ਜੰਗਲਾਤ ਵਿਭਾਗ ਦੀ ਜ਼ਮੀਨ ’ਤੇ ਨਾਜਾਇਜ਼ ਖੇਤੀ ਕਰਨ ਦੇ ਦੋਸ਼ ਜੈਨਪੁਰ ਨੇੜਲੀ ਜੰਗਲਾਤ ਵਿਭਾਗ ਦੀ ਜ਼ਮੀਨ ’ਤੇ ਨਾਜਾਇਜ਼ ਖੇਤੀ ਤੇ ਸਾਈਨ ਬੋਰਡ ਲਗਾਉਣ ਦੇ ਲੋਕਾਂ ਵੱਲੋਂ ਦੋਸ਼
Publish Date: Fri, 16 Oct 2026 09:24 PM (IST)
Updated Date: Fri, 16 Oct 2026 09:27 PM (IST)
ਪਿੰਡ ਰਣਧੀਰਪੁਰ ਨੇੜੇ ਸਿੰਘਾੜਿਆਂ ਤੇ ਪਿੰਡ ਡਡਵਿੰਡੀ ਨੇੜੇ ਝੋਨੇ ਦੀ ਖੇਤੀ ਕਰਨ ਦਾ ਮਾਮਲਾ ਆਇਆ ਸਾਹਮਣੇ ਡਡਵਿੰਡੀ ਬੱਸ ਅੱਡੇ ਨੇੜੇ ਨਿੱਜੀ ਸਕੂਲ ਦਾ ਸਾਈਨ ਬੋਰਡ ਲੱਗਣ ’ਤੇ ਵੀ ਉੱਠੇ ਸਵਾਲ ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਜੈਨਪੁਰ ਨੇੜਲੀ ਜੰਗਲਾਤ ਵਿਭਾਗ ਦੀ ਜ਼ਮੀਨ ’ਤੇ ਕਥਿਤ ਤੌਰ ’ਤੇ ਨਾਜਾਇਜ਼ ਕਬਜ਼ੇ ਕਰਕੇ ਸਿੰਘਾੜਿਆਂ ਦੀ ਖੇਤੀ ਤੇ ਝੋਨੇ ਦੀ ਫਸਲ ਦੀ ਖੇਤੀ ਕਰਨ ਤੇ ਸਾਈਨ ਬੋਰਡ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸਥਾਨਕ ਲੋਕਾਂ ਵੱਲੋਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਦੇ ਦੋਸ਼ ਲਗਾਏ ਜਾ ਰਹੇ ਹਨ। ਜਾਣਕਾਰੀ ਅਨੁਸਾਰ ਪਿੰਡ ਰਣਧੀਰਪੁਰ ਨੇੜੇ ਸੜਕ ਕਿਨਾਰੇ ਜੰਗਲਾਤ ਵਿਭਾਗ ਦੀ ਜ਼ਮੀਨ ’ਤੇ ਕਥਿਤ ਤੌਰ ’ਤੇ ਹਰ ਸਾਲ ਫ਼ਸਲਾਂ ਦੇ ਸੀਜ਼ਨ ਦੌਰਾਨ ਝੋਨੇ, ਕਣਕ ਤੇ ਸਿੰਘਾੜਿਆਂ ਦੀ ਖੇਤੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਪਿੰਡ ਡਡਵਿੰਡੀ ਦੇ ਬੱਸ ਅੱਡੇ ਨੇੜੇ ਇੱਕ ਨਿੱਜੀ ਸਕੂਲ ਦਾ ਸਾਈਨ ਬੋਰਡ ਵੀ ਜੰਗਲਾਤ ਵਿਭਾਗ ਦੀ ਜ਼ਮੀਨ ’ਤੇ ਲੱਗਿਆ ਹੋਇਆ ਹੈ। ਇਸ ਮਾਮਲੇ ਨੂੰ ਲੈ ਕੇ ਵਿਭਾਗ ਦੀ ਕਾਰਜਪ੍ਰਣਾਲੀ ’ਤੇ ਸਵਾਲ ਉੱਠ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਇਸ ਮਾਮਲੇ ਸਬੰਧੀ ਉੱਚ ਅਧਿਕਾਰੀਆਂ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਵੱਲੋਂ ਪੂਰੀ ਜਾਣਕਾਰੀ ਨਾ ਹੋਣ ਦੀ ਗੱਲ ਕਹੀ ਜਾਂਦੀ ਹੈ। ਇਸ ਕਾਰਨ ਲੋਕਾਂ ਵਿੱਚ ਇਹ ਸਵਾਲ ਪੈਦਾ ਹੋ ਰਿਹਾ ਹੈ ਕਿ ਜੇਕਰ ਵਿਭਾਗ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਹੋ ਰਹੇ ਹਨ ਤਾਂ ਉਨ੍ਹਾਂ ਨੂੰ ਰੋਕਣ ਲਈ ਸਮੇਂ ਸਿਰ ਕਾਰਵਾਈ ਕਿਉਂ ਨਹੀਂ ਕੀਤੀ ਗਈ। ਇਸ ਸਬੰਧੀ ਜਦੋਂ ਜੈਨਪੁਰ ਨੇੜਲੇ ਜੰਗਲਾਤ ਵਿਭਾਗ ਦੇ ਗਾਰਡ ਮਨਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਅਗਲੀ ਸਵੇਰ ਮੌਕੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਜਦੋਂ ਉਨ੍ਹਾਂ ਨੂੰ ਝੋਨੇ ਤੇ ਸਿੰਘਾੜਿਆਂ ਦੀ ਖੇਤੀ ਕਰਨ ਬਾਰੇ ਕਿਹਾ ਗਿਆ ਤਾਂ ਉਨ੍ਹਾਂ ਕਿਹਾ ਕਿ ਸਾਡੇ ਕੁਝ ਕੇਸ ਅਦਾਲਤ ਵਿੱਚ ਸੁਣਵਾਈ ਅਧੀਨ ਹਨ ਤੇ ਅਸੀਂ ਡੀਸੀ, ਐੱਸਡੀਐੱਮ ਤੇ ਤਹਿਸੀਲਦਾਰ ਨੂੰ ਲਿਖਤੀ ਰੂਪ ’ਚ ਦੱਸ ਦਿੱਤਾ ਹੈ ਤੇ ਜਦੋਂ ਸਾਰੀ ਕਾਰਵਾਈ ਮੁਕੰਮਲ ਹੋ ਜਾਵੇਗੀ ਤਾਂ ਅਸੀਂ ਵਣ ਵਿਭਾਗ ਦੀ ਜ਼ਮੀਨ ਉੱਤੇ ਹੋਏ ਕਬਜ਼ਿਆਂ ਨੂੰ ਹਟਾ ਕੇ ਉਥੇ ਬੂਟੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਵਣ ਵਿਭਾਗ ਦਾ ਤਕਰੀਬਨ 200 ਏਕੜ ਤੋਂ ਵੱਧ ਰਕਬਾ ਹੈ, ਜਿਸ ’ਤੇ ਕੁਝ ਲੋਕਾਂ ਵੱਲੋਂ ਪਹਿਲਾਂ ਤੋਂ ਹੀ ਕਬਜ਼ੇ ਕੀਤੇ ਗਏ ਹਨ।