ਪਾਰਕਿੰਗ ਤੇ ਬੱਸਾਂ ਦੇ ਠਹਿਰਾਅ ਤੋਂ ਲੋਕ ਪ੍ਰੇਸ਼ਾਨ ਹਾਂਡਾ ਕੰਪਲੈਕਸ ਦੇ ਬਾਹਰ ਪਾਰਕਿੰਗ ਤੇ ਬੱਸਾਂ ਦੇ ਠਹਿਰਾਅ ਤੋਂ ਲੋਕ ਪ੍ਰੇਸ਼ਾਨ
Publish Date: Thu, 08 Oct 2026 09:16 PM (IST)
Updated Date: Thu, 08 Oct 2026 09:17 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਹਾਂਡਾ ਕੰਪਲੈਕਸ ਵੈੱਲਫੇਅਰ ਸੋਸਾਇਟੀ ਨੇ ਹਾਂਡਾ ਕੰਪਲੈਕਸ, ਜੀਟੀ ਰੋਡ ਫਗਵਾੜਾ ਦੇ ਬਾਹਰ ਬੇਤਰਤੀਬ ਪਾਰਕਿੰਗ ਤੇ ਨਿੱਜੀ ਤੇ ਸਰਕਾਰੀ ਬੱਸਾਂ ਦੇ ਖੜ੍ਹੇ ਰਹਿਣ ਕਾਰਨ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਮੁੱਦਾ ਉਠਾਇਆ ਹੈ। ਇਸ ਸਬੰਧੀ ਸੋਸਾਇਟੀ ਵੱਲੋਂ ਸਬੰਧਤ ਅਧਿਕਾਰੀਆਂ ਤੋਂ ਇਲਾਵਾ ਐੱਸਐੱਸਪੀ ਕਪੂਰਥਲਾ, ਡੀਆਈਜੀ ਜਲੰਧਰ ਰੇਂਜ, ਡੀਜੀਪੀ ਪੰਜਾਬ ਤੇ ਸੂਬੇ ਦੇ ਟਰਾਂਸਪੋਰਟ ਮੰਤਰੀ ਨੂੰ ਪੱਤਰ ਲਿਖ ਕੇ ਸਮੱਸਿਆ ਦਾ ਢੁਕਵਾਂ ਹੱਲ ਕਰਵਾਉਣ ਦੀ ਮੰਗ ਕੀਤੀ ਗਈ ਹੈ। ਸੋਸਾਇਟੀ ਦੇ ਪ੍ਰਧਾਨ ਯਸ਼ਪਾਲ ਅਟਵਾਲ, ਅਵਤਾਰ ਸਿੰਘ, ਸੁਰੇਸ਼ ਚੰਦਰ, ਅਮਰਜੀਤ ਸਿੰਘ ਆਦਿ ਨੇ ਦੱਸਿਆ ਕਿ ਹਾਂਡਾ ਕੰਪਲੈਕਸ ਦੇ ਬਾਹਰ ਜੀਟੀ ਰੋਡ ’ਤੇ ਵਾਹਨਾਂ ਤੇ ਸਰਕਾਰੀ ਬੱਸਾਂ ਦੇ ਖੜ੍ਹੇ ਰਹਿਣ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਇਸ ਕਾਰਨ ਹਾਂਡਾ ਕੰਪਲੈਕਸ ਵਿੱਚ ਰਹਿਣ ਵਾਲੇ ਲੋਕਾਂ ਤੋਂ ਇਲਾਵਾ ਇੱਥੇ ਆਉਣ-ਜਾਣ ਵਾਲੇ ਲੋਕਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸੋਸਾਇਟੀ ਅਹੁਦੇਦਾਰਾਂ ਨੇ ਕਿਹਾ ਕਿ ਸੜਕ ’ਤੇ ਵਾਹਨਾਂ ਦੀ ਭੀੜ ਤੇ ਬੇਤਰਤੀਬ ਪਾਰਕਿੰਗ ਕਾਰਨ ਲੋਕਾਂ ਨੂੰ ਆਪਣੇ ਵਾਹਨ ਕੱਢਣ ਅਤੇ ਆਵਾਜਾਈ ਕਰਨ ਵਿੱਚ ਮੁਸ਼ਕਲ ਆਉਂਦੀ ਹੈ। ਪੱਤਰ ਵਿੱਚ ਦੱਸਿਆ ਗਿਆ ਹੈ ਕਿ ਹਾਂਡਾ ਕੰਪਲੈਕਸ ਦੇ ਬਾਹਰ ਬੱਸਾਂ ਦੇ ਖੜ੍ਹੇ ਹੋਣ ਕਾਰਨ ਕਈ ਵਾਰ ਸੜਕ ’ਤੇ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਜਾਂਦੀ ਹੈ। ਇਸ ਦੇ ਨਾਲ ਹੀ ਕੰਪਲੈਕਸ ਦੇ ਆਸ-ਪਾਸ ਵਾਹਨਾਂ ਦੀ ਪਾਰਕਿੰਗ ਕਾਰਨ ਪਾਰਕਿੰਗ ਦੀ ਸਮੱਸਿਆ ਵੀ ਗੰਭੀਰ ਬਣੀ ਹੋਈ ਹੈ। ਸੋਸਾਇਟੀ ਨਿਵਾਸੀਆਂ ਦਾ ਕਹਿਣਾ ਹੈ ਕਿ ਇਸ ਸਥਿਤੀ ਕਾਰਨ ਬਜ਼ੁਰਗਾਂ, ਔਰਤਾਂ, ਸੜਕ ਤੋਂ ਲੰਘਣ ਵਾਲੇ ਵਿਦਿਆਰਥੀਆਂ ਤੇ ਹੋਰ ਰਾਹਗੀਰਾਂ ਨੂੰ ਵਿਸ਼ੇਸ਼ ਤੌਰ ’ਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਯਸ਼ਪਾਲ ਅਟਵਾਲ ਨੇ ਦੱਸਿਆ ਕਿ ਸੋਸਾਇਟੀ ਵੱਲੋਂ ਇਸ ਸਮੱਸਿਆ ਸਬੰਧੀ ਪਹਿਲਾਂ ਵੀ ਸਬੰਧਤ ਅਧਿਕਾਰੀਆਂ ਦੇ ਧਿਆਨ ਵਿੱਚ ਮਾਮਲਾ ਲਿਆਂਦਾ ਜਾ ਚੁੱਕਾ ਹੈ। ਉਨ੍ਹਾਂ ਮੰਗ ਕੀਤੀ ਕਿ ਹਾਂਡਾ ਕੰਪਲੈਕਸ ਦੇ ਬਾਹਰ ਬੱਸਾਂ ਦੇ ਠਹਿਰਾਅ ਤੇ ਵਾਹਨਾਂ ਦੀ ਪਾਰਕਿੰਗ ਲਈ ਉਚਿਤ ਪ੍ਰਬੰਧ ਕੀਤਾ ਜਾਵੇ, ਤਾਂ ਜੋ ਸੜਕ ’ਤੇ ਆਵਾਜਾਈ ਸੁਚਾਰੂ ਰਹੇ ਤੇ ਕੰਪਲੈਕਸ ਦੇ ਵਸਨੀਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।