ਲੋਕ ਨਗਰ ਨਿਗਮ ਦਾ ਸਹਿਯੋਗ ਕਰਨ : ਐਡਵੋਕੇਟ ਚੰਦੀ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਸੁੰਦਰ ਰੱਖਣ ਲਈ ਲੋਕ ਨਗਰ ਨਿਗਮ ਦਾ ਸਹਿਯੋਗ ਕਰਨ : ਐਡਵੋਕੇਟ ਚੰਦੀ
Publish Date: Tue, 01 Sep 2026 10:08 PM (IST)
Updated Date: Tue, 01 Sep 2026 10:10 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਦੇ ਸ਼ਹਿਰਾਂ ਨੂੰ ਸਾਫ਼-ਸੁਥਰਾ, ਹਰਾ-ਭਰਾ ਤੇ ਸਿਹਤਮੰਦ ਬਣਾਉਣ ਦੇ ਉਦੇਸ਼ ਨਾਲ ਭਗਵੰਤ ਮਾਨ ਸਰਕਾਰ ਨੇ ਸੂਬੇ ਦੇ ਸ਼ਹਿਰੀ ਖੇਤਰਾਂ ਵਿੱਚ ਮਿਸ਼ਨ ਕਲੀਨ ਪੰਜਾਬ ਨਾਮ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। 29 ਅਗਸਤ ਤੋਂ 7 ਸਤੰਬਰ ਤੱਕ ਚੱਲਣ ਵਾਲੀ ਇਸ 10 ਦਿਨਾਂ ਵਿਸ਼ੇਸ਼ ਸਫ਼ਾਈ ਮੁਹਿੰਮ ਤਹਿਤ ਪੂਰੇ ਸੂਬੇ ਵਿਚ ਕੈਬਨਿਟ ਮੰਤਰੀ, ਵਿਧਾਇਕ, ਮੇਅਰ, ਨਗਰ ਕੌਂਸਲਰ ਤੇ ਸੀਨੀਅਰ ਅਧਿਕਾਰੀ ਰੋਜ਼ਾਨਾ ਸਵੇਰੇ ਖੁਦ ਮੈਦਾਨ ਵਿੱਚ ਉਤਰ ਕੇ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਹਨ ਤੇ ਸਫ਼ਾਈ ਕਾਰਜਾਂ ਨੂੰ ਤੇਜ਼ ਕਰ ਰਹੇ ਹਨ। ਸਾਫ਼ ਪੰਜਾਬ, ਮਾਣਮੱਤਾ ਪੰਜਾਬ’ ਦੇ ਸੰਕਲਪ ਤੇ ਆਧਾਰਿਤ ਇਹ ਮੁਹਿੰਮ ਖਾਸ ਤੌਰ ’ਤੇ ਉਨ੍ਹਾਂ ਥਾਵਾਂ ਦੀ ਪਛਾਣ ਕਰਨ ਤੇ ਉਨ੍ਹਾਂ ਨੂੰ ਖ਼ਤਮ ਕਰਨ ’ਤੇ ਕੇਂਦਰਿਤ ਹੈ, ਜਿੱਥੇ ਵਾਰ-ਵਾਰ ਕੂੜਾ ਸੁੱਟਿਆ ਜਾਂਦਾ ਹੈ। ਵਿਸ਼ੇਸ਼ ਟੀਮਾਂ ਵੱਲੋਂ ਇਨ੍ਹਾਂ ਥਾਵਾਂ ਦੀ ਡੂੰਘਾਈ ਨਾਲ ਸਫ਼ਾਈ ਕੀਤੀ ਜਾ ਰਹੀ ਹੈ, ਨਾਲ ਹੀ ਇਹ ਵੀ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਉੱਥੇ ਦੁਬਾਰਾ ਕੂੜਾ ਇਕੱਠਾ ਨਾ ਹੋਵੇ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਕਪੂਰਥਲਾ ਵਿਖੇ ਇਸ ਮੁਹਿੰਮ ਦੀ ਅਗਵਾਈ ਕੀਤੀ। ਉਨ੍ਹਾਂ ਨੇ ਖੁਦ ਸਫ਼ਾਈ ਗਤੀਵਿਧੀਆਂ ਵਿੱਚ ਹਿੱਸਾ ਲਿਆ ਤੇ ਸਥਾਨਕ ਨਿਵਾਸੀਆਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਐਡਵੋਕੇਟ ਚੰਦੀ ਨੇ ਕਿਹਾ ਕਿ ਮਿਸ਼ਨ ਕਲੀਨ ਪੰਜਾਬ ਮੁਹਿੰਮ ਪੰਜਾਬ ਸਰਕਾਰ ਦੀ ਆਪਣੇ ਲੋਕਾਂ ਨੂੰ ਸਾਫ਼-ਸੁਥਰੇ ਤੇ ਸਿਹਤਮੰਦ ਸ਼ਹਿਰ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਅੱਗੇ ਕਿਹਾ ਸਫ਼ਾਈ ਦੀ ਜ਼ਿੰਮੇਵਾਰੀ ਸਿਰਫ਼ ਸਫ਼ਾਈ ਸੇਵਕਾਂ ਦੀ ਹੀ ਨਹੀਂ ਹੋ ਸਕਦੀ, ਸਗੋਂ ਆਲੇ-ਦੁਆਲੇ ਨੂੰ ਸਾਫ਼ ਰੱਖਣ ਲਈ ਆਮ ਨਾਗਰਿਕਾਂ, ਦੁਕਾਨਦਾਰਾਂ ਤੇ ਸਥਾਨਕ ਭਾਈਚਾਰੇ ਨੂੰ ਵੀ ਇਸ ਵਿੱਚ ਸਰਗਰਮੀ ਨਾਲ ਹਿੱਸਾ ਲੈਣਾ ਚਾਹੀਦਾ ਹੈ। ਐਡਵੋਕੇਟ ਚੰਦੀ ਨੇ ਕਿਹਾ ਇਹ ਮੁਹਿੰਮ ਸਿਰਫ਼ ਇੱਕ ਵਾਰ ਦੀ ਸਫ਼ਾਈ ਤੱਕ ਸੀਮਤ ਨਹੀਂ ਰਹੇਗੀ, ਸਗੋਂ ਨਿਯਮਤ ਨਿਗਰਾਨੀ ਤੇ ਇੱਕ ਟਿਕਾਊ ਸਫ਼ਾਈ ਪ੍ਰਣਾਲੀ ਬਣਾਉਣ ’ਤੇ ਧਿਆਨ ਕੇਂਦਰਿਤ ਕਰੇਗੀ। ਉਨ੍ਹਾਂ ਨਾਗਰਿਕਾਂ ਨੂੰ ਪ੍ਰਸ਼ਾਸਨ ਦਾ ਸਹਿਯੋਗ ਕਰਨ ਤੇ ਜਨਤਕ ਥਾਵਾਂ ’ਤੇ ਕੂੜਾ ਨਾ ਸੁੱਟਣ ਦੀ ਅਪੀਲ ਵੀ ਕੀਤੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਨਤਕ ਥਾਵਾਂ ’ਤੇ ਕੂੜਾ ਨਾ ਸੁੱਟਣ ਤੇ ਆਪਣੇ ਘਰਾਂ ਤੇ ਕਾਰੋਬਾਰੀ ਅਦਾਰਿਆਂ ਦੇ ਆਲੇ-ਦੁਆਲੇ ਸਫ਼ਾਈ ਬਣਾਈ ਰੱਖਣ ਲਈ ਨਗਰ ਨਿਗਮ ਦਾ ਸਹਿਯੋਗ ਕਰਨ।