ਨਡਾਲਾ ਬੱਸ ਸਟੈਂਡ ਦੀ ਖਸਤਾ ਹਾਲਤ ਤੋਂ ਲੋਕ ਪ੍ਰੇਸ਼ਾਨ ਨਡਾਲਾ ਬੱਸ ਸਟੈਂਡ ਦੀ ਖਸਤਾ ਹਾਲਤ ਤੋਂ ਲੋਕ ਪ੍ਰੇਸ਼ਾਨ
Publish Date: Mon, 02 Nov 2026 07:41 PM (IST)
Updated Date: Mon, 02 Nov 2026 07:44 PM (IST)
ਬੈਠਣ ਲਈ ਥਾਂ ਦੀ ਘਾਟ, ਗੰਦਗੀ ਤੇ ਬਦਬੂ ਕਾਰਨ ਮੁਸਾਫ਼ਰਾਂ ਨੂੰ ਕਰਨਾ ਪੈ ਰਿਹਾ ਪ੍ਰੇਸ਼ਾਨੀਆਂ ਦਾ ਸਾਹਮਣਾ ਅੰਮ੍ਰਿਤਪਾਲ ਬਾਜਵਾ ਪੰਜਾਬੀ ਜਾਗਰਣ ਬੇਗੋਵਾਲ : ਨਡਾਲਾ ਬੱਸ ਸਟੈਂਡ ਦੀ ਲੰਬੇ ਸਮੇਂ ਤੋਂ ਬਣੀ ਖਸਤਾ ਹਾਲਤ ਕਾਰਨ ਇੱਥੇ ਆਉਣ-ਜਾਣ ਵਾਲੇ ਮੁਸਾਫ਼ਰਾਂ ਤੇ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੱਸ ਸਟੈਂਡ ਵਿਖੇ ਬੈਠਣ ਲਈ ਢੁੱਕਵੀਂ ਥਾਂ ਦੀ ਘਾਟ, ਗੰਦਗੀ ਤੇ ਪਾਣੀ ਖੜ੍ਹਨ ਵਰਗੀਆਂ ਸਮੱਸਿਆਵਾਂ ਕਾਰਨ ਲੋਕਾਂ ਨੂੰ ਕਾਫ਼ੀ ਦਿੱਕਤਾਂ ਆ ਰਹੀਆਂ ਹਨ। ਬੱਸਾਂ ਦੀ ਉਡੀਕ ਕਰਨ ਵਾਲੇ ਮੁਸਾਫ਼ਰਾਂ ਨੂੰ ਬੈਠਣ ਲਈ ਢੁੱਕਵੀਂ ਜਗ੍ਹਾ ਨਾ ਮਿਲਣ ਕਾਰਨ ਇੱਧਰ-ਉੱਧਰ ਖੜ੍ਹੇ ਰਹਿਣਾ ਪੈਂਦਾ ਹੈ। ਇਸ ਤੋਂ ਇਲਾਵਾ, ਗੰਦਗੀ ਭਰੇ ਹਾਲਾਤ ਤੇ ਫੈਲੀ ਬਦਬੂ ਕਾਰਨ ਲੋਕਾਂ ਦਾ ਉੱਥੇ ਖੜ੍ਹਨਾ ਵੀ ਮੁਸ਼ਕਲ ਹੋ ਰਿਹਾ ਹੈ। ਬੱਸ ਸਟੈਂਡ ਦੀ ਮਾੜੀ ਹਾਲਤ ਕਾਰਨ ਰੋਜ਼ਾਨਾ ਇੱਥੋਂ ਸਫ਼ਰ ਕਰਨ ਵਾਲੇ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਨਡਾਲਾ ਦੇ ਬੱਸ ਸਟੈਂਡ ਵਰਗੀ ਜਨਤਕ ਥਾਂ ਦੀ ਸਾਫ਼-ਸਫ਼ਾਈ ਤੇ ਬੁਨਿਆਦੀ ਸਹੂਲਤਾਂ ਵੱਲ ਧਿਆਨ ਦੇਣਾ ਬੇਹੱਦ ਜ਼ਰੂਰੀ ਹੈ। ਇਸ ਦੇ ਬਾਵਜੂਦ ਲੰਬੇ ਸਮੇਂ ਤੋਂ ਸਮੱਸਿਆਵਾਂ ਬਣੀਆਂ ਹੋਈਆਂ ਹਨ। ਲੋਕਾਂ ਨੇ ਸਬੰਧਤ ਵਿਭਾਗ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨਡਾਲਾ ਬੱਸ ਸਟੈਂਡ ਦੀ ਹਾਲਤ ਸੁਧਾਰਨ ਲਈ ਤੁਰੰਤ ਢੁੱਕਵੇਂ ਕਦਮ ਚੁੱਕੇ ਜਾਣ, ਸਫ਼ਾਈ ਦਾ ਪ੍ਰਬੰਧ ਕੀਤਾ ਜਾਵੇ ਤੇ ਮੁਸਾਫ਼ਰਾਂ ਦੇ ਬੈਠਣ ਲਈ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ, ਤਾਂ ਜੋ ਲੋਕਾਂ ਨੂੰ ਇਸ ਸਮੱਸਿਆ ਤੋਂ ਰਾਹਤ ਮਿਲ ਸਕੇ। ਇਲਾਕੇ ਦੇ ਲੋਕਾਂ ਨੇ ਕਿਹਾ ਕਿ ਇਹ ਬੱਸ ਸਟੈਂਡ ਪਿਛਲੇ ਕੁਝ ਸਮੇਂ ਤੋਂ ਤਿਆਰ ਹੋਣ ਲਈ ਸਰਕਾਰ ਪਾਸ ਪ੍ਰਪੋਜ਼ਲ ਭੇਜੀ ਗਈ ਸੀ ਪਰ ਅਜੇ ਤੱਕ ਵੀ ਇਸ ਬੱਸ ਸਟੈਂਡ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਗਿਆ ਜਦ ਕਿ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।