ਕਾਰਪੋਰੇਸ਼ਨ ਦੀ ਨਾਕਾਮੀ ਨੇ ਸ਼ਹਿਰ ਨੂੰ ਚਿੱਕੜ ’ਚ ਡੁਬੋਇਆ : ਸੰਜੀਵ ਬੁੱਗਾ
ਫਗਵਾੜਾ ਕਾਰਪੋਰੇਸ਼ਨ ਦੀ ਨਾਕਾਮੀ ਨੇ ਸ਼ਹਿਰ ਨੂੰ ਕੀਚੜ ਵਿੱਚ ਡੁਬੋਇਆ : ਸੰਜੀਵ ਬੁੱਗਾ
Publish Date: Wed, 28 Jan 2026 07:39 PM (IST)
Updated Date: Thu, 29 Jan 2026 04:11 AM (IST)

ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਕਾਂਗਰਸ ਕੌਸਲਰ ਸੰਜੀਵ ਬੁੱਗਾ ਨੇ ਫਗਵਾੜਾ ਨਗਰ ਨਿਗਮ ਅਤੇ ਖ਼ਾਸ ਕਰਕੇ ਮੇਅਰ ਰਾਮਪਾਲ ਉੱਪਲ ਉੱਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਸ਼ਹਿਰ ਦੀ ਜੀਟੀ ਰੋਡ ਨੂੰ ਨਰਕ ਬਣਾਉਣ ਵਾਲੀ ਕਾਰਪੋਰੇਸ਼ਨ ਦੀ ਨਾਕਾਮੀ ਹੁਣ ਕਿਸੇ ਤੋਂ ਲੁਕੀ ਨਹੀਂ ਰਹੀ। ਬੁੱਗਾ ਨੇ ਕਿਹਾ ਕਿ ਬੱਸ ਸਟੈਂਡ ਦੇ ਸਾਹਮਣੇ ਜੀਟੀ ਰੋਡ ’ਤੇ ਫਲਾਈਓਵਰ ਹੇਠਾਂ ਸਰਵਿਸ ਲੇਨ ਦੀ ਮਹੀਨਿਆਂ ਤੋਂ ਚੱਲ ਰਹੀ ਖੁਦਾਈ ਨਗਰ ਨਿਗਮ ਦੀ ਬਦਇੰਤਜ਼ਾਮੀ ਅਤੇ ਲਾਪਰਵਾਹੀ ਦਾ ਸਬੂਤ ਹੈ। ਉਨ੍ਹਾਂ ਦੱਸਿਆ ਕਿ 31 ਜਨਵਰੀ ਨੂੰ ਸ਼੍ਰੀ ਗੁਰੂ ਰਵਿਦਾਸ ਜੈਅੰਤੀ ਦੇ ਮੌਕੇ ਨਿਕਲਣ ਵਾਲੀ ਸ਼ੋਭਾ ਯਾਤਰਾ ਨੂੰ ਲੈ ਕੇ ਕੁਝ ਦਿਨ ਪਹਿਲਾਂ ਮੇਅਰ ਰਾਮਪਾਲ ਉੱਪਲ ਨੇ ਮੌਕੇ ’ਤੇ ਪਹੁੰਚ ਕੇ ਵੱਡੇ-ਵੱਡੇ ਦਾਅਵੇ ਕੀਤੇ ਸਨ ਕਿ ਸ਼ੋਭਾ ਯਾਤਰਾ ਤੋਂ ਪਹਿਲਾਂ ਸੀਵਰੇਜ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ ਪਰ ਅੱਜ ਦਿਨ ਭਰ ਹੋਈ ਭਾਰੀ ਬਰਸਾਤ ਨਾਲ ਉਹ ਸਾਰੇ ਦਾਅਵੇ ਧੋ ਹੋ ਗਏ। ਸੰਜੀਵ ਬੁੱਗਾ ਨੇ ਕਿਹਾ ਕਿ ਅੱਜ ਦੀ ਬਰਸਾਤ ਨੇ ਹਾਲਾਤ ਹੋਰ ਵੀ ਭਿਆਨਕ ਬਣਾ ਦਿੱਤੇ ਹਨ। ਸ਼੍ਰੀ ਗੁਰੂ ਰਵਿਦਾਸ ਜੀ ਦੀ ਸ਼ੋਭਾ ਯਾਤਰਾ ਵਿੱਚ ਦੂਰ-ਦਰਾਜ਼ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਸ਼ਾਮਲ ਹੁੰਦੇ ਹਨ। ਇਸ ਤੋਂ ਇਲਾਵਾ 