ਕੁੱਤੇ ਦੇ ਹਮਲੇ ਕਾਰਨ ਨੌਜਵਾਨ ਜ਼ਖ਼ਮੀ ਅਵਾਰਾ ਕੁੱਤਿਆਂ ਦੀ ਦਹਿਸ਼ਤ ਕਾਰਨ ਲੋਕ ਪ੍ਰੇਸ਼ਾਨ, ਕੁੱਤੇ ਦੇ ਹਮਲੇ ਕਾਰਨ ਨੌਜਵਾਨ ਜ਼ਖ਼ਮੀ
Publish Date: Thu, 10 Sep 2026 07:49 PM (IST)
Updated Date: Thu, 10 Sep 2026 07:49 PM (IST)
ਅਵਾਰਾ ਕੁੱਤਿਆਂ ਦੀ ਦਹਿਸ਼ਤ ਕਾਰਨ ਲੋਕ ਪਰੇਸ਼ਾਨ, ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : ਸ਼ਹਿਰ ਦੇ ਮੁਹੱਬਤ ਨਗਰ ਤਰਕੋਨਾ ਪਾਰਕ ਇਲਾਕੇ ਵਿੱਚ ਅਵਾਰਾ ਕੁੱਤਿਆਂ ਦੀ ਦਹਿਸ਼ਤ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਲਾਕੇ ਵਿੱਚ ਇੱਕ ਅਵਾਰਾ ਕੁੱਤੇ ਵੱਲੋਂ ਨੌਜਵਾਨ ਨੂੰ ਕੱਟ ਲਏ ਜਾਣ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਤੋਂ ਬਾਅਦ ਇਲਾਕਾ ਵਾਸੀਆਂ ਵਿੱਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁਹੱਬਤ ਨਗਰ ਤਰਕੋਨਾ ਪਾਰਕ ਕਪੂਰਥਲਾ ਦੇ ਵਸਨੀਕ ਨਿਤਿਨ ਸ਼ਰਮਾ ਪੁੱਤਰ ਸਵ. ਤ੍ਰਿਭਮਨ ਸ਼ਰਮਾ ਨੂੰ ਇਲਾਕੇ ਵਿੱਚ ਘੁੰਮ ਰਹੇ ਇੱਕ ਅਵਾਰਾ ਕੁੱਤੇ ਨੇ ਕੱਟ ਲਿਆ। ਕੁੱਤੇ ਦੇ ਹਮਲੇ ਕਾਰਨ ਨਿਤਿਨ ਸ਼ਰਮਾ ਜ਼ਖ਼ਮੀ ਹੋ ਗਿਆ। ਘਟਨਾ ਤੋਂ ਬਾਅਦ ਉਸ ਨੂੰ ਇਲਾਜ ਲਈ ਸਿਹਤ ਕੇਂਦਰ ਲਿਜਾਇਆ ਗਿਆ, ਜਿੱਥੇ ਉਸ ਨੂੰ ਲੋੜੀਂਦਾ ਇਲਾਜ ਮੁਹੱਈਆ ਕਰਵਾਇਆ ਗਿਆ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਮੁਹੱਬਤ ਨਗਰ ਤੇ ਤਰਕੋਨਾ ਪਾਰਕ ਦੇ ਆਲੇ-ਦੁਆਲੇ ਪਿਛਲੇ ਕਾਫ਼ੀ ਸਮੇਂ ਤੋਂ ਅਵਾਰਾ ਕੁੱਤਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਹ ਕੁੱਤੇ ਅਕਸਰ ਗਲੀਆਂ ਤੇ ਪਾਰਕਾਂ ਵਿੱਚ ਝੁੰਡਾਂ ਦੇ ਰੂਪ ਵਿੱਚ ਘੁੰਮਦੇ ਨਜ਼ਰ ਆਉਂਦੇ ਹਨ। ਸਵੇਰੇ-ਸ਼ਾਮ ਸੈਰ ਕਰਨ ਵਾਲੇ ਲੋਕਾਂ ਤੇ ਬੱਚਿਆਂ ਨੂੰ ਇਨ੍ਹਾਂ ਕਾਰਨ ਖ਼ਤਰਾ ਬਣਿਆ ਰਹਿੰਦਾ ਹੈ। ਇਲਾਕਾ ਵਾਸੀਆਂ ਨੇ ਨਗਰ ਨਿਗਮ ਅਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਅਵਾਰਾ ਕੁੱਤਿਆਂ ਦੀ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੁੱਤਿਆਂ ਦੀ ਨਸਬੰਦੀ ਅਤੇ ਟੀਕਾਕਰਨ ਦੇ ਨਾਲ-ਨਾਲ ਇਲਾਕੇ ਵਿੱਚ ਨਿਯਮਤ ਨਿਗਰਾਨੀ ਕੀਤੀ ਜਾਵੇ, ਤਾਂ ਜੋ ਲੋਕਾਂ ਨੂੰ ਸੁਰੱਖਿਅਤ ਮਾਹੌਲ ਮਿਲ ਸਕੇ।