
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਆਪਣਾ ਪਿੰਡ ਸੰਭਾਲੋ’ ਮੁਹਿੰਮ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ

ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸ਼ੁਰੂ ਕੀਤੀ ਮੁਹਿੰਮ ‘ਆਪਣਾ ਪਿੰਡ ਸੰਭਾਲੋ’ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਅੱਜ ਗਊਸ਼ਾਲਾ ਪਿੰਡ ਫੱਤੇਵਾਲ ਮੰਡ ਵਿੱਚ ਅੱਧੀ ਦਰਜਨ ਪਿੰਡਾਂ ਦੇ ਲੋਕ ਸ਼ਾਮਲ ਹੋਏ। ਇਸ ਦੇ ਨਾਲ ਦੂਜਾ ਇੱਕਠ ਪਿੰਡ ਸਰੂਪਵਾਲ ਵਿੱਚ ਕੀਤਾ ਗਿਆ। ਇਸ ਇੱਕਠ ਵਿੱਚ ਵੀ ਬਹੁਤ ਸਾਰੇ ਪਿੰਡਾਂ ਦੇ ਲੋਕਾਂ ਨੂੰ ਆਪੋ-ਆਪਣੇ ਪਿੰਡਾਂ ਨੂੰ ਸੰਭਾਲਣ ਲਈ ਅੱਗੇ ਆਉਣ ਦੀ ਅਪੀਲ ਕੀਤੀ। ਇਸ ਮੁਹਿੰਮ ਨੂੰ ਮਿਲ ਰਹੇ ਹੁੰਗਾਰੇ ਨਾਲ ਲੋਕਾਂ ਵਿੱਚ ਭਰੋਸਾ ਬੱਝਾ ਹੈ। ਇਸ ਲੋਕ ਮਿਲਣੀ ਵਿੱਚ ਸੁਲਤਾਨਪੁਰ ਲੋਧੀ ਦੇ ਐੱਸਡੀਐੱਮ ਜਸਪ੍ਰੀਤ ਸਿੰਘ, ਡੀਐੱਸਪੀ ਧਰੇਂਦਰ ਵਰਮਾ, ਨਾਇਬ ਤਹਿਸੀਲਦਾਰ ਭੀਸ਼ਮ ਪਾਂਡੇ, ਈਓ ਕਮਲਜੀਤ ਸਿੰਘ ਸਮੇਤ ਡਰੇਨਜ਼ ਵਿਭਾਗ ਤੇ ਮੰਡੀ ਬੋਰਡ ਦੇ ਅਧਿਕਾਰੀ ਵੀ ਹਾਜ਼ਰ ਸਨ।
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇੱਕਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਮੰਡ ਇਲਾਕੇ ਦੇ ਪਿੰਡਾਂ ਨੂੰ ਚਿੱਟਾ ਮੁਕਤ ਕਰਨਾ ਹੈ। ਜਿਹੜੇ ਨੌਜਵਾਨ ਨਸ਼ਿਆਂ ਦੇ ਆਦੀ ਹੋ ਗਏ ਹਨ, ਉਨ੍ਹਾਂ ਦੇ ਮੁੜ ਵਸੇਬੇ ਲਈ ਯਤਨ ਕੀਤੇ ਜਾਣਗੇ। ਸੰਤ ਸੀਚੇਵਾਲ ਨੇ ਕਿਹਾ ਕਿ ਆਪਣਾ ਪਿੰਡ ਸੰਭਾਲੋ ਮੁਹਿੰਮ ਤਹਿਤ ਪਿੰਡਾਂ ਵਿੱਚ ਨਸ਼ਾ ਵੇਚਣ ਆਉਣ ਵਾਲਿਆਂ ਨੂੰ ਰੋਕਣਾ ਹੈ ਤੇ ਪਿੰਡ ਵਿੱਚ ਠੀਕਰੀ ਪਹਿਰੇ ਸ਼ੁਰੂ ਕਰਨੇ ਹਨ ਤਾਂ ਜੋ ਲੁੱਟਾਂ-ਖੋਹਾਂ ਤੋਂ ਲੋਕਾਂ ਦਾ ਬਚਾਅ ਕੀਤਾ ਜਾ ਸਕੇ। ਉਨ੍ਹਾਂ ਮੌਕੇ ‘ਤੇ ਹਾਜ਼ਰ ਡੀਐੱਸਪੀ ਨੂੰ ਵੀ ਹਦਾਇਤਾਂ ਕੀਤੀਆਂ ਕਿ ਜਦੋਂ ਲੋਕ ਨਸ਼ੇ ਦੇ ਸੌਦਾਗਰਾਂ ਦੀ ਜਾਣਕਾਰੀ ਦੇਣ ਤਾਂ ਉਸ ਨੂੰ ਗੁਪਤ ਰੱਖਿਆ ਜਾਵੇ। ਗਊਸ਼ਾਲਾ ਫੱਤੇਵਾਲ ਤੱਕ ਮੰਡੀ ਬੋਰਡ ਵੱਲੋਂ ਬਣਾਈ ਜਾ ਰਹੀ ਪੱਕੀ ਸੜਕ ਲਈ ਇਲਾਕੇ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦਾ ਧੰਨਵਾਦ ਕੀਤਾ। ਲੋਕਾਂ ਨੇ ਇੱਕਸੁਰ ਹੁੰਦਿਆ ਕਿਹਾ ਕਿ ਮੰਡ ਇਲਾਕੇ ਵਿੱਚ ਕਦੇ ਵੀ ਇਹ ਸੜਕ ਬਣਨ ਦੀ ਉਮੀਦ ਨਹੀਂ ਸੀ, ਜੇਕਰ ਸੰਤ ਸੀਚੇਵਾਲ ਜੀ ਇਸ ‘ਤੇ ਪਹਿਰਾ ਨਾ ਦਿੰਦੇ। ਇਹ ਸੜਕ ਧੁੱਸੀ ਬੰਨ੍ਹ ਤੋਂ ਐਡਵਾਂਸ ਬੰਨ੍ਹ ਨੂੰ ਆਪਸ ਵਿੱਚ ਜੋੜੇਗੀ। ਇਸ ਇੱਕਤਰਤਾ ਤੋਂ ਬਾਅਦ ਸੰਤ ਸੀਚੇਵਾਲ ਨੇ ਐਡਵਾਂਸ ਬੰਨ੍ਹ ਦਾ ਦੌਰਾ ਵੀ ਕੀਤਾ। ਇਲਾਕੇ ਦੇ ਕਿਸਾਨਾਂ ਨੇ ਦੱਸਿਆ ਕਿ ਇਹ ਬੰਨ੍ਹ ਬਣਾਉਣ ਵਿੱਚ ਸਾਰੇ ਪਿੰਡਾਂ ਨੇ ਸਾਂਝੇ ਯਤਨ ਕੀਤੇ ਹਨ। ਡਰੇਨਜ਼ ਵਿਭਾਗ ਨੇ ਵੀ ਬੰਨ੍ਹ ਮਜ਼ਬੂਤ ਕਰਨ ਲਈ ਬੰਨ੍ਹ ਦੇ ਵੱਡੇ ਹਿੱਸੇ ਵਿੱਚ ਪੱਥਰ ਲਾਏ ਹਨ। ਮੌਕੇ ‘ਤੇ ਪੁੱਜੇ ਸੰਤ ਸੀਚੇਵਾਲ ਨੇ ਬਿਆਸ ਦਰਿਆ ਦੇ ਤੇਜ਼ ਵਹਾਅ ਕਾਰਨ ਵੱਜ ਰਹੀ ਸਿੱਧੀ ਟੱਕਰ ਦਾ ਹਵਾਲਾ ਦਿੰਦਿਆ ਕਿਹਾ ਕਿ ਜਿੱਥੇ ਪੱਥਰ ਲਾਏ ਗਏ ਸਨ, ਉਥੇ ਪਾਣੀ ਪਿੱਛੇ ਨੂੰ ਧੱਕ ਮਾਰ ਰਿਹਾ ਹੈ। ਇਸ ਦੀ ਦਰੁਸਤੀ ਜ਼ਰੂਰੀ ਹੈ। ਇਸ ਇੱਕਠ ਵਿੱਚ ਆਹਲੀ ਕਲਾਂ, ਆਹਲੀ ਖੁਰਦ, ਹੁਸੈਨਪੁਰ ਬੂਲੇਵਾਲ, ਕਬੀਰਪੁਰ, ਆਲੂਵਾਲ, ਸਰੂਪਵਾਲ ਸਮੇਤ ਹੋਰ ਪਿੰਡਾਂ ਦੇ ਲੋਕਾਂ ਨੇ ਹਾਜ਼ਰੀ ਭਰੀ ਤੇ ਆਪਣੀਆਂ ਸਮੱਸਿਆਵਾਂ ਦੱਸੀਆਂ। ਇਸ ਮੌਕੇ ਐੱਸਡੀਐਮ ਨੇ ਪਿੰਡਾਂ ਵਿੱਚ ਲਾਲ ਲਕੀਰ ਅੰਦਰ ਆਉਂਦੇ ਘਰਾਂ, ਐੱਸਆਈਆਰ (ਸਰ) ਤਹਿਤ ਬਣਨ ਵਾਲੀਆਂ ਵੋਟਰ ਸੂਚੀਆਂ ਵਿੱਚ ਨਾਂ ਦਰਜ ਕਰਵਾਉਣ ਤੇ ਹੜ੍ਹਾਂ ਦਾ ਮੁਆਵਜ਼ਾ ਨਾ ਮਿਲਣ ਵਾਲੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਜਲੰਧਰ ਜ਼ਿਲ੍ਹੇ ਦੇ ਪਿੰਡ ਮਹਿਰਾਜਵਾਲਾ ਵਿੱਚ ‘ਆਪਣਾ ਪਿੰਡ ਸੰਭਾਲੋ’ ਮੁਹਿੰਮ ਤਹਿਤ ਇਲਾਕੇ ਦੇ ਪਿੰਡਾਂ ਦਾ ਇੱਕਠ ਰੱਖਿਆ ਗਿਆ ਹੈ। ਇਸ ਇੱਕਠ ਵਿੱਚ ਜਲੰਧਰ ਜ਼ਿਲ੍ਹੇ ਦੇ ਪ੍ਰਸ਼ਾਸ਼ਨਿਕ ਤੇ ਪੁਲਿਸ ਅਧਿਕਾਰੀਆਂ ਨੂੰ ਸੱਦਿਆ ਗਿਆ ਹੈ। ਇਲਾਕੇ ਦੇ ਪਿੰਡਾਂ ਨੂੰ ਇਸ ਇੱਕਠ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ ਹੈ।