੁਲ ਨੇੜੇ ਬੀਤੇ ਦੋ ਦਿਨਾਂ ਤੋਂ ਪਏ ਮ੍ਰਿਤਕ ਗਊ ਵੰਸ਼ ਤੇ ਚਾਚੋਕੀ ਨੇੜੇ ਜ਼ਖ਼ਮੀ ਹਾਲਾਤ ਵਿਚ ਕੂੜਾ ਖਾਂਦੇ ਗਊ ਵੰਸ਼ ਸੰਬਧੀ ਜਾਣਕਾਰੀ ਦਿੰਦੇ ਹੋਏ ਗਊ ਸੇਵਕ ਪ੍ਰੋ. ਅਸ਼ਵਨੀ ਸਿਆਲ ਨੇ ਦੱਸਿਆ ਕਿ ਆਏ ਦਿਨ ਸੜਕਾਂ ’ਤੇ ਗਊ ਵੰਸ਼ ਦੀਆਂ ਡਾਰਾਂ ਘੁੰਮਦੀਆਂ ਮਿਲ ਜਾਣਗੀਆਂ। ਨਗਰ ਨਿਗਮ ਫਗਵਾੜਾ ਵੱਲੋਂ ਬੀਤੇ ਕੁਝ ਸਮਾਂ ਪਹਿਲਾਂ ਗਊਸ਼ਾਲਾਵਾਂ ਨਾਲ ਸੰਪਰਕ ਕਰ ਕੇ ਘੁੰਮ ਰਹੇ ਗਊ ਵੰਸ਼ ਤੋਂ ਆਮ ਲੋਕਾਂ ਨੂੰ ਰਾਹਤ ਦੇਣ ਲਈ ਮੁਹਿੰਮ ਵਿੱਢੀ ਗਈ ਸੀ। ਉਸ ਦੇ ਬਾਵਜੂਦ ਚਾਚੋਕੀ ਨੇੜੇ ਕੂੜੇ ਦੇ ਡੰਪ ’ਤੇ ਦਰਜਨਾਂ ਦੀ ਗਿਣਤੀ ਵਿੱਚ ਗਊ ਵੰਸ਼ ਕੂੜਾ ਖਾਂਦੇ ਹੋਏ ਦਿਖਾਈ ਦੇ ਜਾਣਗੇ। ਨਗਰ ਨਿਗਮ ਵੱਲੋਂ ਸਮੇਂ-ਸਮੇਂ ’ਤੇ ਭਾਵੇਂ ਇਨ੍ਹਾਂ ਨੂੰ ਗਊਸ਼ਾਲਾਵਾਂ ਤੱਕ ਪਹੁੰਚਾਇਆ ਜਾਂਦਾ ਰਿਹਾ ਹੈ ਪਰ ਇਸ ਦੇ ਬਾਵਜੂਦ ਸਵਾਲ ਮੁੜ ਇਹੀ ਬਣਿਆ ਹੋਇਆ ਹੈ ਕਿ ਫਗਵਾੜਾ ਦੀਆਂ ਸੜਕਾਂ ’ਤੇ ਇਨ੍ਹਾਂ ਗਊ ਵੰਸ਼ਾਂ ਨੂੰ ਛੱਡ ਕੇ ਕੌਣ ਜਾਂਦਾ ਹੈ? ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਸਰਕਾਰਾਂ ਤੇ ਪਸ਼ੂ ਪਾਲਕਾਂ ਵਲੋਂ ਵੀ ਬੇਰੁਖੀ ਦਾ ਸ਼ਿਕਾਰ ਹੋ ਰਹੇ ਆਵਾਰਾ ਗਊ ਵੰਸ਼ ਦਾ ਕੋਈ ਵਾਲੀ ਵਾਰਸ ਕਿਉਂ ਨਹੀ ਬਣ ਰਿਹਾ? ਜਦਕਿ ਗਾਵਾਂ ਦੇ ਪਾਲਣ-ਪੋਸ਼ਣ ਲਈ ਸਰਕਾਰ ਵਲੋਂ ਹਰੇਕ ਆਮ ਆਦਮੀ ਤੋਂ ਗਊ ਟੈਕਸ ਲਿਆ ਜਾ ਰਿਹਾ ਹੈ। ਜਿਸ ਨਾਲ ਇਨ੍ਹਾਂ ਆਵਾਰਾ ਗਊ ਵੰਸ਼ ਦਾ ਰੱਖ-ਰਖਾਅ ਹੋ ਸਕਦਾ ਹੈ। ਸਰਕਾਰ ਵਲੋਂ ਗਊ ਟੈਕਸ ਦੇ ਨਾਂ ’ਤੇ ਚਾਰ ਪਹੀਆ ਵਾਹਣ ਖਰੀਦਣ ’ਤੇ 1,000 ਰੁਪਏ ਦੀ ਦਰ ਨਾਲ ਗਊ ਸੈੱਸ, 500 ਰੁਪਏ ਦੋ ਪਹੀਆ ਦੀ ਖਰੀਦ ’ਤੇ, ਤੇਲ ਦੇ ਟੈਂਕਰ ’ਤੇ 100 ਰੁਪਏ, ਬਿਜਲੀ ਦੀ ਪ੍ਰਤੀ ਯੂਨਿਟ 2 ਪੈਸੇ, 1,000 ਰੁਪਏ ਦੀ ਬੁਕਿੰਗ ਮੈਰਿਜ ਪੈਲੇਸ ਦੇ ਏਸੀ ਹਾਲ, ਨਾਨ-ਏਸੀ ਹਾਲ ਦੀ ਬੁਕਿੰਗ ’ਤੇ 500 ਰੁਪਏ, 10 ਰੁਪਏ ਸ਼ਰਾਬ ਦੀ ਬੋਤਲ ਤੇ ਪੰਜਾਬ ਦੀ ਸ਼ਰਾਬ ’ਤੇ 5 ਰੁਪਏ ਪ੍ਰਤੀ ਬੋਤਲ ਲਗਾਇਆ ਜਾ ਰਿਹਾ ਹੈ। ਗਾਵਾਂ ਦੇ ਨਾਂ ’ਤੇ ਇੱਕਠੀ ਕੀਤੀ ਰਕਮ ਲਗਭਗ 90 ਤੋਂ 100 ਕਰੋੜ ਰੁਪਏ ਬਣਦੀ ਹੈ ਜੋ ਸਰਕਾਰ ਗਾਵਾਂ ਦੀ ਦੇਖਭਾਲ ਲਈ ਆਮ ਲੋਕਾਂ ਤੋਂ ਇਕੱਠਾ ਕਰ ਰਹੀ ਹੈ। ਲੋਕਾਂ ਕੋਲੋਂ ਲਏ ਟੈਕਸ ਨੂੰ ਹੀ ਜੇਕਰ ਆਵਾਰਾ ਗਊ ਵੰਸ਼ ਉੱਪਰ ਖਰਚ ਕੀਤਾ ਜਾਵੇ ਤਾਂ ਸ਼ਾਇਦ ਆਵਾਰਾ ਗਊ ਵੰਸ਼ ਵੀ ਸੁਰੱਖਿਅਤ ਹੋ ਸਕਦੇ ਹਨ ਅਤੇ ਆਮ ਲੋਕਾਂ ਦੀ ਸਮੱਸਿਆ ਦਾ ਨਿਪਟਾਰਾ ਵੀ ਹੋ ਸਕਦਾ ਹੈ। ਸੜਕਾਂ ’ਤੇ ਆਵਾਰਾ ਤੁਰੇ ਫਿਰਦੇ ਇਨ੍ਹਾਂ ਆਵਾਰਾ ਗਊ ਵੰਸ਼ ਦੀ ਸਾਰ ਨਾ ਤਾਂ ਕੋਈ ਗਊ ਰੱਖਿਅਕ ਦਸਤਾ ਲੈ ਰਿਹਾ ਹੈ ਅਤੇ ਨਾ ਹੀ ਸਰਕਾਰਾਂ। ਪ੍ਰੋ. ਅਸ਼ਵਨੀ ਸਿਆਲ ਨੇ ਨਗਰ ਨਿਗਮ ਫਗਵਾੜਾ ’ਤੇ ਰੋਸ ਜ਼ਾਹਰ ਕਰਦੇ ਹੋਏ ਕਿਹਾ ਕਿ ਆਖਰ ਨਗਰ ਨਿਗਮ ਇਸ ਪਾਸੇ ਧਿਆਨ ਕਿੳਂ ਨਹੀ ਦੇ ਰਿਹਾ।