ਮਹੇੜੂ ਪਿੰਡ ਦੇ ਬਾਹਰ ਕੂੜਾ ਸੁੱਟ ਜਾਂਦੇ ਹਨ ਲੋਕ
ਮਹੇੜੂ ਪਿੰਡ ਦੀ ਪੁਲੀ ਦੇ ਬਾਹਰ ਬੋਰੇ ਭਰ-ਭਰ ਕੂੜਾ ਸੁੱਟ ਜਾਂਦੇ ਹਨ ਲੋਕ
Publish Date: Mon, 21 Sep 2026 09:01 PM (IST)
Updated Date: Mon, 21 Sep 2026 09:02 PM (IST)
ਹਰੀਸ਼ ਭੰਡਾਰੀ, ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਦੇ ਨਜ਼ਦੀਕੀ ਪਿੰਡ ਮਹੇੜੂ ਵਿਖੇ ਪੁਲੀ ਦੇ ਬਾਹਰ ਹੀ ਲੋਕਾਂ ਵੱਲੋਂ ਬੋਰੇ ਭਰ-ਭਰ ਕੇ ਕੂੜਾ ਸੁੱਟਿਆ ਜਾ ਰਿਹਾ ਹੈ, ਜਿਸ ਕਾਰਨ ਇਲਾਕੇ ਵਿੱਚ ਗੰਦਗੀ ਦਾ ਮਾਹੌਲ ਬਣਿਆ ਹੋਇਆ ਹੈ। ਸਥਾਨਕ ਲੋਕਾਂ ਅਨੁਸਾਰ, ਪੁਲੀ ਦੇ ਬਾਹਰ ਕੂੜਾ ਸੁੱਟਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪਿੰਡ ਦੇ ਕੁਝ ਜ਼ਿੰਮੇਵਾਰ ਲੋਕਾਂ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਢਾਬੇ, ਰੈਸਟੋਰੈਂਟ ਬਹੁਤ ਜ਼ਿਆਦਾ ਹੋਣ ਕਰਕੇ ਲੋਕ ਬਚਿਆ ਕੂੜਾ ਬੋਰਿਆਂ ’ਚ ਪਾ ਕੇ ਇੱਥੇ ਸੁੱਟ ਜਾਂਦੇ ਹਨ। ਜਿਸ ਨਾਲ ਜਿੱਥੇ ਗੰਦਗੀ ਫੈਲਦੀ ਹੈ, ਉੱਥੇ ਬਿਮਾਰੀਆਂ ਫੈਲਣ ਦਾ ਖਦਸ਼ਾ ਵੀ ਵਧ ਜਾਂਦਾ ਹੈ। ਗੌਰਤਲਬ ਹੈ ਕਿ ਪੁਲੀ ਦੀ ਥੋੜੀ ਹੀ ਦੂਰੀ ’ਤੇ ਵਿੱਦਿਆ ਦਾ ਕੇਂਦਰ ਮੰਨਿਆ ਜਾਂਦਾ ਸਰਕਾਰੀ ਸਕੂਲ ਵੀ ਹੈ ਤੇ ਇਸ ਗੰਦਗੀ ਦਾ ਅਸਰ ਬੱਚਿਆਂ ਦੀ ਸਿਹਤ ’ਤੇ ਸਿੱਧੇ ਤੌਰ ’ਤੇ ਪੈਂਦਾ ਹੈ। ਇਹ ਸੜਕ ਚਹੇੜੂ ਮੁੱਖ ਨੈਸ਼ਨਲ ਹਾਈਵੇ ਸੜਕ ਨੂੰ ਆਪਸ ਵਿੱਚ ਜੋੜਦੀ ਹੈ, ਜਿੱਥੇ ਲਗਾਤਾਰ ਹੀ ਰਾਹਗੀਰਾਂ ਦਾ ਆਉਣਾ-ਜਾਣਾ ਲੱਗਾ ਰਹਿੰਦਾ ਹੈ ਪਰ ਇਥੇ ਗੰਦਗੀ ਦੇ ਢੇਰ ਹੀ ਨਜ਼ਰ ਆਉਂਦੇ ਹਨ।