ਇਮੀਗ੍ਰੇਸ਼ਨ ਤੇ ਆਈਲੈਟਸ ਸੈਂਟਰਾਂ ਦੀ ਕੀਤੀ ਜਾਵੇ ਜਾਂਚ
ਸੁਲਤਾਨਪੁਰ ਲੋਧੀ ’ਚ ਇਮੀਗ੍ਰੇਸ਼ਨ ਅਤੇ ਆਈਲੈਟਸ ਸੈਂਟਰਾਂ ਦੀ ਜਾਂਚ ਦੀ ਲੋਕਾਂ ਨੇ ਕੀਤੀ ਮੰਗ ਅਤੇ ਪ੍ਰਸ਼ਾਸਨ ਤੋਂ ਕੀਤੀ ਕਾਰਵਾਈ ਦੀ ਅਪੀਲ
Publish Date: Thu, 04 Jun 2026 09:30 PM (IST)
Updated Date: Fri, 05 Jun 2026 03:41 PM (IST)

ਵਿਦੇਸ਼ ਭੇਜਣ ਦੇ ਨਾਂ ’ਤੇ ਹੋ ਰਹੀਆਂ ਠੱਗੀਆਂ ਕਾਰਨ ਲੋਕਾਂ ’ਚ ਵਧੀ ਚਿੰਤਾ ਲੋਕਾਂ ਨੇ ਪ੍ਰਸ਼ਾਸਨ ਨੂੰ ਕੀਤੀ ਕਾਰਵਾਈ ਦੀ ਅਪੀਲ ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਮਹਿਤਪੁਰ ਦੇ ਇਕ ਕਥਿਤ ਇਮੀਗ੍ਰੇਸ਼ਨ ਏਜੰਟ ਵੱਲੋਂ ਕੈਨੇਡਾ ਭੇਜਣ ਦੇ ਨਾਮ ਤੇ ਕਪੂਰਥਲਾ ਦੇ ਇਕ ਵਿਅਕਤੀ ਨਾਲ ਕਰੀਬ 25 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਕ ਵਾਰ ਫਿਰ ਇਮੀਗ੍ਰੇਸ਼ਨ ਕਾਰੋਬਾਰ ਦੀ ਕਾਰਗੁਜ਼ਾਰੀ ਤੇ ਨਿਗਰਾਨੀ ਤੇ ਲੋਕਾਂ ਵੱਲੋਂ ਸਵਾਲ ਖੜ੍ਹੇ ਕੀਤੇ ਗਏ ਹਨ। ਇਸ ਘਟਨਾ ਨੇ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਵਿਦੇਸ਼ ਭੇਜਣ ਦੇ ਦਾਅਵੇ ਕਰਨ ਵਾਲੇ ਏਜੰਟਾਂ ਤੇ ਆਈਲੈਟਸ ਸੈਂਟਰਾਂ ਦੀ ਸਮੇਂ-ਸਮੇਂ ਤੇ ਜਾਂਚ ਹੋਣੀ ਬਹੁਤ ਜ਼ਰੂਰੀ ਹੈ। ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਚ ਵੀ ਵੱਡੀ ਗਿਣਤੀ ਵਿਚ ਇਮੀਗ੍ਰੇਸ਼ਨ ਤੇ ਆਈਲੈਟਸ ਸੈਂਟਰ ਚੱਲ ਰਹੇ ਹਨ ਪਰ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਵਿਚੋਂ ਕਿੰਨੇ ਸੈਂਟਰ ਲਾਇਸੈਂਸਸ਼ੁਦਾ ਹਨ ਤੇ ਕਿੰਨੇ ਨਿਯਮਾਂ ਅਨੁਸਾਰ ਕੰਮ ਕਰ ਰਹੇ ਹਨ, ਇਸ ਬਾਰੇ ਕਦੇ ਕੋਈ ਜਨਤਕ ਜਾਣਕਾਰੀ ਉਪਲਬਧ ਨਹੀਂ ਹੋ ਸਕੀ ਹੈ। ਲੋਕਾਂ ਦਾ ਮੰਨਣਾ ਹੈ ਕਿ ਸਬੰਧਤ ਵਿਭਾਗਾਂ ਤੇ ਪ੍ਰਸ਼ਾਸਨ ਵੱਲੋਂ ਇਨ੍ਹਾਂ ਸੈਂਟਰਾਂ ਦੀ ਪਾਰਦਰਸ਼ੀ ਦੀ ਜਾਂਚ ਸਮੇਂ-ਸਮੇਂ ’ਤੇ ਕੀਤੀ ਜਾਣੀ ਚਾਹੀਦੀ ਹੈ। ਇਸ ਮਾਮਲੇ ਸਬੰਧੀ ਜਦੋਂ ਥਾਣਾ ਸੁਲਤਾਨਪੁਰ ਲੋਧੀ ਦੇ ਐੱਸਐੱਚਓ ਹਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨਾਲ ਇਮੀਗ੍ਰੇਸ਼ਨ ਜਾਂ ਟਰੈਵਲ ਏਜੰਟ ਵੱਲੋਂ ਧੋਖਾਧੜੀ ਕੀਤੀ ਗਈ ਹੈ ਤਾਂ ਉਹ ਲਿਖਤੀ ਸ਼ਿਕਾਇਤ ਪੁਲਿਸ ਕੋਲ ਦੇ ਸਕਦਾ ਹੈ। ਉਨ੍ਹਾਂ ਕਿਹਾ ਕਿ ਹਰ ਸ਼ਿਕਾਇਤ ਦੀ ਕਾਨੂੰਨ ਅਨੁਸਾਰ ਜਾਂਚ ਕੀਤੀ ਜਾਂਦੀ ਹੈ ਤੇ ਦੋਸ਼ ਸਾਬਤ ਹੋਣ ਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਂਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵਿਦੇਸ਼ ਜਾਣ ਲਈ ਕਿਸੇ ਵੀ ਏਜੰਟ ਜਾਂ ਸੰਸਥਾ ਨਾਲ ਲੈਣ-ਦੇਣ ਕਰਨ ਤੋਂ ਪਹਿਲਾਂ ਉਸ ਦੇ ਲਾਇਸੈਂਸ ਤੇ ਦਸਤਾਵੇਜ਼ਾਂ ਦੀ ਪੂਰੀ ਤਸਦੀਕ ਜ਼ਰੂਰ ਕਰ ਲੈਣ। ਇਲਾਕੇ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੁਲਤਾਨਪੁਰ ਲੋਧੀ ਤੇ ਆਸ-ਪਾਸ ਦੇ ਖੇਤਰਾਂ ਵਿਚ ਚੱਲ ਰਹੇ ਇਮੀਗ੍ਰੇਸ਼ਨ ਤੇ ਆਈਲੈਟਸ ਸੈਂਟਰਾਂ ਦੀ ਵਿਸ਼ੇਸ਼ ਜਾਂਚ ਕਰਕੇ ਲਾਇਸੈਂਸਸ਼ੁਦਾ ਤੇ ਗੈਰ-ਲਾਇਸੈਂਸਸ਼ੁਦਾ ਅਦਾਰਿਆਂ ਦੀ ਸੂਚੀ ਜਨਤਕ ਕੀਤੀ ਜਾਵੇ ਤਾਂ ਜੋ ਨੌਜਵਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਠੱਗੀ ਦਾ ਸ਼ਿਕਾਰ ਹੋਣ ਤੋਂ ਬਚਾਇਆ ਜਾ ਸਕੇ।