ਫਗਵਾੜਾ ’ਚ ਮਨਾਇਆ ਗਿਆ ਵਣ ਮਹਾਂਉਤਸਵ ਫਗਵਾੜਾ ਇਨਵਾਇਰਮੈਂਟ ਐਸੋਸੀਏਸ਼ਨ ਤੇ ਪਿਰਾਮਿਡ ਕਾਲਜ ਨੇ ਮਨਾਇਆ ਵਣ ਮਹਾਂਉਤਸਵ
Publish Date: Tue, 25 Aug 2026 08:50 PM (IST)
Updated Date: Tue, 25 Aug 2026 08:51 PM (IST)
ਫਗਵਾੜਾ ਇਨਵਾਇਰਮੈਂਟ ਐਸੋਸੀਏਸ਼ਨ ਤੇ ਪਿਰਾਮਿਡ ਕਾਲਜ ਨੇ ਕੀਤਾ ਉਪਰਾਲਾ ਪੰਜਾਬੀ ਜਾਗਰਣ ਪ੍ਰਤੀਨਿੱਧ ਫਗਵਾੜਾ : ਫਗਵਾੜਾ ਇਨਵਾਇਰਮੈਂਟ ਐਸੋਸੀਏਸ਼ਨ ਵੱਲੋਂ ਪ੍ਰਧਾਨ ਕੇਕੇ ਸਰਦਾਨਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪਿਰਾਮਿਡ ਕਾਲਜ ਦੇ ਸਹਿਯੋਗ ਨਾਲ ਵਣ ਮਹਾਂਉਤਸਵ ਮਨਾਇਆ ਗਿਆ। ਐਸੋਸੀਏਸ਼ਨ ਦੇ ਜਨਰਲ ਸਕੱਤਰ ਮਲਕੀਅਤ ਸਿੰਘ ਰਗਬੋਤਰਾ ਦੀ ਦੇਖਰੇਖ ਹੇਠ ਆਯੋਜਿਤ ਸਮਾਗਮ ਦੀ ਸ਼ੁਰੂਆਤ ਐੱਸਡੀਐੱਮ ਫਗਵਾੜਾ ਡਾ. ਨਵਜੋਤ ਸ਼ਰਮਾ ਨੇ ਕਾਲਜ ਦੇ ਵਿਹੜੇ ਵਿੱਚ ਬੂਟਾ ਲਗਾ ਕੇ ਕੀਤੀ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਘਰਾਂ ਵਿੱਚ ਲਗਾਉਣ ਲਈ ਬੂਟੇ ਵੀ ਵੰਡੇ। ਕਾਲਜ ਵੱਲੋਂ ਕਰਵਾਏ ਗਏ ਪੇਂਟਿੰਗ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਵੱਲੋਂ ਇਨਾਮ ਤਕਸੀਮ ਕੀਤੇ ਗਏ। ਡਾ. ਨਵਜੋਤ ਸ਼ਰਮਾ ਨੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਤੇ ਉਨ੍ਹਾਂ ਦੀ ਸੰਭਾਲ ਕਰਕੇ ਕੁਦਰਤ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਕਾਲਜ ਤੇ ਐਸੋਸੀਏਸ਼ਨ ਵੱਲੋਂ ਐੱਸਡੀਐੱਮ ਡਾ. ਨਵਜੋਤ ਸ਼ਰਮਾ ਨੂੰ ਵੀ ਸਨਮਾਨਤ ਕੀਤਾ ਗਿਆ। ਕਾਲਜ ਦੇ ਡਾਇਰੈਕਟਰ ਡਾ. ਇੰਦਰਪਾਲ ਸਿੰਘ ਨੇ ਕਾਲਜ ਦੇ ਐਡੀਟੋਰੀਅਮ ਵਿੱਚ ਕਰਵਾਏ ਗਏ ਸਮਾਗਮ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਵਿਦਿਆਰਥੀਆਂ ਨੇ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਗੀਤਾਂ ਤੋਂ ਇਲਾਵਾ ਗਿੱਧਾ ਤੇ ਭੰਗੜੇ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਦਿੱਤੀਆਂ, ਜਿਸ ਨਾਲ ਵਣ ਮਹਾਂਉਤਸਵ ਦਾ ਸਮਾਗਮ ਤੀਆਂ ਦੇ ਉਤਸਵ ਵਰਗਾ ਰੰਗੀਨ ਬਣ ਗਿਆ। ਕਾਲਜ ਦੇ ਪ੍ਰੋਫੈਸਰ ਡਾ. ਮਲਕੀਅਤ ਸਿੰਘ ਤੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਮਲਕੀਅਤ ਸਿੰਘ ਰਗਬੋਤਰਾ ਨੇ ਵਣ ਮਹਾਂਉਤਸਵ ਤੇ ਵਣਾਂ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਹਾਲ ਵਿੱਚ ਮੌਜੂਦ 300 ਤੋਂ ਵੱਧ ਵਿਦਿਆਰਥੀਆਂ ਨੇ ਡਾ. ਇੰਦਰਪਾਲ ਸਿੰਘ ਦੀ ਪਹਿਲਕਦਮੀ ’ਤੇ ਵੱਧ ਤੋਂ ਵੱਧ ਬੂਟੇ ਲਗਾਉਣ ਤੇ ਉਨ੍ਹਾਂ ਦੀ ਸੰਭਾਲ ਕਰਨ ਦਾ ਸੰਕਲਪ ਲਿਆ। ਐਸੋਸੀਏਸ਼ਨ ਵੱਲੋਂ ਡਾ. ਇੰਦਰਪਾਲ ਸਿੰਘ ਨੂੰ ਵੀ ਸਨਮਾਨਤ ਕੀਤਾ ਗਿਆ। ਸਮਾਗਮ ਨੂੰ ਸਫਲ ਬਣਾਉਣ ਲਈ ਪ੍ਰੋਫੈਸਰ ਅਤਿੰਦਰ ਪਾਲ ਸਿੰਘ ਨੇ ਵਿਸ਼ੇਸ਼ ਯੋਗਦਾਨ ਪਾਇਆ, ਜਿਸ ਲਈ ਐਸੋਸੀਏਸ਼ਨ ਵੱਲੋਂ ਉਨ੍ਹਾਂ ਨੂੰ ਵੀ ਸਨਮਾਨਤ ਕੀਤਾ ਗਿਆ। ਇਸ ਮੌਕੇ ਤਾਰਾ ਚੰਦ ਚੁੰਬਰ, ਕ੍ਰਿਸ਼ਨ ਲਾਲ, ਪਰਮਜੀਤ ਸਿੰਘ ਮੈਨੇਜਰ ਦਇਆਵੰਤੀ ਫਾਉਂਡੇਸ਼ਨ, ਸ਼ਕਤੀ ਮਹਿੰਦਰੂ ਪ੍ਰਧਾਨ ਪਰਿਆਸ ਸੰਸਥਾ, ਸ਼ਾਮ ਸੁੰਦਰ ਗੁਪਤਾ, ਮਾਸਟਰ ਗੁਰਮੀਤ ਸਿੰਘ ਨੈਸ਼ਨਲ ਐਵਾਰਡੀ, ਰਿਟਾ. ਪ੍ਰਿੰਸੀਪਲ ਨਰੇਸ਼ ਕੋਲੀ, ਮੋਹਨ ਲਾਲ ਤਨੇਜਾ, ਸੁਧਾ ਬੇਦੀ, ਵਿਪਨ ਜੈਨ, ਕਿਰਨ ਗੁਪਤਾ ਤੋਂ ਇਲਾਵਾ ਕਾਲਜ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ। ਅਖੀਰ ਵਿੱਚ ਐਸੋਸੀਏਸ਼ਨ ਦੇ ਜਨਰਲ ਸਕੱਤਰ ਮਲਕੀਅਤ ਸਿੰਘ ਰਗਬੋਤਰਾ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਸਾਰਿਆਂ ਵੱਲੋਂ ਦਿੱਤੇ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਕੀਤਾ।