ਪੋਸ਼ ਇਲਾਕੇ ਅਰਬਨ ਅਸਟੇਟ ਤੇ ਚਾਚੋਕੀ ਦੇ ਲੋਕ ਕੂੜੇ ਦੇ ਡੰਪ ਤੋਂ ਪਰ੍ਹੇਸ਼ਾਨ
ਪੋਸ਼ ਇਲਾਕੇ ਅਰਬਨ ਅਸਟੇਟ ਅਤੇ ਚਾਚੋਕੀ ਦੇ ਲੋਕ ਕੂੜੇ ਦੇ ਡੰਪ ਤੋਂ ਪਰ੍ਹੇਸ਼ਾਨ
Publish Date: Sun, 15 Feb 2026 09:40 PM (IST)
Updated Date: Sun, 15 Feb 2026 09:42 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਇਕ ਵਾਰ ਫਿਰ ਨਗਰ ਨਿਗਮ ਫਗਵਾੜਾ ਵੱਲੋਂ ਸ਼ਿਵਰਾਤਰੀ ਮੌਕੇ ਕੀਤੇ ਗਏ ਸਾਫ-ਸਫਾਈ ਦੇ ਯਤਨ ਡਾਵਾਂਡੋਲ ਹੁੰਦੇ ਹੀ ਦਿਖਾਈ ਦਿੱਤੇ। ਚਾਚੋਕੀ ਨਜ਼ਦੀਕ ਬਣੇ ਕੂੜੇ ਦੇ ਡੰਪ ’ਤੇ ਐਨਾ ਜ਼ਿਆਦਾ ਕੂੜਾ ਇਕੱਠਾ ਹੋ ਗਿਆ ਕਿ ਮੰਦਿਰਾਂ ਨੂੰ ਜਾਣ ਵਾਲੀਆਂ ਸੰਗਤਾਂ ਨੂੰ ਆਪਣੇ ਨੱਕ ਬੰਦ ਕਰਕੇ ਉਥੋਂ ਦੀ ਲੰਘਣਾ ਪਿਆ, ਜਿਸ ਨੇ ਨਗਰ ਨਿਗਮ ਵੱਲੋਂ ਕੀਤੇ ਜਾ ਰਹੇ ਸਾਰੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਭਾਵੇਂ ਇਸ ਵਾਰ ਸ਼ਿਵਰਾਤਰੀ ਐਤਵਾਰ ਵਾਲੇ ਦਿਨ ਆਈ ਪਰ ਚਾਚੋਕੀ ਨਜ਼ਦੀਕ ਬਣੇ ਕੂੜੇ ਦੇ ਡੰਪ ਦਾ ਰੋਜ਼ਾਨਾ ਇਹੀ ਹਾਲ ਰਹਿੰਦਾ ਹੈ। ਇਸ ਦੇ ਬਾਵਜੂਦ ਨਗਰ ਨਿਗਮ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਬੀਤੇ ਕੁਝ ਸਾਲ ਪਹਿਲਾਂ ਇਕ ਪਾਸੇ ਨਗਰ ਨਿਗਮ ਫਗਵਾੜਾ ਨੂੰ ਕੇਂਦਰ ਸਰਕਾਰ ਵੱਲੋਂ ਸਵੱਛਤਾ ਦੇ ਤਹਿਤ ਇਨਾਮ ਨਾਲ ਵੀ ਨਿਵਾਜਿਆ ਜਾ ਚੁੱਕਾ ਹੈ ਪਰ ਸ਼ਹਿਰ ਦੇ ਹਾਲਾਤ ਪਹਿਲਾਂ ਵੀ ਬਦ ਤੋਂ ਬਦਤਰ ਬਣੇ ਹੋਏ ਸਨ ਤੇ ਹੁਣ ਵੀ ਜਿਉਂ ਦੇ ਤਿਉਂ ਕਾਇਮ ਹਨ। ਸ਼ਹਿਰ ਵਿਚ ਹਰ ਪਾਸੇ ਲੱਗੇ ਕੂੜੇ ਦੇ ਢੇਰ ਲੋਕਾਂ ਲਈ ਜੀਅ ਦਾ ਜੰਜਾਲ ਬਣੇ ਹੋਏ ਹਨ। ਅਜਿਹਾ ਹੀ ਅਰਬਨ ਅਸਟੇਟ ਚਾਚੋਕੀ ਲਾਗੇ ਬਣੇ ਕੂੜੇ ਦੇ ਡੰਪ ਦੇ ਹਨ। ਜਿਥੇ ਲੱਗੇ ਕੂੜੇ ਦੇ ਢੇਰਾਂ ਨੇ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ। ਅਰਬਨ ਅਸਟੇਟ ਚਾਚੋਕੀ ਤੇ ਦੋਸਾਂਝਾ ਨਜਦੀਕ ਬਣੇ ਇਸ ਕੂੜੇ ਦੇ ਡੰਪ ਕਾਰਨ ਲੋਕ ਬਹੁਤ ਹੀ ਪਰੇਸ਼ਾਨ ਹਨ। ਪਹਿਲਾਂ ਤਾਂ ਇਹ ਸਿਰਫ ਕੂੜੇ ਦੇ ਡੰਪ ਹੀ ਦਿਖਾਈ ਦਿੰਦੇ ਸਨ ਪਰ ਹੁਣ ਤਾਂ ਸੜਕ ਹੀ ਕੂੜਾਦਾਨ ਬਣਦੀ ਜਾ ਰਹੀ ਹੈ। ਲੋਕਾਂ ਵੱਲੋਂ ਵੀ ਜਿਥੇ ਜਗ੍ਹਾ ਮਿਲਦੀ ਹੈ ਕੂੜਾ ਸੁੱਟ ਦਿੱਤਾ ਜਾਂਦਾ ਹੈ। ਆਉਣ-ਜਾਣ ਵਾਲਿਆਂ ਨੂੰ ਹੋ ਰਹੀ ਡਾਹਢੀ ਪ੍ਰੇਸ਼ਾਨੀ ਸਮਾਜ ਸੇਵਕ ਸ਼ਰਨਜੀਤ ਸਿੰਘ ਨੇ ਕਿਹਾ ਕਿ ਫਗਵਾੜਾ ਦਾ ਪੌਸ਼ ਇਲਾਕਾ ਅਰਬਨ ਅਸਟੇਟ ਚਾਚੋਕੀ ਨਹਿਰ ਲਾਗੇ ਬਣੇ ਡੰਪ ’ਤੇ ਕੂੜੇ ਦੇ ਢੇਰਾਂ ਕਾਰਨ ਲੋਕਾਂ ਦਾ ਇਥੇ ਆਉਣਾ-ਜਾਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਨਜ਼ਦੀਕ ਸਰਕਾਰੀ ਸਕੂਲ ਚਾਚੋਕੀ, ਪ੍ਰਾਇਮਰੀ ਸਕੂਲ ਨੰਗਲ ਰੋਡ, ਸੁਆਮੀ ਸੰਤ ਦਾਸ ਪਬਲਿਕ ਸਕੂਲ ਜਾਣ ਸਮੇਂ ਬੱਚਿਆਂ ਨੂੰ ਇਸ ਕੂੜੇ ਦੇ ਡੰਪ ਦੇ ਦਰਸ਼ਨ ਕਰਕੇ ਹੀ ਆਉਣਾ-ਜਾਣਾ ਪੈਂਦਾ ਹੈ। ਇਹ ਕੂੜੇ ਦਾ ਡੰਪ ਕੇਂਦਰ ਸਰਕਾਰ ਵੱਲੋਂ ਮਿਲੇ ਸਵੱਛਤਾ ਅਭਿਆਨ ਇਨਾਮ ਦੇ ਕੱਚੇ ਚਿੱਠੇ ਖੋਲ੍ਹ ਰਿਹਾ ਹੈ। ਨਜ਼ਦੀਕ ਹਨ ਕਈ ਹਸਪਤਾਲ ਕੂੜੇ ਦੇ ਡੰਪ ਨਜ਼ਦੀਕ ਬਾਹੜਾ ਹਸਪਤਾਲ, ਡਾ. ਮੀਨਾ ਸਿੰਘ ਹਸਪਤਾਲ ਹੋਣ ਕਾਰਣ ਲੋਕ ਰੋਜ਼ਾਨਾ ਹਸਪਤਾਲਾਂ ਵਿਚ ਇਲਾਜ ਕਰਵਾਉਣ ਲਈ ਜਾਂਦੇ ਹਨ ਪਰ ਬਿਮਾਰ ਵਿਅਕਤੀ ਇਨ੍ਹਾਂ ਕੂੜੇ ਦੇ ਡੰਪਾਂ ਕਾਰਣ ਹੋਰ ਜ਼ਿਆਦਾ ਬੀਮਾਰ ਹੋ ਕੇ ਘਰਾਂ ਨੂੰ ਵਾਪਸ ਪਰਤਦਾ ਹੈ। ਬੀਤੇ ਕਾਫ਼ੀ ਸਮੇਂ ਤੋਂ ਲੋਕ ਪਰੇਸ਼ਾਨ ਕਾਂਗਰਸ ਪਾਰਟੀ ਬਲਾਕ ਫਗਵਾੜਾ ਦੇ ਸ਼ਹਿਰੀ ਪ੍ਰਧਾਨ ਤਰਨਜੀਤ ਸਿੰਘ ਬੰਟੀ ਵਾਲੀਆ ਨੇ ਕਿਹਾ ਕਿ ਕਈ ਸੰਸਥਾਵਾਂ ਨੇ ਪਹਿਲਾਂ ਵੀ ਇਨ੍ਹਾਂ ਕੂੜੇ ਦੇ ਡੰਪਾਂ ਨੂੰ ਚਾਚੋਕੀ ਤੋਂ ਕਿਸੇ ਹੋਰ ਜਗ੍ਹਾ ਬਦਲਣ ਲਈ ਨਗਰ ਨਿਗਮ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤੇ ਪਰ ਇਥੋਂ ਦੇ ਹਾਲਾਤ ਜਿਉਂ ਦੇ ਤਿਉਂ ਬਣੇ ਹੋਏ ਹਨ। ਆਮ ਲੋਕਾਂ ਵੱਲੋਂ ਆਪਣੇ ਘਰਾਂ ਦੇ ਕੂੜੇ ਨੂੰ ਸੜਕਾਂ ’ਤੇ ਸੁੱਟ ਦਿਤਾ ਜਾਂਦਾ ਹੈ, ਜਿਸ ਨਾਲ ਵੀ ਸ਼ਹਿਰ ਦੀਆਂ ਸੜਕਾਂ ਕੂੜੇ ਦਾ ਡੰਪ ਬਣਦੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਨਗਰ ਨਿਗਮ ਫਗਵਾੜਾ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਿਉਹਾਰ ਮੌਕੇ ਸ਼ਹਿਰ ਦੀ ਸਾਫ-ਸਫਾਈ ਨਿਗਮ ਦੀ ਜ਼ਿੰਮੇਵਾਰੀ ਬਣਦੀ ਹੈ, ਜੇਕਰ ਉਹ ਨਹੀ ਕਰਵਾ ਸਕਦੇ ਤਾਂ ਸੀਟਾਂ ਛੱਡ ਦੇਣ ਤਾਂ ਜੋ ਕੋਈ ਹੋਰ ਸ਼ਹਿਰ ਦੇ ਵਿਗੜੇ ਹਾਲਾਤ ਠੀਕ ਕਰਵਾ ਸਕੇ।