1 ਫਰਵਰੀ ਨੂੰ ਗੁਰੂਪੁਰਬ ਦੇ ਦਿਨ ਸ਼ਰੋਮਣੀ ਸ਼੍ਰੀ ਗੁਰੂ ਰਵਿਦਾਸ ਮੰਦਰ ਚੱਕ ਹਕੀਮ ਵਿਖੇ ਨਤਮਸਤਕ ਹੋਣ ਲਈ ਵੀ ਵੱਡੀ ਗਿਣਤੀ ਵਿੱਚ ਸੰਗਤ ਇਸੀ ਜੀਟੀ ਰੋਡ ਦੀ ਸਰਵਿਸ ਲੇਨ ਰਾਹੀਂ ਗੁਜ਼ਰੇਗੀ। ਉਨ੍ਹਾਂ ਕਿਹਾ ਕਿ ਸਰਵਿਸ ਲੇਨ ਦੀ ਖੁਦਾਈ ਕਾਰਨ ਸੜਕਾਂ ਕੀਚੜ, ਟੋਇਆਂ ਅਤੇ ਪਾਣੀ ਨਾਲ ਭਰ ਚੁੱਕੀਆਂ ਹਨ, ਜਿਸ ਨਾਲ ਆਮ ਲੋਕਾਂ ਦਾ ਆਉਣਾ-ਜਾਣਾ ਮੁਸ਼ਕਲ ਹੋ ਗਿਆ ਹੈ। ਇਹ ਸਿਰਫ਼ ਇੱਕ ਧਾਰਮਿਕ ਸ਼ੋਭਾ ਯਾਤਰਾ ਦਾ ਮਾਮਲਾ ਨਹੀਂ, ਸਗੋਂ ਪੂਰੇ ਸ਼ਹਿਰ ਦੀ ਸੁਰੱਖਿਆ ਅਤੇ ਸੁਵਿਧਾ ਨਾਲ ਜੁੜਿਆ ਗੰਭੀਰ ਮਸਲਾ ਹੈ। ਕਾਂਗਰਸੀ ਕੌਸਲਰ ਨੇ ਦੋਸ਼ ਲਗਾਇਆ ਕਿ ਨਗਰ ਨਿਗਮ ਵੱਲੋਂ ਖੁਦਾਈ ਤੋਂ ਬਾਅਦ ਨਾ ਤਾਂ ਕੋਈ ਟ੍ਰੈਫਿਕ ਡਾਇਵਰਜ਼ਨ ਸਾਈਨ ਬੋਰਡ ਲਗਾਇਆ ਗਿਆ ਅਤੇ ਨਾ ਹੀ ਕੋਈ ਬਦਲਵੀਂ ਵਿਵਸਥਾ ਕੀਤੀ ਗਈ, ਜਿਸ ਕਾਰਨ ਰੋਜ਼ਾਨਾ ਵਾਹਨ ਕੀਚੜ ਅਤੇ ਟੋਇਆ ਵਿੱਚ ਫਸ ਕੇ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਸਕੂਲ ਜਾਣ ਵਾਲੇ ਬੱਚੇ, ਬਜ਼ੁਰਗ ਅਤੇ ਦੋਪਹੀਆ ਵਾਹਨ ਚਾਲਕ ਸਭ ਤੋਂ ਵੱਧ ਪ੍ਰੇਸ਼ਾਨ ਹਨ, ਪਰ ਮੇਅਰ ਰਾਮਪਾਲ ਉੱਪਲ ਅੱਖਾਂ ਬੰਦ ਕਰਕੇ ਤਮਾਸ਼ਬੀਨ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਮੇਅਰ ਰਾਮਪਾਲ ਉੱਪਲ ਨੇ ਸ਼ਹਿਰ ਵਾਸੀਆਂ ਨੂੰ ਨਰਕ ਭੋਗਣ ਲਈ ਮਜਬੂਰ ਕਰ ਦਿੱਤਾ ਹੈ। ਜਨਤਾ ਸਭ ਕੁਝ ਦੇਖ ਰਹੀ ਹੈ ਅਤੇ ਇਸ ਨਿਕੰਮੇਪਣ ਤੇ ਝੂਠੇ ਵਾਅਦਿਆਂ ਦਾ ਹਿਸਾਬ ਜਨਤਾ ਜ਼ਰੂਰ ਵਸੂਲ ਕਰੇਗੀ। ਸੰਜੀਵ ਬੁੱਗਾ ਨੇ ਚੇਤਾਵਨੀ ਦਿੱਤੀ ਕਿ ਜੇ ਤੁਰੰਤ ਸੀਵਰੇਜ ਦਾ ਕੰਮ ਪੂਰਾ ਕਰਕੇ ਸੜਕ ਨੂੰ ਦਰੁਸਤ ਨਾ ਕੀਤਾ ਗਿਆ ਅਤੇ ਟ੍ਰੈਫਿਕ ਵਿਵਸਥਾ ਬਹਾਲ ਨਾ ਹੋਈ, ਤਾਂ ਕਾਂਗਰਸ ਪਾਰਟੀ ਸੜਕ ਤੋਂ ਲੈ ਕੇ ਕਾਰਪੋਰੇਸ਼ਨ ਸਦਨ ਤੱਕ ਅੰਦੋਲਨ ਕਰਨ ਤੋਂ ਪਿੱਛੇ ਨਹੀਂ ਹਟੇਗੀ।